ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪ੍ਰਬੰਧਾਂ ਦਾ ਗਿ. ਰਘਬੀਰ ਸਿੰਘ ਨੇ ਲਿਆ ਜਾਇਜ਼ਾ

02/27/2020 4:01:42 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ)— ਖਾਲਸਾਈ ਸ਼ਾਨ ਦਾ ਪ੍ਰਤੀਕ ਸਾਲਾਨਾ 6 ਰੋਜ਼ਾ ਕੌਮੀ ਤਿਉਹਾਰ ਹੋਲਾ-ਮਹੱਲਾ ਮੇਲਾ ਸ੍ਰੀ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ ਵਿਖੇ 5 ਮਾਰਚ ਤੋਂ 10 ਮਾਰਚ ਤੱਕ ਮਨਾਇਆ ਜਾ ਰਿਹਾ ਹੈ। ਇਸ ਦੇ ਸਬੰਧ 'ਚ ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਕੀਤੇ ਜਾ ਰਹੇ ਪ੍ਰਬੰਧਾਂ ਦਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਜਾਇਜ਼ਾ ਲਿਆ ਗਿਆ।
ਇਸ ਮੌਕੇ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪਤਾਲਪੁਰੀ ਸਾਹਿਬ ਤੇ ਬਾਬਾ ਗੁਰਦਿੱਤਾ ਜੀ ਦੇ ਮੀਤ ਮੈਨੇਜਰ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਭਾਈ ਜਸਵੀਰ ਸਿੰਘ ਦੀ ਅਗਵਾਈ ਹੇਠ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੇਲੇ ਦਾ ਪਹਿਲਾ ਪੜਾਅ 5 ਮਾਰਚ ਤੋਂ 7 ਮਾਰਚ ਤੱਕ ਚੱਲੇਗਾ, 5 ਮਾਰਚ ਨੂੰ ਗੁ. ਪਤਾਲਪੁਰੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀ ਸੰਪੂਰਨਤਾ ਦੇ ਭੋਗ 7 ਮਾਰਚ ਨੂੰ ਪਾਏ ਜਾਣਗੇ।

ਮੇਲੇ ਦੌਰਾਨ ਬਾਹਰੋਂ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਸਾਡੇ ਵੱਲੋਂ ਅਤੇ ਬਾਹਰਲੀ ਸੰਗਤ ਦੇ ਸਹਿਯੋਗ ਨਾਲ ਗੁ. ਪਤਾਲਪੁਰੀ ਸਾਹਿਬ ਵਿਖੇ ਚਾਰ ਲੰਗਰ, ਗੁ. ਬਾਬਾ ਗੁਰਦਿੱਤਾ ਜੀ ਵਿਖੇ, ਗੁ. ਬਿਬਾਣਗੜ੍ਹ ਸਾਹਿਬ ਵਿਖੇ, ਗੁ. ਕੋਟ ਸਾਹਿਬ ਵਿਖੇ ਲਾਏ ਜਾਣਗੇ। ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਲਈ ਰਿਹਾਇਸ਼, ਗਠੜੀ ਘਰ, ਜੋੜਾ ਘਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਸੰਗਤ ਦੀ ਸਹੂਲਤ ਲਈ ਸੀ. ਸੀ. ਟੀ. ਵੀ. ਕੈਮਰੇ ਲਾਏ
ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਗੁ. ਪਤਾਲਪੁਰੀ ਸਾਹਿਬ ਵਿਖੇ 24 ਅਤੇ ਗੁ. ਬਾਬਾ ਗੁਰਦਿੱਤਾ ਜੀ ਵਿਖੇ 15 ਸੀ.ਸੀ.ਟੀ.ਵੀ. ਕੈਮਰੇ ਚੱਲ ਰਹੇ ਹਨ ਇਨ੍ਹਾਂ ਤੋਂ ਇਲਾਵਾ ਹੋਰ ਅਸਥਾਈ ਤੌਰ 'ਤੇ ਸੀ.ਸੀ.ਟੀ.ਵੀ. ਕੈਮਰੇ ਵੱਖ-ਵੱਖ ਥਾਵਾਂ 'ਤੇ ਲਾਏ ਜਾ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਗੁ. ਪਤਾਲਪੁਰੀ ਸਾਹਿਬ, ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ 5 ਮਾਰਚ ਤੋਂ 10 ਮਾਰਚ ਸਵੇਰ ਤੱਕ ਧਾਰਮਕ ਦੀਵਾਨ ਸਜਾਏ ਜਾਣਗੇ। ਵੱਖ-ਵੱਖ ਗੁਰੂ ਘਰਾਂ ਨੂੰ ਰੰਗ ਰੋਗਨ ਕਰਨ ਦਾ ਕੰਮ ਖਤਮ ਹੋ ਗਿਆ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਗੁ. ਪਤਾਲਪੁਰੀ ਸਾਹਿਬ ਵਿਖੇ ਸਿਹਤ ਸਹੂਲਤਾਂ ਦੇਣ ਲਈ ਡਿਸਪੈਂਸਰੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਰਿਹਾਇਸ਼ ਲਈ ਬਣੇਗੀ ਵਾਟਰ ਪਰੂਫ ਟੈਂਟ ਸਿਟੀ
ਸੰਗਤ ਦੀ ਰਿਹਾਇਸ਼ ਲਈ ਸਰਾਵਾਂ ਤੋਂ ਇਲਾਵਾ ਗੁ. ਪਤਾਲਪੁਰੀ ਸਾਹਿਬ ਸਰਾਂ ਦੇ ਬਾਹਰ ਗਰਾਊਂਡ ਵਿਚ ਵਾਟਰ ਪਰੂਫ ਟੈਂਟ ਸਿਟੀ ਲਾਈ ਜਾਵੇਗੀ। ਸ਼ਰਧਾਲੂਆਂ ਦੇ ਵਾਹਨਾਂ ਲਈ ਗੁ. ਬਾਬਾ ਗੁਰਦਿੱਤਾ ਜੀ ਅਤੇ ਗੁ. ਪਤਾਲਪੁਰੀ ਸਾਹਿਬ ਵਿਖੇ ਪਾਰਕਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਮੇਲੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਵਾਧੂ ਸਟਾਫ ਲਾਇਆ ਜਾਵੇਗਾ। ਇਸ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਲਈ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਨੂੰ ਵੀ ਪੱਤਰ ਲਿਖੇ ਗਏ ਹਨ। ਇਸ ਮੌਕੇ ਉਨ੍ਹਾਂ ਨਾਲ ਸਰੂਪ ਸਿੰਘ ਸਟੋਰ ਕੀਪਰ, ਅਜਾਇਬ ਸਿੰਘ ਰਿਕਾਰਡ ਕੀਪਰ ਆਦਿ ਹਾਜ਼ਰ ਸਨ।


shivani attri

Content Editor

Related News