ਗੰਨੇ ਦਾ ਬਕਾਇਆ ਨਾ ਮਿਲਣ ''ਤੇ ਦੋਆਬਾ ਕਿਸਾਨਾਂ ਵਲੋਂ ਕੀਤਾ ਜਾਵੇਗਾ ਸੰਘਰਸ਼

10/06/2019 12:24:57 PM

ਟਾਂਡਾ ਉੜਮੁੜ੍ਹ (ਵਰਿੰਦਰ ਪੰਡਿਤ) - ਗੰਨੇ ਦੀ ਬਕਾਇਆ ਰਾਸ਼ੀ ਦੇ ਭੁਗਤਾਨ ਨੂੰ ਲੈ ਕੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਹਿਮ ਮੀਟਿੰਗ ਕਮੇਟੀ ਦਫਤਰ ਰਸੂਲਪੁਰ ਵਿਖੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕੇਨ ਕਮਿਸ਼ਨਰ ਵਲੋਂ 10 ਸਤੰਬਰ ਤੱਕ 25 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਬਕਾਇਆ ਰਾਸ਼ੀ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਰਾਸ਼ੀ ਕਿਸਾਨਾਂ ਦੇ ਖਾਤਿਆਂ 'ਚ ਨਹੀਂ ਪਾਈ ਗਈ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਮੰਦੀ ਦੇ ਝੰਬੇ ਹੋਏ ਹਨ ਅਤੇ ਮੁਸ਼ਕਲ ਨਾਲ ਗੁਜ਼ਾਰਾ ਕਰ ਰਹੇ ਹਨ। ਗੰਨੇ ਦਾ ਬਕਾਇਆ ਜਾਰੀ ਨਾ ਕਰਕੇ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦਸੂਹਾ ਮਿੱਲ ਨਾਲ ਸਬੰਧਿਤ ਕਿਸਾਨਾਂ ਦੀ ਤਕਰੀਬਨ 8 ਕਰੋੜ ਰੁਪਏ ਦੀ ਰਾਸ਼ੀ ਇਕ ਹਫਤੇ ਦੇ ਅੰਦਰ-ਅੰਦਰ ਜਾਰੀ ਨਹੀਂ ਕੀਤੀ ਤਾਂ ਕਿਸਾਨ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੀ ਅਗਵਾਈ 'ਚ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਸਰਕਾਰੀ ਅਧਿਕਾਰੀਆਂ ਦੀ ਹੋਵੇਗੀ।  

ਇਸ ਦੌਰਾਨ ਕਿਸਾਨਾਂ ਵਲੋਂ ਚਾਲੂ ਸੀਜ਼ਨ ਦੌਰਾਨ ਗੰਨੇ ਦਾ ਮੁੱਲ 350 ਰੁਪਏ ਪ੍ਰਤੀ ਕੁਇੰਟਲ ਐਲਾਨਣ ਦੀ ਮੰਗ ਦੇ ਨਾਲ-ਨਾਲ ਨਵੰਬਰ ਮਹੀਨੇ ਤੋਂ ਮਿੱਲਾਂ ਚਾਲੂ ਕਰਨ ਦੀ ਮੰਗ ਵੀ ਰੱਖੀ ਗਈ। ਇਸ ਮੀਟਿੰਗ 'ਚ ਕਈ ਤਰ੍ਹਾਂ ਦੇ ਕਿਸਾਨੀ ਮੁੱਦਿਆਂ 'ਤੇ ਵੀ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ, ਜਰਨੈਲ ਸਿੰਘ ਕੁਰਾਲਾ, ਸਤਪਾਲ ਸਿੰਘ ਮਿਰਜਾਪੁਰ, ਰਮੇਸ਼ ਕੁਮਾਰ, ਪ੍ਰਿਤਪਾਲ ਸਿੰਘ ਕੁਰਲਾ, ਅਮਰਜੀਤ ਸਿੰਘ ਸੰਧੂ ਰੜਾ ਆਦਿ ਕਿਸਾਨ ਮੌਜੂਦ ਸਨ।


rajwinder kaur

Content Editor

Related News