ਪਵਿੱਤਰ ਨਗਰੀ ’ਚ ਮੋਟਰਸਾਈਕਲ  ਚੋਰਾਂ ਦੀ ਦਹਿਸ਼ਤ, ਲੋਕ ਪ੍ਰੇਸ਼ਾਨ

12/26/2018 5:52:08 AM

ਸੁਲਤਾਨਪੁਰ ਲੋਧੀ,   (ਸੋਢੀ)-  ਇਕ ਪਾਸੇ  ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਵਤਾਰ ਪੁਰਬ ਮੌਕੇ ਸੰਗਤਾਂ ਦੀ ਸਰੁੱਖਿਆ ਲਈ ਪੁਲਸ ਵੱਲੋਂ ਵੱਡੇ ਪ੍ਰਬੰਧ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਦੂਜੇ ਪਾਸੇ 2018 ਸਾਲ ਦੇ ਅੰਤਿਮ ਦਿਨਾਂ ’ਚ ਵੱਡੀ ਗਿਣਤੀ ’ਚ ਗੁਰਦੁਆਰਾ ਸਾਹਿਬ  ਮੱਥਾ ਟੇਕਣ ਆਈਆਂ ਸੰਗਤਾਂ ਦੇ ਮੋਟਰਸਾਈਕਲ ਚੋਰੀ ਹੋਣ ਦੀਆਂ ਖਬਰਾਂ ਕਾਰਨ ਸੰਗਤਾਂ ’ਚ ਭਾਰੀ ਨਿਰਾਸ਼ਾ ਹੈ।
 ਕੁਝ ਅਰਸਾ ਪਹਿਲਾਂ ਸੁਲਤਾਨਪੁਰ ਲੋਧੀ ਪੁਲਸ ਵਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ ’ਤੇ ਗੁਰਦੁਆਰਾ ਸਾਹਿਬ ਮੁੂਹਰੇ ਕੈਮਰੇ ਲਗਾ ਕੇ ਇਹ ਦਾਅਵਾ ਕੀਤਾ ਗਿਆ ਸੀ ਕਿ ਹੁਣ ਕੋਈ ਵੀ ਵਾਹਨ  ਚੋਰੀ ਕਰਨ ਵਾਲਾ ਤੁਰੰਤ ਫਡ਼ਿਆ ਜਾਵੇਗਾ ਕਿਉਂਕਿ ਪੁਲਸ ਵੱਲੋਂ ਕੈਮਰਿਆਂ ਰਾਹੀਂ ਚੋਰ ਗਿਰੋਹ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਪਰ ਹੋ ਉਸਦੇ ਉਲਟ ਰਿਹਾ ਹੈ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਕਥਾ ਵਾਚਕ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸਦਾ  ਮੋਟਰਸਾਈਕਲ ਗੁਰਦੁਆਰਾ ਸਾਹਿਬ ’ਚੋਂ ਉਸ ਵੇਲੇ ਚੋਰੀ ਹੋ ਗਿਆ, ਜਦ ਉਹ ਦਰਬਾਰ ’ਚ ਕਥਾ ਕਰ ਰਹੇ ਸਨ। ਇਸੇ ਹੀ ਤਰ੍ਹਾਂ ਅੱਜ ਗੁਰਦੁਆਰਾ ਸ੍ਰੀ ਬੇਰ ਸਾਹਿਬ ਪੁੱਜੇ ਸ਼ਰਧਾਲੂ ਜਸਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਪਿੰਡ ਭੋਇਪੁਰ (ਧਰਮਕੋਟ) ਨੇ ਦੱਸਿਆ ਕਿ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਆਪਣਾ ਮੋਟਰਸਾਈਕਲ ਬਾਹਰ ਖਡ਼੍ਹਾ ਕਰ ਕੇ ਅੰਦਰ ਦਰਬਾਰ ਸਾਹਿਬ ਗਏ ਤੇ ਜਦ ਦਰਸ਼ਨ ਕਰਕੇ ਵਾਪਿਸ ਆਏ ਤਾਂ ਚੋਰ ਗਿਰੋਹ ਵਲੋਂ ਉਸਦਾ ਮੋਟਰਸਾਈਕਲ ਵੀ ਚੋਰੀ ਕੀਤਾ ਜਾ ਚੁੱਕਾ ਸੀ। ਇਸ ਸਮੇਂ ਉਨ੍ਹਾਂ ਨਾਲ ਸਮਾਜ ਸੇਵੀ ਵਿਨੋਦ ਕੁਮਾਰ ਕਨੌਜੀਆ ਤੇ ਗੁਰਦੀਪ ਸਿੰਘ ਤਲਵੰਡੀ ਚੌਧਰੀਆਂ ਨੇ ਗੁਰਦੁਆਰਾ ਬੇਰ ਸਾਹਿਬ ਦੇ ਪ੍ਰਬੰਧਕਾਂ ਨੂੰ ਸਾਰੀ ਜਾਣਕਾਰੀ ਦਿੱਤੀ ਤੇ ਥਾਣਾ ਸੁਲਤਾਨਪੁਰ ਲੋਧੀ ਕੋਲ ਵੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਆਪਣੇ ਲਗਾਏ ਸੀ. ਸੀ. ਟੀ. ਵੀ. ਰਾਹੀਂ ਇਕ ਸ਼ਾਤਰ ਨੌਜਵਾਨ ਨੂੰ ਮੋਟਰਸਾਈਕਲ ਚੋਰੀ ਕਰਦੇ ਦੇਖਿਆ ਹੈ, ਜਿਸ ਦੇ ਨਾਲ ਇਕ ਬੱਚਾ ਚੁੱਕੀ ਅੌਰਤ ਵੀ ਦਿਖਾਈ ਦੇ ਰਹੀ ਹੈ। ਸ਼ਰਧਾਲੂਆਂ ਨੇ ਮਾਮਲੇ ਦੀ ਪਡ਼ਤਾਲ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮੱਸਿਆ ਮੇਲੇ ’ਤੇ ਕਈ ਮੋਟਰਸਾਈਕਲ ਚੋਰੀ ਹੋਣ ਦੀ ਖਬਰ ਹੈ ।