ਪ੍ਰਭਾਵਿਤ ਕਿਸਾਨਾਂ ਨੇ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਾਉਣ ’ਤੇ ਮੁਆਵਜ਼ੇ ਦੀ ਕੀਤੀ ਮੰਗ

07/22/2022 4:31:03 PM

ਟਾਂਡਾ ਉੜਮੁੜ (ਪਰਮਜੀਤ ਸਿੰਘ  ਮੋਮੀ)- ਟਾਂਡਾ ਇਲਾਕੇ ’ਚ ਬੀਤੀ ਰਾਤ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਬੇਟ ਖ਼ੇਤਰ ਅਧੀਨ ਆਉਂਦੇ ਪਿੰਡ ਫਿਰੋਜ਼, ਰੌਲੀਆਂ, ਨੱਥੂਪੁਰ, ਮੁੰਨਣਾ ਇਬਰਾਹੀਮਪੁਰ  ਤੇ ਹੋਰਨਾਂ ਪਿੰਡਾਂ ਜੇ ਕਿਸਾਨਾਂ ਦੀ ਕਰੀਬ 100 ਏਕੜ ਤੋਂ ਵੱਧ  ਝੋਨੇ ਦੀ ਫ਼ਸਲ ਬਰਸਾਤੀ ਪਾਣੀ ’ਚ ਡੁੱਬ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਪ੍ਰਭਾਵਤ ਕਿਸਾਨ ਮਨਦੀਪ ਸਿੰਘ ਮੰਗਾ, ਨਰਿੰਦਰ ਸਿੰਘ, ਰਵਿੰਦਰ ਸਿੰਘ ,ਜਸਵੀਰ ਸਿੰਘ, ਜੋਗਿੰਦਰ ਸਿੰਘ ਸਾਧੂ ਸਿੰਘ, ਜਸਬੀਰ ਸਿੰਘ ਰੋਲੀਆਂ ਤੇ ਹੋਰਨਾਂ ਕਿਸਾਨਾਂ ਨੇ ਦੱਸਿਆ ਕਿ  ਪਿੰਡ ਪ੍ਰੇਮਪੁਰ  ਕਾਲੀ ਵੇਈਂ ’ਤੇ ਸਥਿਤ ਪੁਲ ਦੀ ਉਸਾਰੀ ਦੇ ਚੱਲਦਿਆਂ  ਅਤੇ ਨਿਕਾਸੀ  ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ  ਕਿਸਾਨਾਂ  ਨੂੰ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਵੀ ਪੜ੍ਹੋ- ਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਕੋਲ ਲਿਖੇ ਖਾਲਿਸਤਾਨ ਪੱਖੀ ਨਾਅਰੇ

ਇਸ ਦੇ ਚੱਲਦਿਆਂ  ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਣ ਦਾ ਖ਼ਦਸ਼ਾ ਹੈ । ਪ੍ਰਭਾਵਿਤ ਕਿਸਾਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਜੇਕਰ ਸਰਕਾਰ ਨੇ ਸਮਾਂ ਰਹਿੰਦਿਆਂ  ਪੁਲ ਦੀ ਉਸਾਰੀ ਦਾ ਕੰਮ ਨੇਪਰੇ ਚਾੜ੍ਹਿਆ ਹੁੰਦਾ ਅਤੇ ਨਿਕਾਸੀ ਨਾਲਿਆਂ ਦੀ ਸਫ਼ਾਈ ਸੰਬੰਧਤ ਵਿਭਾਗ ਕੋਲੋਂ ਕਰਵਾਈ ਹੁੰਦੀ ਤਾਂ  ਉਨ੍ਹਾਂ ਨੂੰ ਅੱਜ ਇਨ੍ਹਾਂ ਹਾਲਾਤਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਸੀ। ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ  ਨਿਕਾਸੀ ਨਾਲਿਆਂ ਦੀ ਸਫ਼ਾਈ ਕਰਵਾਉਣ ਅਤੇ  ਫ਼ਸਲ ਡੁੱਬ ਜਾਣ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਜਾਰੀ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਬਿਕਰਮ ਮਜੀਠੀਆ ਦਾ ਕੇਸ ਨਵੀਂ ਬੈਂਚ ਨੂੰ ਰੈਫ਼ਰ, 29 ਜੁਲਾਈ ਨੂੰ ਹੋਵੇਗੀ ਸੁਣਵਾਈ

ਇਸ ਸਮੱਸਿਆ ਸਬੰਧੀ ਜਦੋਂ ਹਲਕਾ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ  ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ’ਚ  ਪ੍ਰਸ਼ਾਸਨ ਨੂੰ ਨਾਲ ਲੈ ਕੇ ਪ੍ਰਭਾਵਤ ਖ਼ੇਤਰ  ਦਾ ਦੌਰਾ ਕਰਦਿਆਂ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਜਾਨਣਗੇ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਢੁੱਕਵੀਂ ਕਾਰਵਾਈ ਕਰਨ ਲਈ ਕਹਿਣਗੇ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha