ਕਿਸਾਨ ਖੇਤੀ ਮਾਹਿਰਾਂ ਨਾਲ ਟੈਲੀਫੋਨ ਰਾਹੀਂ ਸਲਾਹ ਤੇ ਸਹੂਲਤਾਂ ਬਾਰੇ ਜਾਣਕਾਰੀ ਲੈਣ: ਡਾ. ਸੁਰਿੰਦਰ ਸਿੰਘ

04/07/2020 5:08:39 PM

ਜਲੰਧਰ(ਨਰੇਸ਼ ਗੁਲਾਟੀ)-ਖੇਤੀਬਾੜੀ ਵਿਭਾਗ ਵੱਲੋ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਕਿ ਕੋਰੋਨਾਵਾਇਰਸ ਕਰਕੇ ਜਾਰੀ ਗਾਈਡਲਾਈਨ ਅਨੁਸਾਰ ਉਹ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨਾਲ ਟੈਲੀਫੋਨ ਤੇ ਰਾਬਤਾ ਕਾਇਮ ਕਰਦੇ ਹੋਏ ਤਕਨੀਕੀ ਸਲਾਹ ਅਤੇ ਮਹਿਕਮੇ ਦੀਆਂ ਸਹੂਲਤਾਂ ਆਦਿ ਬਾਰੇ ਜਾਣਕਾਰੀਆਂ ਪ੍ਰਾਪਤ ਕਰਨ। ਖੇਤੀਬਾੜੀ ਵਿਭਾਗ ਜਲੰਧਰ ਵੱਲੋਂ ਕਣਕ ਦੀ ਵਾਢੀ ਲਈ ਲੋੜੀਦੇ ਪ੍ਰਬੰਧਾਂ ਅਤੇ ਉਪਰੰਤ ਕਰਨਯੋਗ ਖੇਤੀ ਦੇ ਕੰਮਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਗੱਲ ਦਾ ਪ੍ਰਗਟਾਵਾ ਡਾ. ਸੁਰਿੰਦਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਕੀਤਾ ਹੈ।ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਲੰਧਰ ਵੱਲੋ ਕਿਸਾਨਾਂ ਨੂੰ ਜਾਰੀ ਐਡਵਾਇਜ਼ਰੀ 'ਚ ਕਿਹਾ ਹੈ ਕਿ ਉਹ ਖੇਤੀ ਦੇ ਕਰਨਯੋਗ ਕੰਮਾਂ ਆਦਿ ਲਈ https://epasscovid19.pais.net.in/ 'ਤੇ ਕਰਫਿਊ ਪਾਸ ਲਈ ਆਨਲਾਈਨ ਅਪਲਾਈ ਕਰ ਸਕਦੇ ਹਨ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਜਿਲ੍ਹਾ ਜਲੰਧਰ 'ਚ ਕਣਕ ਹੇਠ ਤਕਰੀਬਨ 4.25 ਲੱਖ ਏਕੜ ਰਕਬਾ ਹੈ ਅਤੇ ਜ਼ਿਲੇ 'ਚ ਕਣਕ ਦੀ ਵਾਢੀ 15 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਡਾ. ਸੁਰਿੰਦਰ ਸਿੰਘ ਨੇ ਅੱਗੇ ਕਿਹਾ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਕੰਬਾਇਨ ਹਾਰਵੈਸਟਰ ਮਸ਼ੀਨਾਂ ਨੂੰ ਚਲਾਉਣ ਲਈ ਜਿਲੇ ਅੰਦਰ ਕਰਫਿਊ ਦੌਰਾਨ ਇਹਨਾਂ ਦੀ ਆਵਾਜਾਈ 'ਤੇ ਰੋਕ ਨਹੀ ਲਗਾਈ ਹੈ, ਤਾਂ ਜੋ ਇਹਨਾਂ ਕੰਬਾਇਨਾਂ ਦੇ ਰਾਹੀਂ ਕਣਕ ਦੀ ਵਾਢੀ ਦਾ ਕੰਮ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ। ਜ਼ਿਲੇ 'ਚ ਲਗਭਗ 800 ਕੰਬਾਇਨ ਹਾਰਵੈਸਟਰਾਂ ਲਈ ਲੋੜੀਦੀ ਰਿਪੇਅਰ, ਸਪੇਅਰ ਪਾਰਟਸ ਆਦਿ ਦੇ ਕੰਮਾਂ ਲਈ ਵਰਕਸ਼ਾਪਾਂ ਵੀ ਆਨਲਾਈਨ ਕਰਫਿਊ ਪਾਸ ਦੀ ਪ੍ਰਕਿਰਿਆ ਅਪਣਾਉਂਦੇ ਹੋਏ ਕਰਫਿਊ ਪਾਸ ਪ੍ਰਾਪਤ ਕਰ ਸਕਦੇ ਹਨ। ਉਹਨਾਂ ਕਿਸਾਨਾਂ ਵੀਰਾਂ ਨੂੰ ਕਣਕ ਦੀ ਪੱਕੀ ਫਸਲ ਨੂੰ ਹਾਦਸਿਆ ਤੋਂ ਬਚਾਉਣ ਲਈ ਸੁਚੇਤ ਹੁੰਦੇ ਹੋਏ ਅਤੇ ਕਣਕ ਦੀ ਵਾਢੀ ਤੋਂ ਬਾਅਦ ਦਾਣਿਆਂ ਦੀ ਸੁੱਚਜੀ ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆ ਕਿਹਾ ਹੈ ਕਿ ਉਹ ਕਣਕ ਦੀ ਵਾਢੀ ਤੋਂ ਬਾਅਦ ਕਣਕ ਦੀ ਨਾੜ ਤੋਂ ਤੂੜੀ ਬਣਾਉਣ ਉਪਰੰਤ ਖਾਲੀ ਖੇਤਾਂ 'ਚ ਮੂੰਗੀ ਜਾ ਢਾਂਚੇ ਦੀ ਕਾਸ਼ਤ ਕਰਨ ।ਇਸ ਨਾਲ ਹੋਰ ਫਾਇਦਿਆਂ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵੀ ਸੁਧਾਰ ਹੁੰਦਾ ਹੈ।
-ਸੰਪਰਕ ਅਫਸਰ
-ਦਫਤਰ ਮੁੱਖ ਖੇਤੀਬਾੜੀ ਅਫਸਰ

Iqbalkaur

This news is Content Editor Iqbalkaur