ਕਰੰਟ ਲੱਗਣ ਨਾਲ ਆਰਜ਼ੀ ਲਾਈਨਮੈਨ ਦੀ ਮੌਤ

01/05/2020 1:15:30 AM

ਮੁਕੇਰੀਆਂ, (ਨਾਗਲਾ)- ਸਥਾਨਕ ਰੇਲਵੇ ਰੋਡ ’ਤੇ ਸਥਿਤ ਐੱਸ. ਪੀ. ਐੱਨ. ਕਾਲਜ ਗੇਟ ਨਜ਼ਦੀਕ ਬਿਜਲੀ ਦੀ 11 ਹਜ਼ਾਰ ਕੇ. ਵੀ. ਲਾਈਨ ਸ਼ਿਫਟ ਕਰਨ ਲਈ ਖੰਭੇ ’ਤੇ ਚਡ਼੍ਹੇ ਇਕ ਮਜ਼ਦੂਰ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਸਰਵਣ ਸਿੰਘ ਨਿਵਾਸੀ ਸੂਰਾਪੁਰ ਪੁਲਸ ਸਟੇਸ਼ਨ ਤੇ ਤਹਿਸੀਲ ਅਜਨਾਲਾ (ਅੰਮ੍ਰਿਤਸਰ) ਬੀਤੇ ਲੰਮੇ ਸਮੇਂ ਤੋਂ ਪੀ. ਪੀ. ਕੰਪਨੀ ਬਠਿੰਡਾ ਵਿਖੇ ਆਰਜ਼ੀ (ਕੱਚੇ ਮੁਲਾਜ਼ਮ ਦੇ ਰੂਪ ’ਚ) ਲਾਈਨਮੈਨ ਵਜੋਂ ਕੰਮ ਕਰਦਾ ਸੀ। ਅੱਜ ਸਵੇਰੇ ਲਗਭਗ 10.15 ਵਜੇ ਕੰਮ ਲਈ ਉਹ ਖੰਭੇ ’ਤੇ ਚਡ਼੍ਹਿਆ ਤਾਂ ਕਰੰਟ ਲੱਗਣ ਨਾਲ ਥੱਲੇ ਡਿੱਗ ਪਿਆ। ਉਸ ਨੂੰ ਤੁਰੰਤ ਸਥਾਨਕ ਚੈਰੀਟੇਬਲ ਹਸਪਤਾਲ ਵਿਖੇ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਸੁਪਰਵਾਈਜ਼ਰ ਸੰਦੀਪ ਸਿੰਘ ਨੇ ਦੱਸਿਆ ਉਸ ਨੇ ਫੋਨ ’ਤੇ ਹੀ ਪਿੱਛੋਂ ਬਿਜਲੀ ਬੰਦ ਕਰਵਾਈ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕ ’ਤੇ ਪਹੁੰਚੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਦੇ ਪ੍ਰਧਾਨ ਕਾਮਰੇਡ ਵਿਜੇ ਕੁਮਾਰ ਨੇ ਕਿਹਾ ਕਿ ਇਹ ਹਾਦਸਾ ਇੰਡੀਅਨ ਗਵਰਨਮੈਂਟ ਵੱਲੋਂ ਜਾਰੀ ਸੇਫਟੀ ਹਦਾਇਤਾਂ ਦਾ ਪਾਲਣ ਨਾ ਕਰਨ ਸਦਕਾ ਹੋਇਆ ਹੈ। ਕਿਸੇ ਵੀ ਕਰਮਚਾਰੀ ਦੇ ਖੰਭੇ ’ਤੇ ਚਡ਼੍ਹਨ ਤੋਂ ਪਹਿਲਾਂ ਬਿਜਲੀ ਬੰਦ ਹੋਣ ਦਾ ਪਰਮਿਟ ਹੱਥ ’ਚ ਹੋਣਾ ਜ਼ਰੂਰੀ ਹੈ ਪਰ ਇਹ ਹਾਦਸਾ ਮੌਖਿਕ ਤੌਰ ’ਤੇ ਆਦੇਸ਼ ਲੈਣ ਕਾਰਣ ਹੋਇਆ ਹੈ। ਵਰਤੀ ਗਈ ਲਾਪ੍ਰਵਾਹੀ ਨਾਲ ਇਕ ਗਰੀਬ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਪਿੱਛੇ ਗਰਭਵਤੀ ਪਤਨੀ ਛੱਡ ਗਿਆ ਹੈ, ਜਿਸ ਦੀ ਡਿਲਵਰੀ ਵੀ ਇਸੇ ਹਫਤੇ ਹੋਣੀ ਸੀ। ਕਾਮਰੇਡ ਵਿਜੇ ਕੁਮਾਰ ਨੇ ਵਰਕਮੈਨ ਕੰਪਨਸੇਸ਼ਨ ਐਕਟ ਅਧੀਨ ਤੁਰੰਤ 5 ਲੱਖ ਰੁਪਏ ਦੀ ਗ੍ਰੈਚੁਇਟੀ ਅਤੇ 10 ਲੱਖ ਰੁਪਏ ਮੁਆਵਜ਼ਾ ਪੀਡ਼ਤ ਪਰਿਵਾਰ ਨੂੰ ਦੇਣ ਦੀ ਮੰਗ ਕਰਦਿਆਂ ਦੋਸ਼ੀ ਅਧਿਕਾਰੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਇਸ ਸਬੰਧੀ ਜਦੋਂ ਐੱਸ. ਡੀ. ਓ. ਹਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਨੂੰ ਇਕ ਹਾਦਸਾ ਦੱਸਦਿਆਂ ਕਿਹਾ ਕਿ ਬਿਜਲੀ ਬੰਦ ਸਬੰਧੀ ਪਰਮਿਟ ਲੈ ਲਿਆ ਗਿਆ ਸੀ ਅਤੇ ਹਾਦਸੇ ਮੌਕੇ ਬਿਜਲੀ ਬੰਦ ਸੀ।


Bharat Thapa

Content Editor

Related News