ਸ਼ਹਿਰ ’ਚੋਂ ਲਗਾਤਾਰ ਦੂਜੇ ਦਿਨ ਵੀ ਨਹੀਂ ਚੁੱਕਿਆ ਕੂੜਾ, ਨਿਗਮ ਦੇ ਡਰਾਈਵਰਾਂ ਨੇ ਰੱਖੀ ਹੜਤਾਲ

07/29/2022 12:14:44 PM

ਜਲੰਧਰ (ਖੁਰਾਣਾ)– ਬੁੱਧਵਾਰ ਨੂੰ ਸ਼ਹਿਰ ਦੀਆਂ ਸੜਕਾਂ ’ਤੇ ਪਏ ਕੂੜੇ ਨੂੰ ਇਸ ਲਈ ਨਹੀਂ ਚੁੱਕਿਆ ਜਾ ਸਕਿਆ ਸੀ ਕਿਉਂਕਿ ਨਿਗਮ ਦੀਆਂ ਗੱਡੀਆਂ ਵਿਚ ਡੀਜ਼ਲ ਹੀ ਨਹੀਂ ਸੀ ਅਤੇ ਪੈਟਰੋਲ ਪੰਪ ਮਾਲਕ ਨੇ ਨਿਗਮ ਨੇ ਹੋਰ ਉਧਾਰ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਸੀ। ਬੁੱਧਵਾਰ ਸ਼ਾਮੀਂ ਨਿਗਮ ਨੇ ਥੋੜ੍ਹੇ-ਬਹੁਤ ਪੈਸੇ ਤਾਂ ਪੈਟਰੋਲ ਪੰਪ ਮਾਲਕ ਨੂੰ ਦੇ ਦਿੱਤੇ ਪਰ ਵੀਰਵਾਰ ਨੂੰ ਨਵੀਂ ਸਮੱਸਿਆ ਆਣ ਖੜ੍ਹੀ ਹੋਈ, ਜਦੋਂ ਨਿਗਮ ਦੇ ਡਰਾਈਵਰਾਂ ਨੇ ਅਚਾਨਕ ਹੜਤਾਲ ਕਰ ਦਿੱਤੀ ਅਤੇ ਸ਼ਹਿਰ ਦਾ ਕੂੜਾ ਹੀ ਨਹੀਂ ਚੁੱਕਿਆ। ਇਸ ਕਾਰਨ ਵੀਰਵਾਰ ਵੀ ਸਾਰਾ ਦਿਨ ਸ਼ਹਿਰ ਦੀਆਂ ਮੇਨ ਸੜਕਾਂ ’ਤੇ ਕੂੜੇ ਦੇ ਢੇਰ ਲੱਗੇ ਰਹੇ। ਨਿਗਮ ਦੀ ਡਰਾਈਵਰ ਯੂਨੀਅਨ ਦੇ ਮੁੱਖ ਸੇਵਾਦਾਰ ਮਨੀਸ਼ ਬਾਬਾ ਅਤੇ ਪ੍ਰਧਾਨ ਸ਼ੰਮੀ ਲੂਥਰ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਨਾਲ ਯੂਨੀਅਨ ਦੀਆਂ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ ਸੀ ਪਰ ਨਿਗਮ ਪ੍ਰਸ਼ਾਸਨ ਨੇ ਕੋਈ ਗੰਭੀਰਤਾ ਨਹੀਂ ਵਿਖਾਈ। ਉਨ੍ਹਾਂ ਕਿਹਾ ਕਿ 15-20 ਸਾਲਾਂ ਤੋਂ ਜਿਹੜੇ ਸਫ਼ਾਈ ਕਰਮਚਾਰੀ ਡਰਾਈਵਰ ਵਜੋਂ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਡਰਾਈਵਰ ਪ੍ਰਮੋਟ ਕਰਨ ਸਬੰਧੀ ਲਿਖਤੀ ਵਿਚ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।

ਇਸ ਕਾਰਨ ਸਾਰੇ ਡਰਾਈਵਰਾਂ ਵਿਚ ਰੋਸ ਹੈ ਅਤੇ ਉਨ੍ਹਾਂ ਗੱਡੀਆਂ ਚਲਾਉਣ ਤੋਂ ਮਨ੍ਹਾ ਕਰ ਦਿੱਤਾ। ਸ਼ਹਿਰ ਵਿਚ ਕੂੜੇ ਦੀ ਲਿਫਟਿੰਗ ਸਬੰਧੀ ਹੜਤਾਲ ਹੋ ਜਾਣ ਕਾਰਨ ਅੱਜ ਮਾਡਲ ਟਾਊਨ ਡੰਪ ਦੇ ਨਾਲ-ਨਾਲ ਮੱਛੀ ਮਾਰਕੀਟ ਡੰਪ ਪੂਰੀ ਤਰ੍ਹਾਂ ਭਰ ਗਿਆ ਅਤੇ ਪ੍ਰਤਾਪ ਬਾਗ ਵਿਚ ਤਾਂ ਸਭ ਤੋਂ ਜ਼ਿਆਦਾ ਗੰਦਾ ਦ੍ਰਿਸ਼ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਾਰੇ ਡੰਪ ਸਥਾਨਾਂ ’ਤੇ ਵੀ ਕੂੜੇ ਦੇ ਢੇਰ ਲੱਗੇ ਦੇਖੇ ਗਏ।

ਇਹ ਵੀ ਪੜ੍ਹੋ: ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਸਮੇਤ ਕੰਡਕਟਰ ਦੀ ਮੌਤ

ਪ੍ਰਤਾਪ ਬਾਗ ਆਨੰਦ ਮਾਰਕੀਟ ਨੇ ਜਤਾਇਆ ਰੋਸ

ਪ੍ਰਤਾਪ ਬਾਗ ਨੂੰ ਜਾਂਦੀ ਮੇਨ ਸੜਕ ’ਤੇ ਅੱਜ ਕਈ ਸੌ ਟਨ ਕੂੜਾ ਜਮ੍ਹਾ ਹੋ ਜਾਣ ਨਾਲ ਪੂਰੇ ਇਲਾਕੇ ਵਿਚ ਰੋਸ ਫੈਲ ਗਿਆ। ਆਨੰਦ ਮਾਰਕੀਟ ਦੇ ਪ੍ਰਤੀਨਿਧੀਆਂ ਪ੍ਰਧਾਨ ਮਹਿੰਦਰ ਠੁਕਰਾਲ, ਰਾਮ ਅਵਤਾਰ, ਰਣਜੀਤ, ਅੰਮ੍ਰਿਤਪਾਲ ਸਿੰਘ ਆਦਿ ਨੇ ਕਿਹਾ ਕਿ ਕੂੜੇ ਦੇ ਢੇਰ ਨੇ ਸਾਰਾ ਰਸਤਾ ਹੀ ਬੰਦ ਕਰ ਦਿੱਤਾ ਹੈ, ਜਿਸ ਨਾਲ ਇਲਾਕੇ ਵਿਚ ਬੀਮਾਰੀਆਂ ਫੈਲਣ ਦਾ ਡਰ ਹੈ।

ਕੂੜੇ ਦੇ ਢੇਰਾਂ ਨੇ ਸ਼ਹਿਰ ਦੀ ਸ਼ਕਲ ਹੀ ਵਿਗਾੜ ਦਿੱਤੀ : ਕੌਂਸਲਰ ਹੈਪੀ

ਵਾਰਡ ਨੰਬਰ 31 ਦੀ ਕਾਂਗਰਸੀ ਕੌਂਸਲਰ ਹਰਸ਼ਰਨ ਕੌਰ ਹੈਪੀ ਨੇ ਕੂੜੇ ਦੇ ਮਾਮਲੇ ਵਿਚ ਸ਼ਹਿਰ ਦੀ ਲਗਾਤਾਰ ਵਿਗੜ ਰਹੀ ਸਥਿਤੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਜਿਹੜਾ ਜਲੰਧਰ ਪੰਜਾਬ ਦਾ ਸਭ ਤੋਂ ਸੁੰਦਰ ਸ਼ਹਿਰ ਸੀ, ਕੂੜੇ ਦੇ ਢੇਰਾਂ ਨੇ ਉਸ ਦੀ ਸ਼ਕਲ ਹੀ ਵਿਗਾੜ ਕੇ ਰੱਖ ਦਿੱਤੀ ਹੈ। ਇਸ ਦਾ ਮੁੱਖ ਕਾਰਨ ਟੈਂਡਰ ਲਾਉਣ ਵਿਚ ਦੇਰੀ, ਸਫਾਈ ਸੇਵਕਾਂ ਦੀ ਘਾਟ ਅਤੇ ਸਮੇਂ ’ਤੇ ਮਸ਼ੀਨਰੀ ਆਦਿ ਨਾ ਖ਼ਰੀਦਣਾ ਹੈ। ਉਨ੍ਹਾਂ ਕਿਹਾ ਕਿ ਅੱਜ ਸ਼ਹਿਰ ਦੇ ਸੀਵਰਾਂ ਦੀ ਸਫ਼ਾਈ ਦਾ ਕੰਮ ਵੀ ਬੰਦ ਪਿਆ ਹੈ। ਪਹਿਲਾਂ ਹਰ ਬਰਸਾਤ ਤੋਂ ਪਹਿਲਾਂ ਕੌਂਸਲਰਾਂ ਨੂੰ ਵਾਧੂ ਸਫਾਈ ਕਰਮਚਾਰੀ ਦਿੱਤੇ ਜਾਂਦੇ ਸਨ ਪਰ ਇਸ ਵਾਰ ਅਜਿਹਾ ਕੁਝ ਨਹੀਂ ਕੀਤਾ ਗਿਆ। ਕੌਂਸਲਰ ਹੈਪੀ ਨੇ ਕਿਹਾ ਕਿ ਅੱਜ ਮਾਡਲ ਟਾਊਨ ਡੰਪ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਅਤੇ ਬਦਬੂ ਦੇ ਕਾਰਨ ਨੇੜਿਓਂ ਲੰਘਣਾ ਤੱਕ ਮੁਸ਼ਕਿਲ ਹੈ। ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਚਾਹੀਦਾ ਹੈ ਕਿ ਉਹ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਅਤੇ ਸ਼ਹਿਰ ਵਿਚ ਮਹਾਮਾਰੀ ਤੋਂ ਫੈਲਣ ਤੋਂ ਬਚਾਉਣ।

ਇਹ ਵੀ ਪੜ੍ਹੋ: ਅੰਮ੍ਰਿਤਸਰ ਵਿਖੇ ਐਡੀਸ਼ਨਲ SHO ਨਰਿੰਦਰ ਸਿੰਘ ਗ੍ਰਿਫ਼ਤਾਰ, ਲੁਧਿਆਣਾ ਬਲਾਸਟ ਮਾਮਲੇ ਨਾਲ ਜੁੜੇ ਤਾਰ

PunjabKesari

ਨਿਗਮ ਯੂਨੀਅਨਾਂ ਅਤੇ ਕਮਿਸ਼ਨਰ ’ਚ ਟਕਰਾਅ ਦੇ ਆਸਾਰ ਬਣੇ

ਹੜਤਾਲ ’ਤੇ ਰਹੀ ਨਿਗਮ ਦੀ ਡਰਾਈਵਰ ਯੂਨੀਅਨ ਦੇ ਕੁਝ ਅਹੁਦੇਦਾਰਾਂ ਨੇ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਸਾਹਮਣੇ ਆਪਣੀਆਂ ਮੰਗਾਂ ਰੱਖੀਆਂ ਪਰ ਕਮਿਸ਼ਨਰ ਨੇ ਉਨ੍ਹਾਂ ਨੂੰ ਬਾਅਦ ਦੁਪਹਿਰ ਮੀਟਿੰਗ ਕਰਨ ਦਾ ਸਮਾਂ ਦਿੱਤਾ। ਜਦੋਂ ਦੁਪਹਿਰ ਨੂੰ ਯੂਨੀਅਨ ਆਗੂ ਉਥੇ ਪਹੁੰਚੇ ਤਾਂ ਕਮਿਸ਼ਨਰ ਕਿਸੇ ਦੂਜੀ ਮੀਟਿੰਗ ਵਿਚ ਰੁੱਝੇ ਹੋਏ ਸਨ। ਅਜਿਹੇ ਵਿਚ ਇਕ ਵੱਖ ਮਾਮਲੇ ਵਿਚ ਨਿਗਮ ਯੂਨੀਅਨ ਆਗੂ ਚੰਦਨ ਗਰੇਵਾਲ ਵੀ ਉਥੇ ਆਪਣੇ ਸਾਥੀਆਂ ਸਮੇਤ ਮੌਜੂਦ ਸਨ। ਸਾਰੇ ਯੂਨੀਅਨ ਆਗੂ ਕਮਿਸ਼ਨਰ ਨੂੰ ਮਿਲਣਾ ਚਾਹੁੰਦੇ ਸਨ ਪਰ ਇਕ-ਡੇਢ ਘੰਟਾ ਇੰਤਜ਼ਾਰ ਤੋਂ ਬਾਅਦ ਜਦੋਂ ਕਮਿਸ਼ਨਰ ਮੀਟਿੰਗ ਰੂਮ ਵਿਚੋਂ ਬਾਹਰ ਨਾ ਨਿਕਲੇ ਤਾਂ ਚੰਦਨ ਗਰੇਵਾਲ ਨੇ ਮੀਟਿੰਗ ਰੂਮ ਦਾ ਦਰਵਾਜ਼ਾ ਖੋਲ੍ਹ ਕੇ ਕਮਿਸ਼ਨਰ ਨਾਲ ਯੂਨੀਅਨ ਆਗੂਆਂ ਨੂੰ ਮਿਲਣ ਲਈ ਕਿਹਾ। ਕਮਿਸ਼ਨਰ ਦਾ ਕਹਿਣਾ ਸੀ ਕਿ ਉਹ ਯੂਨੀਅਨ ਦੀਆਂ ਮੰਗਾਂ ਨੂੰ ਆਪਣੇ ਪੱਧਰ ’ਤੇ ਮੰਨਣ ਦੀ ਹਾਲਤ ਵਿਚ ਨਹੀਂ ਹਨ ਉਨ੍ਹਾਂ ਨੂੰ ਉਪਰ ਗੱਲ ਕਰਨੀ ਹੋਵੇਗੀ। ਅਜਿਹੇ ਵਿਚ ਨਿਗਮ ਯੂਨੀਅਨ ਆਗੂ ਕਮਿਸ਼ਨਰ ਨਾਲ ਨਾਰਾਜ਼ ਹੋ ਕੇ ਨਿਗਮ ਵਿਚੋਂ ਚਲੇ ਆਏ ਅਤੇ ਸਾਫ਼ ਕਿਹਾ ਕਿ ਹੁਣ ਸਾਫ਼-ਸਫ਼ਾਈ ਦੇ ਮਾਮਲੇ ਵਿਚ ਕਮਿਸ਼ਨਰ ਨੂੰ ਹੀ ਯੂਨੀਅਨ ਕੋਲ ਆਉਣਾ ਪਵੇਗਾ।

ਇਹ ਵੀ ਪੜ੍ਹੋ: ਵਿਦੇਸ਼ਾਂ ’ਚ ‘ਰੱਖੜੀ’ ਭੇਜਣੀ ਭੈਣਾਂ ਲਈ ਹੋਵੇਗੀ ਸੌਖੀ, ਡਾਕ ਮਹਿਕਮੇ ਨੇ ਕੀਤੀਆਂ ਇਹ ਤਿਆਰੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News