ਅਧਿਆਪਕਾਂ ਨੇ ਮੁਜ਼ਾਹਰਾ ਕਰਕੇ ਫੂਕਿਆ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ

02/23/2019 5:33:08 PM

ਜਲੰਧਰ (ਸੋਨੂੰ)— 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਦੇ ਵਿਰੋਧ ਨੂੰ ਲੈ ਕੇ ਅਧਿਆਪਕਾਂ ਦਾ ਗੁੱਸਾ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ । ਬੀਤੇ ਦਿਨ ਜਿੱਥੇ ਪੂਰੇ ਪੰਜਾਬ ਦੇ ਸਕੂਲਾਂ ਦੇ 'ਚ ਅਧਿਆਪਕਾਂ ਵੱਲੋਂ ਇਸ ਪ੍ਰਾਜੈਕਟ ਦੀ ਮੁਖਾਲਫਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਈਆਂ, ਉਥੇ ਹੀ ਅੱਜ ਜ਼ਿਲਾ ਜਲੰਧਰ ਦੇ ਬਲਾਕ ਸ਼ਾਹਕੋਟ ਦੇ 'ਚ ਲਾਮਬੰਦ ਹੋਏ ਅਧਿਆਪਕਾਂ ਵੱਲੋਂ ਸਿੱਖਿਆ ਸਕੱਤਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ । ਅਧਿਆਪਕ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇਕੱਠੇ ਹੋਏ ਇਨ੍ਹਾਂ ਅਧਿਆਪਕਾਂ ਨੇ ਸਿਵਲ ਹਸਪਤਾਲ ਸ਼ਾਹਕੋਟ ਵਿਖੇ ਇਕੱਤਰ ਹੋਏ, ਜਿਸ ਉਪਰੰਤ ਉਨ੍ਹਾਂ ਸਿੱਖਿਆ ਸਕੱਤਰ ਪੰਜਾਬ ਦੀ ਅਰਥੀ ਨੂੰ ਲੈ ਕੇ ਸ਼ਾਹਕੋਟ ਸ਼ਹਿਰ 'ਚ ਵਿਸ਼ਾਲ ਰੋਸ ਮਾਰਚ ਕੀਤਾ ਅਤੇ ਬਸ ਸਟੈਂਡ ਸ਼ਾਹਕੋਟ ਦੇ ਬਾਹਰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੁਤਲਾ ਫੂਕਿਆ ਗਿਆ। ਨਾਅਰੇਬਾਜ਼ੀ ਕਰਦੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਪਾਸੋਂ ਸਿੱਖਿਆ ਸਕੱਤਰ ਨੂੰ ਜਲਦੀ ਤੋਂ ਜਲਦੀ ਬਦਲਣ ਦੀ ਮੰਗ ਕੀਤੀ। 


ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਸਿੱਖਿਆ ਸਕੱਤਰ ਅਧਿਆਪਕਾਂ ਦੀ ਆਵਾਜ਼ ਨੂੰ ਡੰਡੇ ਦੇ ਜ਼ੋਰ ਨਾ ਦਬਾਉਣਾ ਚਾਹੁੰਦੇ ਹਨ, ਜਿਸ ਨੂੰ ਅਧਿਆਪਕ ਵਰਗ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰੇਗ। ਉਨ੍ਹਾਂ ਕਿਹਾ ਕਿ ਮਾਲਵਾ ਖੇਤਰ 'ਚ ਸਿੱਖਿਆ ਅਧਿਕਾਰੀਆਂ ਵੱਲੋਂ 'ਪੜੋ ਪੰਜਾਬ, ਪੜਾਓ ਪੰਜਾਬ' ਦਾ ਵਿਰੋਧ ਕਰ ਰਹੇ ਅਧਿਆਪਕਾਂ 'ਤੇ ਹੱਥ ਵੀ ਚੁੱਕਿਆ ਗਿਆ, ਜਿਸ ਦੀ ਸਮੁੱਚਾ ਅਧਿਆਪਕ ਵਰਗ ਨਿਖੇਧੀ ਕਰਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕ ਵਰਗ ਦੀਆਂ ਹੱਕੀ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸਿੱਖਿਆ ਵਿਭਾਗ 'ਚੋਂ ਚਲਦਾ ਕੀਤਾ ਜਾਵੇ।

shivani attri

This news is Content Editor shivani attri