ਟ੍ਰੈਫਿਕ ਕੰਟਰੋਲ ਕਰਨ ਲਈ ਵਿਭਾਗ ਨੇ ਕੱਢਿਆ ਨਵਾਂ ਫਾਰਮੂਲਾ, ਅਦਾਲਤਾਂ ਦੇ ਚੱਕਰ ਕੱਟਣ ਲੱਗੇ ਦੁਕਾਨਦਾਰ

05/03/2022 3:30:00 PM

ਜਲੰਧਰ (ਖੁਰਾਣਾ) : ਸ਼ਹਿਰ ਦੀਆਂ ਸੜਕਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਸ਼ਹਿਰ ਦਾ ਟ੍ਰੈਫਿਕ ਪ੍ਰਭਾਵਿਤ ਹੋ ਰਿਹਾ ਹੈ। ਅਜਿਹੇ ਕਬਜ਼ਿਆਂ ਨੂੰ ਹਟਾਉਣ ਬਾਰੇ ਜਦੋਂ ਵੀ ਮੁਹਿੰਮ ਚਲਾਈ ਜਾਂਦੀ ਹੈ, ਉਦੋਂ ਸੱਤਾ ਧਿਰ ਦੇ ਆਗੂ ਇਸ ਮੁਹਿੰਮ ਵਿਚ ਅੜਿੱਕਾ ਬਣਦੇ ਹਨ, ਜਿਸ ਕਾਰਨ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਨਵਾਂ ਫਾਰਮੂਲਾ ਕੱਢਿਆ ਹੈ। ਹੁਣ ਤਹਿਬਾਜ਼ਾਰੀ ਦੇ ਕਰਮਚਾਰੀ ਅਤੇ ਅਧਿਕਾਰੀ ਦੂਰੋਂ ਹੀ ਅਸਥਾਈ ਕਬਜ਼ਿਆਂ ਦੀ ਤਸਵੀਰ ਖਿੱਚ ਕੇ ਸਿੱਧਾ ਚਲਾਨ ਅਦਾਲਤ ਨੂੰ ਹੀ ਭੇਜ ਦਿੰਦੇ ਹਨ, ਜਿਥੋਂ ਸਬੰਧਤ ਦੁਕਾਨਦਾਰ ਨੂੰ ਸੰਮਨ ਹੀ ਪ੍ਰਾਪਤ ਹੁੰਦੇ ਹਨ ਅਤੇ ਉਸ ਨੂੰ ਉਦੋਂ ਹੀ ਪਤਾ ਲੱਗਦਾ ਹੈ ਕਿ ਤਹਿਬਾਜ਼ਾਰੀ ਵਾਲੇ ਉਸਦਾ ਚਲਾਨ ਕੱਟ ਚੁੱਕੇ ਹਨ।

ਇਹ ਵੀ ਪੜ੍ਹੋ: ਚਰਚਾ ਦਾ ਵਿਸ਼ਾ ਬਣਿਆ ਜਲੰਧਰ ਦੇ ਥਾਣੇ 'ਚ ਹੋਇਆ ਵਿਆਹ, ਪੁਲਸ ਵਾਲੇ ਬਣੇ ਗਵਾਹ

ਤਹਿਬਾਜ਼ਾਰੀ ਵਿਭਾਗ ਨੇ ਹੁਣ ਇਹ ਫਾਰਮੂਲਾ ਵੀ ਬਣਾਇਆ ਹੈ ਕਿ ਜਿਸ ਵੀ ਦੁਕਾਨ ਦੇ ਅੱਗੇ ਸੜਕ ’ਤੇ ਕਬਜ਼ਾ ਕਰ ਕੇ ਰੇਹੜੀ-ਖੋਖਾ ਆਦਿ ਲੱਗਾ ਹੋਵੇਗਾ, ਚਲਾਨ ਉਸ ਦੁਕਾਨਦਾਰ ਦਾ ਕੱਟਿਆ ਜਾਵੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਨਿਗਮ ਦਾ ਵੀ ਮੰਨਣਾ ਹੈ ਕਿ ਦੁਕਾਨਦਾਰ ਸੜਕਾਂ ’ਤੇ ਰੇਹੜੀ ਆਦਿ ਲਾਉਣ ਲਈ ਉਨ੍ਹਾਂ ਕੋਲੋਂ ਪੈਸੇ ਵਸੂਲਦੇ ਹਨ। ਬੀਤੇ ਦਿਨ ਨਗਰ ਨਿਗਮ ਦੀ ਟੀਮ ਨੇ ਨਵੀਂ ਕਚਹਿਰੀ ਚੌਕ, ਡੀ. ਸੀ. ਆਫ਼ਿਸ ਦੇ ਆਲੇ-ਦੁਆਲੇ ਅਤੇ ਰਾਮਾ ਮੰਡੀ ਇਲਾਕੇ ਵਿਚ ਕੁੱਲ 62 ਚਲਾਨ ਕੱਟੇ, ਜਿਨ੍ਹਾਂ ਨੂੰ ਸਿੱਧਾ ਅਦਾਲਤ ਵਿਚ ਭੇਜ ਦਿੱਤਾ ਗਿਆ ਅਤੇ ਕਈ ਦੁਕਾਨਦਾਰਾਂ ਨੂੰ ਤਾਂ ਪਤਾ ਤੱਕ ਨਹੀਂ ਲੱਗਾ ਕਿ ਉਨ੍ਹਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ:  ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਦੇਸ਼ ਨੂੰ ਜੋੜਣ ਦਾ ਸਾਧਨ ਬਣ ਸਕਦੀ ਹੈ

ਸ਼ਹਿਰ ਦੇ ਦਰਜਨਾਂ ਦੁਕਾਨਦਾਰ ਅਦਾਲਤਾਂ ਦੇ ਚੱਕਰ ਕੱਟਣ ਲੱਗੇ
ਇਨ੍ਹੀਂ ਦਿਨੀਂ ਸ਼ਹਿਰ ਦੇ ਦਰਜਨਾਂ ਦੁਕਾਨਦਾਰ ਅਦਾਲਤਾਂ ਦੇ ਚੱਕਰ ਕੱਟਣ ਵਿਚ ਲੱਗੇ ਹੋਏ ਹਨ। ਜ਼ਿਕਰਯੋਗ ਹੈ ਕਿ ਨਿਗਮ ਨੇ ਪਿਛਲੇ ਕੁਝ ਹਫ਼ਤਿਆਂ ਤੋਂ ਤਹਿਬਾਜ਼ਾਰੀ ਦੇ ਚਲਾਨ ਅਦਾਲਤਾਂ ਵਿਚ ਭੇਜਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਜਿਥੋਂ ਕਈ ਸੰਮਨ ਦੁਕਾਨਦਾਰਾਂ ਨੂੰ ਭੇਜੇ ਜਾ ਚੁੱਕੇ ਹਨ। ਕਈ ਦੁਕਾਨਦਾਰਾਂ ਨੇ ਤਾਂ ਚਲਾਨ ਭੁਗਤਣ ਲਈ ਵਕੀਲਾਂ ਅਤੇ ਕੁਝ ਏਜੰਟਾਂ ਦੀਆਂ ਸੇਵਾਵਾਂ ਤੱਕ ਲਈਆਂ ਹਨ। ਆਉਣ ਵਾਲੇ ਦਿਨਾਂ ਵਿਚ ਅਦਾਲਤੀ ਸੰਮਨ ਰਿਸੀਵ ਹੋਣ ਦਾ ਸਿਲਸਿਲਾ ਹੋਰ ਤੇਜ਼ ਹੋ ਸਕਦਾ ਹੈ।

ਨੋਟ:  ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ


Harnek Seechewal

Content Editor

Related News