ਨਸ਼ੇ ਦੀ ਸਪਲਾਈ ਕਰਨ ਵਾਲੀ ਔਰਤ ਗ੍ਰਿਫਤਾਰ

04/24/2019 7:20:21 AM

ਕਪੂਰਥਲਾ, (ਭੂਸ਼ਣ)- ਸੀ. ਆਈ. ਏ. ਸਟਾਫ ਦੀ ਪੁਲਸ ਵੱਲੋਂ ਬੀਤੇ ਦਿਨੀਂ ਵੱਡੀ ਮਾਤਰਾ ’ਚ ਨਸ਼ੀਲੇ ਇੰਜੈਕਸ਼ਨਾਂ ਅਤੇ ਹੈਰੋਇਨ ਸਮੇਤ ਫਡ਼ੀ ਗਈ ਇਕ ਔਰਤ ਸਮੇਤ ਦੋਹਾਂ ਮੁਲਜ਼ਮਾਂ ਤੋਂ ਪੁਲਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿਛ ਦੌਰਾਨ ਜਿਥੇ ਸਨਸਨੀਖੇਜ਼ ਖੁਲਾਸੇ ਸਾਹਮਣੇ ਆਏ ਹਨ। ਉਥੇ ਹੀ ਮੁਲਜ਼ਮਾਂ ਨੂੰ ਨਸ਼ੇ ਦੀ ਸਪਲਾਈ ਕਰਨ ਵਾਲੀ ਇਕ ਅਜਿਹੀ ਮਹਿਲਾ ਸਮੱਗਲਰ ਨੂੰ 8 ਨਸ਼ੀਲੇ ਇੰਜੈਕਸ਼ਨਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਸ ਦੇ ਘਰ ’ਚੋਂ ਬੀਤੇ ਸਾਲ ਅੰਮ੍ਰਿਤਸਰ ਜ਼ਿਲੇ ਤੋਂ ਆਇਆ ਇਕ ਨੌਜਵਾਨ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਸੁਭਾਨਪੁਰ ਪੁਲਸ ਵੱਲੋਂ ਨਾਮਜ਼ਦ ਕੀਤੀ ਗਈ ਉਕਤ ਮੁਲਜ਼ਮ ਔਰਤ ਕਰੀਬ ਡੇਢ ਮਹੀਨਾ ਪਹਿਲਾਂ ਜ਼ਮਾਨਤ ’ਤੇ ਬਾਹਰ ਆਈ ਸੀ।

ਜ਼ਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਬੀਤੇ ਦਿਨੀਂ ਐੱਸ. ਪੀ. (ਡੀ.) ਹਰਪ੍ਰੀਤ ਸਿੰਘ ਮੰਡੇਰ ਅਤੇ ਐੱਸ. ਪੀ. ਨਾਰਕੋਟਿਕਸ ਮਨਪ੍ਰੀਤ ਸਿੰਘ ਢਿੱਲੋਂ ਦੀ ਨਿਗਰਾਨੀ ’ਚ 12 ਨਸ਼ੀਲੇ ਇੰਜੈਕਸ਼ਨਾਂ ਅਤੇ 7 ਗਰਾਮ ਹੈਰੋਇਨ ਸਮੇਤ ਜਗੀਰ ਕੌਰ ਉਰਫ ਬਿੱਲੋ ਪਤਨੀ ਕਿਸ਼ਨ ਸਿੰਘ ਵਾਸੀ ਪਿੰਡ ਲਖਨ ਖੋਲ੍ਹੇ ਥਾਣਾ ਸੁਭਾਨਪੁਰ ਅਤੇ ਰਾਕੇਸ਼ ਕੁਮਾਰ ਉਰਫ ਅਸ਼ੋਕ ਪੁੱਤਰ ਧੂਨੀ ਚੰਦ ਨਿਵਾਸੀ ਪਿੰਡ ਟਿੱਕਰ ਜ਼ਿਲਾ ਕਾਂਗਡ਼ਾ ਹਿਮਾਚਲ ਪ੍ਰਦੇਸ਼ ਹਾਲ ਵਾਸੀ ਪਿੰਡ ਕਾਨਪੁਰ ਥਾਣਾ ਮਕਸੂਦਾਂ ਜਲੰਧਰ ਨੂੰ ਗ੍ਰਿਫਤਾਰ ਕੀਤਾ ਸੀ। ਉਕਤ ਮੁਲਜ਼ਮਾਂ ਨੇ ਪੁਲਸ ਰਿਮਾਂਡ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਕੀਤੇ ਸਨ, ਜਿਸ ਦੌਰਾਨ ਪਿੰਡ ਡੋਗਰਾਂਵਾਲ ਨਾਲ ਸਬੰਧਤ ਇਕ ਮਹਿਲਾ ਸਮੱਗਲਰ ਗੁਰਬਚਨ ਕੌਰ ਉਰਫ ਬੱਪੀ ਪਤਨੀ ਸ਼ਿੰਗਾਰਾ ਸਿੰਘ ਵਾਸੀ ਪਿੰਡ ਡੋਗਰਾਂਵਾਲ ਦਾ ਨਾਮ ਸਾਹਮਣੇ ਆਇਆ ਸੀ, ਜੋ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਨਸ਼ੇ ਦੀ ਸਪਲਾਈ ਕਰ ਰਹੀ ਸੀ । ਜਿਸ ’ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਬਲਵਿੰਦਰਜੀਤ ਸਿੰਘ ਨੇ ਮਹਿਲਾ ਪੁਲਸ ਦੀ ਮਦਦ ਤੋਂ ਪਿੰਡ ਡੋਗਰਾਂਵਾਲ ’ਚ ਛਾਪਾਮਾਰੀ ਕਰ ਕੇ ਮੰਗਲਵਾਰ ਦੀ ਸਵੇਰੇ ਗੁਰਬਚਨ ਕੌਰ ਨੂੰ ਗ੍ਰਿਫਤਾਰ ਕਰ ਲਿਆ।

ਪੁੱਛਗਿਛ ਦੌਰਾਨ ਔਰਤ ਸਮੱਗਲਰ ਤੋਂ 8 ਨਸ਼ੀਲੇ ਇੰਜੈਕਸ਼ਨ ਬਰਾਮਦ ਹੋਏ।

ਮੁਲਜ਼ਮ ਔਰਤ ਦੇ ਘਰ ਹੋਈ ਸੀ ਨੌਜਵਾਨ ਦੀ ਮੌਤ

ਪੁਲਸ ਵੱਲੋਂ ਕੀਤੀ ਗਈ ਪੁੱਛਗਿਛ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਮੁਲਜ਼ਮ ਔਰਤ ਉੱਤਰ ਪ੍ਰਦੇਸ਼ ਦੇ ਕੁੱਝ ਸ਼ਹਿਰਾਂ ਤੋਂ ਨਸ਼ੀਲੇ ਇੰਜੈਕਸ਼ਨ ਲਿਆ ਕੇ ਵੇਚਦੀ ਹੈ ਅਤੇ ਲੰਬੇ ਸਮੇਂ ਤੋਂ ਇਸ ਧੰਦੇ ਨੂੰ ਅੰਜਾਮ ਦੇ ਰਹੀ ਹੈ। ਇਸ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਉਕਤ ਔਰਤ ਦੇ ਘਰ ’ਚ ਅੰਮ੍ਰਿਤਸਰ ਜ਼ਿਲੇ ਨਾਲ ਸਬੰਧਤ ਇਕ ਅਜਿਹੇ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਨੂੰ ਇਸ ਨੇ ਨਸ਼ੇ ਦੀ ਓਵਰਡੋਜ ਦੇ ਦਿੱਤੀ ਸੀ। ਇਸ ਪੂਰੇ ਮਾਮਲੇ ਨੂੰ ਲੈ ਕੇ ਸੁਭਾਨਪੁਰ ਪੁਲਸ ਨੇ ਉਕਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਹ 8 ਮਹੀਨੇ ਜੇਲ ਵਿਚ ਰਹਿ ਕੇ ਜ਼ਮਾਨਤ ’ਤੇ ਬਾਹਰ ਆਈ ਸੀ ਜ਼ਮਾਨਤ ਤੋਂ ਬਾਹਰ ਆਉਂਦੇ ਹੀ ਗੁਰਬਚਨ ਕੌਰ ਨੇ ਫਿਰ ਤੋਂ ਨਸ਼ੇ ਦੇ ਧੰਦੇ ਨੂੰ ਸ਼ੁਰੂ ਕਰ ਦਿੱਤਾ ।

ਮੰਗਲਵਾਰ ਤਕ ਪੁਲਸ ਰਿਮਾਂਡ ’ਤੇ ਭੇਜੀ ਗੁਰਬਚਨ ਕੌਰ

ਸੀ. ਆਈ. ਏ. ਸਟਾਫ ਦੀ ਪੁਲਸ ਵੱਲੋਂ ਗ੍ਰਿਫਤਾਰ ਕੀਤੀ ਗਈ ਮਹਿਲਾ ਸਮੱਗਲਰ ਗੁਰਬਚਨ ਕੌਰ ਨੂੰ ਸੀ. ਆਈ. ਏ. ਟੀਮ ਨੇ ਅਦਾਲਤ ਵਿੱਚ ਪੇਸ਼ ਕੀਤਾ, ਜਿਥੇ ਅਦਾਲਤ ਨੂੰ ਪੁਲਸ ਨੇ ਦਲੀਲ਼ ਦਿੱਤੀ ਕਿ ਮਹਿਲਾ ਤੋਂ ਪੁੱਛਗਿਛ ਦੌਰਾਨ ਉਸ ਨਾਲ ਜੁਡ਼ੇ ਲੋਕਾਂ ਦੇ ਸਬੰਧ ਵਿਚ ਜਾਣਕਾਰੀ ਹਾਸਲ ਕਰਣੀ ਹੈ, ਇਸ ਲਈ 3 ਦਿਨ ਦੇ ਪੁਲਸ ਰਿਮਾਂਡ ਦੀ ਲੋਡ਼ ਹੋਵੇਗੀ । ਜਿਸ ’ਤੇ ਅਦਾਲਤ ਨੇ ਗ੍ਰਿਫਤਾਰ ਔਰਤ ਨੂੰ ਬੁੱਧਵਾਰ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ।

Bharat Thapa

This news is Content Editor Bharat Thapa