ਅਧਿਆਪਕਾਂ ਵਲੋਂ ''ਪੜ੍ਹੋ ਪੰਜਾਬ, ਪੜਾਓ ਪੰਜਾਬ'' ਦਾ ਬਾਈਕਾਟ

02/22/2019 8:31:16 PM

ਭਲੱਥ, (ਰਜਿੰਦਰ)- ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ 'ਤੇ ਬਲਾਕ ਭੁਲੱਥ ਦੀ ਅਧਿਆਪਕ ਸੰਘਰਸ਼ ਕਮੇਟੀ ਵਲੋਂ ਸ਼ੁਕੱਰਵਾਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਪ੍ਰਾਜੈਕਟ 'ਪੜ੍ਹੋ ਪੰਜਾਬ, ਪੜਾਓ ਪੰਜਾਬ' ਦਾ ਬਾਈਕਾਟ ਕਰਦਿਆਂ ਭੁਲੱਥ ਦੇ ਥਾਣੇ ਵਾਲੇ ਚੌਂਕ 'ਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ  ਭੁਲੱਥ ਦੇ ਦਫਤਰ ਬਾਹਰ ਵੱਡੀ ਗਿਣਤੀ ਅਧਿਆਪਕ ਇਕੱਠੇ ਹੋਏ। ਇਸ ਰੋਸ ਮਾਰਚ ਦੌਰਾਨ ਅਧਿਆਪਕਾਂ ਨੇ ਕ੍ਰਿਸ਼ਨ ਕੁਮਾਰ ਦੀ ਅਰਥੀ ਨੂੰ ਮੋਢਿਆ 'ਤੇ ਚੁੱਕਿਆ ਹੋਇਆ ਸੀ। ਥਾਣੇ ਵਾਲੇ ਚੌਂਕ 'ਚ ਪੁੱਜਦੇ ਸਾਰ ਹੀ ਅਧਿਆਪਕਾਂ ਵਲੋਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪਿੱਟ ਸਿਆਪਾ ਕਰਦਿਆਂ ਉਸ ਦੀ ਅਰਥੀ ਫੂਕੀ ਗਈ। ਇਸ ਤੋਂ ਪਹਿਲਾਂ ਅਧਿਆਪਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅਧਿਆਪਕ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਫਰਮਾਨਾਂ ਨੂੰ ਤੁਗਲਕੀ ਦਸਦਿਆਂ ਅਜਿਹੇ ਫਰਮਾਨਾਂ ਦੀ ਨਿੰਦਾ ਕੀਤੀ ਤੇ ਅਜਿਹੇ ਫਰਮਾਨ ਵਾਪਸ ਲੈਣ ਦੀ ਅਪੀਲ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕਿਸੇ ਵੀ ਸਕੂਲ 'ਚ 'ਪੜ੍ਹੋ ਪੰਜਾਬ, ਪੜਾਓ ਪੰਜਾਬ' ਸੰਬੰਧੀ ਟੈਸਟਿੰਗ ਕਰਨ ਆਈਆਂ ਟੀਮਾਂ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਤੇ ਟੈਸਟਿੰਗ ਨਹੀਂ ਕਰਨ ਦਿੱਤੀ ਜਾਵੇਗੀ। ਅਧਿਆਪਕ ਆਗੂਆਂ ਨੇ ਕਿਹਾ ਕਿ ਬੱਚਿਆਂ ਨਾਲ ਬਹੁਤ ਖਿਲਵਾੜ ਹੋ ਰਿਹਾ ਹੈ, ਨਾ ਤਾਂ ਕੋਈ ਵਰਦੀ ਤੇ ਨਾ ਹੀ ਵਜੀਫਾ ਦਿੱਤਾ ਗਿਆ ਹੈ। ਜੇਕਰ ਕੋਈ ਸਿੱਖਿਆ ਅਧਿਕਾਰੀ ਕਿਸੇ ਨੂੰ ਪ੍ਰੇਸ਼ਾਨ ਕਰੇਗਾ ਤਾਂ ਉਸ ਦਾ ਵੀ ਘੇਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਾ ਕੋਈ ਡੀ.ਏ. ਦੀ ਕਿਸ਼ਤ ਦਿੱਤੀ ਗਈ ਹੈ। ਸੈਂਕੜੇ ਮੁਲਾਜਮ ਅੱਠ ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ ਬੈਠੇ ਹਨ। ਪੇ ਕਮਿਸ਼ਨ ਦੀ ਰਿਪੋਰਟ ਦਾ ਕੋਈ ਪਤਾ ਨਹੀਂ ਹੈ। ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਪਰ ਉਹ ਵੀ ਇੱਕ ਲਾਰਾ ਹੀ ਰਿਹਾ ਹੈ। ਇਸ ਲਈ ਸਾਡੀ ਮੰਗ ਹੈ ਕਿ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ, 8 ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਰਿਲੀਜ਼ ਕੀਤੀਆਂ ਜਾਣ ਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅਧਿਆਪਕ ਸਾਥੀ ਸੜਕਾਂ 'ਤੇ ਉਤਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪ੍ਰਮੋਦ ਸ਼ਰਮਾ, ਗੁਰਦੇਵ ਸਿੰਘ, ਜਬਰਜੰਗ ਸਿੰਘ, ਸਰਤਾਜ ਸਿੰਘ ਚੀਮਾ, ਵਪਨ ਕੁਮਾਰ, ਰੋਸ਼ਨ ਲਾਲ, ਰਜਿੰਦਰ ਸ਼ਰਮਾ, ਬਲਵਿੰਦਰ ਮਸੀਹ, ਡੈਨੀਅਰ ਮਸੀਹ, ਅਮਿਤ ਭਾਰਦਵਾਜ ਆਦਿ ਹਾਜ਼ਰ ਸਨ।

KamalJeet Singh

This news is Content Editor KamalJeet Singh