ਸਿੱਖਿਆ ਸਕੱਤਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਵਿਰੋਧ ''ਚ ਅਧਿਆਪਕਾਂ ਨੇ ਕੀਤੀ ਨਾਅਰੇਬਾਜ਼ੀ

02/29/2020 6:42:01 PM

ਸੁਲਤਾਨਪੁਰ ਲੋਧੀ (ਧੀਰ)— ਸਿੱਖਿਆ ਸਕੱਤਰ ਸਕੂਲਜ਼ ਵੱਲੋਂ ਬੀਤੇ ਦਿਨੀਂ ਪ੍ਰਿੰਸੀਪਲ ਅਤੇ ਹੈੱਡ ਮਾਸਟਰ ਦੀ ਸਿੱਧੀ ਭਰਤੀ ਲਈ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਵਿਰੋਧ 'ਚ ਮਾਸਟਰ ਕੇਡਰ ਯੂਨੀਅਨ ਅਤੇ ਹੋਰ ਅਧਿਆਪਕ ਜਥੇਬੰਦੀਆਂ ਨੇ ਰੋਸ ਵਜੋਂ ਸਿੱਖਿਆ ਸਕੱਤਰ ਦੇ ਵਿਰੁੱਧ ਨਾਅਰੇਬਾਜ਼ੀ ਕਰਦੇ ਰੋਸ ਜ਼ਾਹਿਰ ਕੀਤਾ।

ਇਸ ਮੌਕੇ ਅਧਿਆਪਕ ਆਗੂ ਨਰੇਸ਼ ਕੋਹਲੀ ਨੇ ਕਿਹਾ ਕਿ ਨੋਟੀਫਿਕੇਸ਼ਨ ਰਾਹੀਂ ਹੈੱਡਮਾਸਟਰ ਦੀ ਸਿੱਧੀ ਭਰਤੀ ਲਈ ਜੋ 55 ਫੀਸਦੀ ਅੰਕ ਗ੍ਰੈਜੂਏਸ਼ਨ 'ਚੋਂ ਹੋਣਾ ਲਾਜ਼ਮੀ ਰੱਖੇ ਗਏ ਹਨ, ਉਮਰ ਹੱਦ ਤਕ 37 ਸਾਲ ਜਨਰਲ ਵਰਗ ਅਤੇ 42 ਸਾਲ ਅਨੁਸੂਚਿਤ ਵਰਗ ਵਾਸਤੇ ਰੱਖੀ ਗਈ ਹੈ, ਜੋ ਕਿ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਕੱਤਰ ਵੱਲੋਂ ਪਹਿਲਾਂ ਦਸੰਬਰ 2019 'ਚ 154 ਪ੍ਰਿੰਸੀਪਲ ਤੇ ਜਨਵਰੀ 2020 'ਚ 672 ਮੁੱਖ ਅਧਿਆਪਕ ਸਿੱਧੀ ਭਰਤੀ ਕਰ ਕੇ ਲਾ ਦਿੱਤੇ ਗਏ ਸਨ ਪਰ ਹੁਣ ਫਿਰ 25 ਫਰਵਰੀ ਨੂੰ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਕੇ ਪ੍ਰਿੰਸੀਪਲ ਮੁੱਖ ਅਧਿਆਪਕਾਂ ਦੀ ਭਰਤੀ ਕਰਨ ਦਾ ਫੈਸਲਾ ਕੀਤਾ ਗਿਆ ਪਰ ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸਿੱਖਿਆ ਸਕੱਤਰ ਨੂੰ ਤਿੰਨ ਚਾਰ ਮੀਟਿੰਗਾਂ 'ਚ ਮਿਲ ਕੇ ਮੰਗ ਕੀਤੀ ਗਈ ਸੀ ਕਿ ਮਾਸਟਰ ਕੇਡਰ ਨਾਲ ਸਬੰਧਿਤ ਅਧਿਆਪਕਾਂ ਜੋ 1994, 1997, 1998, 2001, 2006 'ਚ ਭਰਤੀ ਹੋਏ ਸਨ। ਉਨ੍ਹਾਂ ਦੀਆਂ ਤਰੱਕੀਆਂ ਕੀਤੀਆਂ ਜਾਣ ਨਹੀਂ ਤਾਂ ਸਿੱਧੀ ਭਰਤੀ 'ਚ ਇਨ੍ਹਾਂ ਅਧਿਆਪਕਾਂ ਨੂੰ 55 ਫੀਸਦੀ ਅੰਕਾਂ ਵਾਲੀ ਸ਼ਰਤ ਤੋਂ ਛੋਟ ਦਿੱਤੀ ਜਾਵੇ ਤਾਂ ਜੋ ਹਰ ਸਿੱਖਿਆ ਵਿਭਾਗ 'ਚ ਸੇਵਾ ਨਿਭਾਅ ਰਹੇ ਅਧਿਆਪਕਾਂ ਨੂੰ ਹੈੱਡ ਮਾਸਟਰ ਜਾਂ ਪ੍ਰਿੰਸੀਪਲ ਲੱਗਣ ਦਾ ਮੌਕਾ ਮਿਲ ਸਕੇ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸਿੱਖਿਆ ਸਕੱਤਰ ਵੱਲੋਂ ਲਏ ਜਾਂਦੇ ਬੇਤੁਕੇ ਫੈਸਲੇ 'ਤੇ ਜਾਰੀ ਨੋਟੀਫਿਕੇਸ਼ਨ ਨਾਲ ਅਧਿਆਪਕਾਂ 'ਚ ਰੋਸ ਵਧਦਾ ਜਾ ਰਿਹਾ ਹੈ।

ਉਨ੍ਹਾਂ ਮੰਗ ਕੀਤੀ ਕਿ ਜਾਂ ਤਾਂ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਜਾਂ ਫਿਰ ਇਸ ਨੂੰ ਸੋਧ ਕਰਕੇ ਦੁਬਾਰਾ ਭੇਜਿਆ ਜਾਵੇਗਾ। ਇਸ ਮੌਕੇ ਗੁਰਮੀਤ ਸਿੰਘ ਪੰਛੀ, ਗੋਪਾਲ ਕ੍ਰਿਸ਼ਨ, ਬਖਸ਼ੀਸ਼ ਸਿੰਘ, ਜਗਤਾਰ ਸਿੰਘ, ਸੂਰਤ ਸਿੰਘ, ਸੁਰਜੀਤ ਸਿੰਘ, ਮਨਦੀਪ ਕੁਮਾਰ, ਦਵਿੰਦਰ ਸ਼ਰਮਾ, ਮਨਜੀਤ ਸਿੰਘ, ਚਮਨ ਲਾਲ, ਸੁਖਦੇਵ ਸੰਧੂ ਆਦਿ ਵੀ ਹਾਜ਼ਰ ਸਨ।


shivani attri

Content Editor

Related News