ਅੱਤਵਾਦੀ ਫੈਜ਼ਲ ਬਸ਼ੀਰ ਨੇ ਖੁਦ ਨੂੰ ਬੀਮਾਰ ਦੱਸ ਕੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੀਤੀ ਕੋਸ਼ਿਸ਼

11/09/2018 5:42:32 AM

ਜਲੰਧਰ,   (ਸ਼ੋਰੀ)–  ਪੁਲਸ ਕਮਿਸ਼ਨਰੇਟ  ਵਲੋਂ ਗ੍ਰਿਫਤਾਰ ਕੀਤੇ ਗਏ ਥਾਣਾ ਮਕਸੂਦਾਂ ਬੰਬ ਕਾਂਡ ਵਿਚ ਅੱਤਵਾਦੀ ਜਿਥੇ ਅਜੇ ਪੁਲਸ ਦੀ ਪੁੱਛਗਿਛ ਵਿਚ ਫਸੇ ਹੋਏ ਹਨ, ਉਥੇ ਹੀ ਦੂਜੇ ਪਾਸੇ ਅੱਤਵਾਦੀ ਫੈਜ਼ਲ ਬਸ਼ੀਰ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਅਤੇ ਥਾਣਾ ਸਦਰ ਵਿਚ ਪੁਲਸ ਨੂੰ ਕਿਹਾ ਕਿ ਉਸ ਨੂੰ ਘਬਰਾਹਟ ਹੋ ਰਹੀ ਹੈ ਅਤੇ ਦਿਲ ਵਿਚ ਦਰਦ ਹੋਣ ਦੇ ਨਾਲ-ਨਾਲ ਕਮਜ਼ੋਰੀ ਮਹਿਸੂਸ ਹੋ ਰਹੀ ਹੈ।
 ਪੁਲਸ ਕਰਮਚਾਰੀਆਂ ਨੇ ਇਹ ਸੁਣਦੇ ਹੀ ਆਪਣੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਅਧਿਕਾਰੀਆਂ ਦੇ ਆਦੇਸ਼ਾਂ ਕਾਰਨ ਫੈਜ਼ਲ ਬਸ਼ੀਰ ਨੂੰ ਥਾਣਾ ਸਦਰ ਵਿਚ ਤਾਇਨਾਤ ਇੰਸ. ਬਿਮਲ ਕਾਂਤ ਅਤੇ ਥਾਣਾ 1 ਵਿਚ ਤਾਇਨਾਤ ਇੰਸ. ਕੁਲਵੰਤ ਸਿੰਘ ਫੈਜ਼ਲ ਨੂੰ ਚੈੱਕਅਪ ਲਈ ਸਿਵਲ ਹਸਪਤਾਲ ਲੈ ਕੇ ਪਹੁੰਚੇ। 
ਸੁਰੱਖਿਆ ਦੇ ਲਿਹਾਜ਼ ਨਾਲ ਪੁਲਸ ਨੇ ਅੱਤਵਾਦੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਰੱਖਣ ਦੀ ਜਗ੍ਹਾ ਹਸਪਤਾਲ ਦੀ ਦੂਜੀ ਮੰਜ਼ਿਲ ਸਥਿਤ ਕੈਦੀ ਵਾਰਡ ਵਿਚ ਰੱਖਿਆ। ਮਾਮਲਾ ਸੰਵੇਦਨਸ਼ੀਲ ਹੋਣ  ਕਾਰਨ ਹਸਪਤਾਲ ਵਿਚ ਦੇਰ ਰਾਤ ਐੱਸ. ਐੱਮ. ਓ. ਡਾ. ਕਸ਼ਮੀਰੀ ਲਾਲ ਵੀ ਪਹੁੰਚੇ ਅਤੇ ਅੱਤਵਾਦੀ ਦੀ ਈ. ਸੀ. ਜੀ. ਕਰਵਾਈ ਪਰ ਈ. ਸੀ. ਜੀ. ਬਿਲਕੁਲ ਠੀਕ ਹੋਣ  ਕਾਰਨ ਡਾਕਟਰਾਂ ਨੂੰ ਪਤਾ ਲੱਗਾ ਕਿ ਅੱਤਵਾਦੀ ਨੂੰ ਕਿਸੇ ਤਰ੍ਹਾਂ ਦੀ ਵੀ ਬੀਮਾਰੀ ਨਹੀਂ ਹੈ ਅਤੇ ਡਾਕਟਰਾਂ ਨੇ ਅੱਤਵਾਦੀ ਦੀ ਚਲਾਕੀ ਨੂੰ ਫੇਲ ਕਰਦੇ ਹੋਏ ਪੁਲਸ ਵਾਲਿਆਂ ਨੂੰ ਉਸ ਨੂੰ ਵਾਪਸ ਆਪਣੀ ਕਸਟਡੀ ਵਿਚ ਲਿਜਾਣ ਨੂੰ ਕਿਹਾ ਅਤੇ ਡਾਕਟਰਾਂ ਨੇ ਸਾਫ ਤੌਰ ’ਤੇ ਕਿਹਾ ਕਿ ਅੱਤਵਾਦੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਹੈ। ਹਾਲਾਂਕਿ ਹਸਪਤਾਲ ਵਿਚ ਮੌਕੇ ’ਤੇ ਡਪੀ. (ਇਨਵੈਸਟੀਗੇਸ਼ਨ) ਗੁਰਮੀਤ ਸਿੰਘ ਅਤੇ ਏ. ਸੀ. ਪੀ. ਨਾਰਥ ਨਵਨੀਤ ਸਿੰਘ ਮਾਹਲ ਨੇ ਵੀ ਡਾਕਟਰਾਂ ਨਾਲ ਅੱਤਵਾਦੀ ਵਲੋਂ ਦੱਸੀ ਗਈ  ਮੁਸ਼ਕਿਲ ਬਾਰੇ ਗੱਲਬਾਤ ਕੀਤੀ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ। ਦੇਰ ਰਾਤ ਫੈਜ਼ਲ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਕਿਉਂਕਿ ਉਸ ਦੀ  ਓ. ਪੀ. ਡੀ. ਪਰਚੀ ’ਤੇ ਹੀ ਉਸ ਦਾ ਇਲਾਜ ਹੋ ਰਿਹਾ ਸੀ। 
ਸਾਨੂੰ ਜੇਹਾਦ ਨਾਲ ਹੀ ਮਿਲੇਗਾ ਕਸ਼ਮੀਰ
ਉਥੇ ਹੀ ਅੱਤਵਾਦੀ ਦੀ ਸੁਰੱਖਿਆ ਵਿਚ ਤਾਇਨਾਤ ਇਕ ਪੁਲਸ ਕਰਮਚਾਰੀ ਜੋ ਕਿ ਸਿਵਲ ਹਸਪਤਾਲ ਵਿਚ ਮੌਜੂਦ ਸੀ, ਨੇ ਦੱਸਿਆ  ਕਿ  ਉਨ੍ਹਾਂ ਨੇ ਅੱਤਵਾਦੀ ਤੋਂ ਪੁੱਛਿਆ ਕਿ ਉਹ ਭਾਰਤ ਵਿਚ ਰਹਿ ਕੇ ਭਾਰਤ ਨਾਲ ਹੀ ਕਿਉਂ ਬਗਾਵਤ ਕਰ ਰਹੇ ਹਨ ਤਾਂ ਅੱਤਵਾਦੀ ਨੇ ਜਵਾਬ ਦਿੱਤਾ ਕਿ ਕਸ਼ਮੀਰ ਦੀ ਆਜ਼ਾਦੀ ਲਈ ਉਹ ਹਰ ਇਕ ਕੋਸ਼ਿਸ਼ ਕਰਨਗੇ ਅਤੇ ਜਾਨ ਤੱਕ ਵਾਰ ਦੇਣਗੇ। ਪੁਲਸ ਕਰਮਚਾਰੀ ਨੇ ਅੱਤਵਾਦੀ ਨੂੰ ਸਮਝਾਇਆ  ਕਿ ਇਸ ਤਰ੍ਹਾਂ ਦੀਆਂ ਗੱਲਾਂ  ਕਰਨ ਦਾ ਕੋਈ  ਫਾਇਦਾ ਨਹੀਂ ਕਿਉਂਕਿ ਅੱਤਵਾਦੀ ਉਸ ਨੂੰ ਗਲਤ ਕਹਿ ਕੇ ਉਸ ਦਾ ਇਸਤੇਮਾਲ ਨੌਜਵਾਨ ਪੀੜ੍ਹੀ ਨੂੰ ਗਲਤ ਰਸਤੇ ’ਤੇ ਧਕੇਲਣ ਲਈ ਕਰ ਰਹੇ ਹਨ ਤਾਂ ਫੈਜ਼ਲ ਇਹ ਸੁਣ ਕੇ ਚੁੱਪ ਹੋ ਗਿਆ। ਇਕ ਹੋਰ ਪੁਲਸ ਕਰਮਚਾਰੀ ਨੇ ਦੱਸਿਆ  ਕਿ ਕੁਝ ਦਿਨ ਪਹਿਲਾਂ ਅੱਤਵਾਦੀ ਰਫੀਕ ਭੱਟ ਵੀ ਸਿਵਲ ਹਸਪਤਾਲ ਦੇ ਕੈਦੀ ਵਾਰਡ ਵਿਚ ਦਾਖਲ ਹੋ ਕੇ ਠੀਕ-ਠਾਕ ਵਾਪਸ ਘਰ ਜਾ ਚੁੱਕਾ ਹੈ। 
ਸ਼ੱਕ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਸ਼ਾਇਦ ਅੱਤਵਾਦੀ ਫੈਜ਼ਲ ਜਾਣਬੁੱਝ ਕੇ ਹਸਪਤਾਲ ਵਿਚ ਦਾਖਲ ਤਾਂ ਨਹੀਂ ਹੋਣਾ ਚਾਹੁੰਦਾ ਸੀ ਕਿਉਂਕਿ ਸ਼ਾਇਦ ਉਸ ਦੇ ਸਾਥੀ ਹਸਪਤਾਲ ਦੀ ਰੇਕੀ ਕਰ ਚੁੱਕੇ ਹੋਣਗੇ ਅਤੇ ਪੁਲਸ ਦੀ ਕਸਟਡੀ ਤੋਂ ਬਚਣ ਲਈ  ਪੁਲਸ ’ਤੇ ਹਮਲਾ ਕਰ ਕੇ ਫੈਜ਼ਲ ਨੂੰ ਵਾਪਸ ਲਿਜਾਇਆ ਜਾ ਸਕੇ। 
 


Related News