ਅਧਿਆਪਕ ਨੇ ਵਿਦਿਆਰਥੀਆਂ ਨਾਲ ਕੀਤੀਆਂ ਅਸ਼ਲੀਲ ਹਰਕਤਾਂ

12/02/2019 5:16:41 PM

ਗੁਰਾਇਆ (ਜ.ਬ.)— ਇਥੋਂ ਦੇ ਇਕ ਸਰਕਾਰੀ ਪ੍ਰਾਇਮਰੀ ਸਕੂਲ 'ਚ ਅੰਡਰ ਟ੍ਰੇਨਿੰਗ 'ਤੇ ਆਏ ਇਕ ਅਧਿਆਪਕ ਵੱਲੋਂ ਵਿਦਿਆਰਥੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਸਰਕਾਰੀ ਪ੍ਰਾਇਮਰੀ ਸਕੂਲ ਦੇ ਇਕ ਅੰਡਰ ਟਰੇਨਿੰਗ ਦੌਰਾਨ ਪਹਿਲੇ ਹੀ ਦਿਨ ਸਕੂਲ ਆਏ ਅਧਿਆਪਕ ਵੱਲੋਂ ਘਟੀਆ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਰੋਸ 'ਚ ਉਸ ਨੂੰ ਪਿੰਡ ਵਾਸੀਆਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਅਤੇ ਥਾਣੇ 'ਚ ਜਾ ਕੇ ਮੁਆਫੀ ਮੰਗ ਕੇ ਆਪਣੀ ਜਾਨ ਛੁਡਵਾਉਣੀ ਪਈ। ਇਹ ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। 

ਜਾਣਕਾਰੀ ਮੁਤਾਬਕ ਗੁਰਾਇਆ ਦੇ ਇਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਥਾਣਾ ਨੂਰਮਹਿਲ ਦੇ ਇਕ ਪਿੰਡ ਦੇ ਰਹਿਣ ਵਾਲੇ ਅਧਿਆਪਕ ਦੀ ਅੰਡਰ ਟ੍ਰੇਨਿੰਗ ਡਿਊਟੀ ਲੱਗੀ ਸੀ, ਜਿਸ ਵੱਲੋਂ ਉਥੇ ਵਿਦਿਆਰਥੀਆਂ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸਨ, ਜਿਸ ਬਾਰੇ 'ਚ ਕੁਝ ਬੱਚਿਆਂ ਨੇ ਘਰ ਜਾ ਕੇ ਇਸ ਦੀ ਸੂਚਨਾ ਦਿੱਤੀ ਤਾਂ ਪਿੰਡ ਵਾਸੀ ਇਕੱਠੇ ਹੋ ਕੇ ਸਕੂਲ ਆ ਪਹੁੰਚੇ ਅਤੇ ਗੁਰਾਇਆ ਪੁਲਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਅਤੇ ਪੁਲਸ ਨੇ ਜਿਵੇਂ-ਤਿਵੇਂ ਉਕਤ ਅਧਿਆਪਕ ਨੂੰ ਪਿੰਡ ਵਾਸੀਆਂ ਦੇ ਗੁੱਸੇ ਤੋਂ ਬਚਾ ਕੇ ਥਾਣੇ ਲਿਆਂਦਾ।

ਇਸ ਸਬੰਧੀ ਐੱਸ. ਐੱਚ. ਓ. ਗੁਰਾਇਆ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਦੇਰ ਸ਼ਾਮ ਨੂੰ ਉਕਤ ਅਧਿਆਪਕ ਨੇ ਪਿੰਡ ਦੀ ਪੰਚਾਇਤ ਦੇ ਆਉਣ 'ਤੇ ਲਿਖਤੀ ਤੌਰ 'ਤੇ ਆਪਣੀ ਗਲਤੀ ਪਿੰਡ ਦੀ ਪੰਚਾਇਤ ਅਤੇ ਪਰਿਵਾਰਕ ਮੈਂਬਰਾਂ ਤੋਂ ਮੰਨੀ, ਜਿਸ ਤੋਂ ਬਾਅਦ ਦੋਵਾਂ ਪੱਖਾਂ 'ਚ ਸਮਝੌਤਾ ਹੋ ਗਿਆ।


shivani attri

Content Editor

Related News