ਚੋਣ ਅਾਬਜ਼ਰਵਰ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਕੇ ਚੋਣ ਪ੍ਰਕਿਰਿਆ ਦਾ ਲਿਆ ਜਾਇਜ਼ਾ

12/23/2018 6:02:06 AM

ਕਪੂਰਥਲਾ,   (ਜ. ਬ., ਗੁਰਵਿੰਦਰ ਕੌਰ)-   ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਕਪੂਰਥਲਾ ਲਈ ਨਿਯੁਕਤ ਕੀਤੇ ਗਏ ਅਾਬਜ਼ਰਵਰ ਦਵਿੰਦਰ ਸਿੰਘ ਨੇ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਚੱਲ ਰਹੀ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਚੋਣਾਂ ਲਈ ਨਿਰਧਾਰਤ ਪੋਲਿੰਗ ਬੂਥਾਂ ਦਾ ਮੁਆਇਨਾ ਕੀਤਾ ਤੇ ਉਥੇ ਬਿਜਲੀ, ਪਾਣੀ ਤੇ ਹੋਰਨਾਂ ਸਹੂਲਤਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਕਪੂਰਥਲਾ ਬਲਾਕ ਦੇ ਪਿੰਡ ਸੈਦੋਵਾਲ ਵਿਖੇ ਨਾਮਜ਼ਦਗੀ ਪੱਤਰਾਂ ਦੀ ਵਾਪਸੀ ਉਪਰੰਤ ਚੋਣ ਲਡ਼ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਵੰਡੇ ਜਾਣ ਦੇ ਕੰਮ ਦਾ ਵੀ ਨਿਰੀਖਣ ਕੀਤਾ। ਆਪਣੇ ਇਸ ਦੌਰੇ ਦੌਰਾਨ ਉਨ੍ਹਾਂ ਪਿੰਡ ਤਲਵੰਡੀ ਮਹਿਮਾ, ਰਜਾਪੁਰ, ਮਾਧੋ ਝੰਡਾ, ਆਰੀਆਂਵਾਲਾ, ਸੈਦੋਵਾਲ ਤੇ ਹੋਰਨਾਂ ਪਿੰਡਾਂ ਦੇ ਪੋਲਿੰਗ ਸਟੇਸ਼ਨਾਂ ’ਤੇ ਵੋਟਰਾਂ ਲਈ ਨਿਰਧਾਰਤ ਸਹੂਲਤਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡਾਂ ਦੇ ਵੋਟਰਾਂ ਨਾਲ ਰਾਬਤਾ ਕਰ ਕੇ ਉਨ੍ਹਾਂ ਕੋਲੋਂ ਪੰਚਾਇਤ ਚੋਣਾਂ ਸਬੰਧੀ ਪੇਸ਼ ਆਉਣ ਵਾਲੀਆਂ ਸੰਭਾਵੀ ਮੁਸ਼ਕਲਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਲੋਕਾਂ ਨੇ ਸਮੁੱਚੀ ਚੋਣ ਪ੍ਰਕਿਰਿਆ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲਾ ਚੋਣ ਅਫ਼ਸਰ ਅਵਤਾਰ ਸਿੰਘ ਭੁੱਲਰ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਬਿਕਰਮਜੀਤ ਸਿੰਘ, ਲਾਇਨਜ਼ ਅਫ਼ਸਰ ਕਰਮਜੀਤ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।