ਸਿਲੇਬਸ ਮੰਗਣ ''ਤੇ ਟੀਚਰ ਨੇ ਮਾਂ ਦੇ ਸਾਹਮਣੇ ਬੱਚੇ ਨੂੰ ਥੱਪੜ ਮਾਰੇ

01/20/2019 10:00:22 AM

ਜਲੰਧਰ (ਸ਼ੋਰੀ) - ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦੇ ਨਾਲ ਟੀਚਰ ਵਲੋਂ ਕੁੱਟ-ਮਾਰ ਕਰਨ ਦੀਆਂ ਘਟਨਾਵਾਂ ਹਮੇਸ਼ਾ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਇਕ ਹੋਰ ਮਾਮਲਾ ਫੁੱਟਬਾਲ ਚੌਕ ਨੇੜੇ ਇਕ ਪ੍ਰਾਈਵੇਟ ਸਕੂਲ ਦਾ ਵੀ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਭਗਵਾਨ ਵਾਲਮੀਕਿ ਗੇਟ ਵਾਸੀ ਗੁੱਲੂ ਪ੍ਰਧਾਨ ਨੇ ਦੱਸਿਆ ਕਿ ਉਸ ਦਾ ਭਤੀਜਾ ਉਦੈ ਗਿੱਲ ਪੁੱਤਰ ਹਰਜਿੰਦਰ ਕੁਮਾਰ ਉਨ੍ਹਾਂ ਦੇ ਘਰ ਦੇ ਨਾਲ ਹੀ ਰਹਿੰਦਾ ਹੈ। ਉਦੈ ਦੀਆਂ ਗੱਲ੍ਹਾਂ 'ਤੇ ਉਂਗਲੀਆਂ ਦੇ ਨਿਸ਼ਾਨ ਵੇਖ ਕੇ ਉਨ੍ਹਾਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਬੀਤੀ ਦੁਪਹਿਰ ਉਹ ਆਪਣੀ ਮਾਂ ਹੇਮਲਤਾ ਰਾਣੀ ਦੇ ਨਾਲ ਸਕੂਲ ਗਿਆ ਸੀ। ਟੀਚਰ ਕੋਲੋਂ ਸਿਲੇਬਸ ਮੰਗਣ 'ਤੇ ਟੀਚਰ ਨੂੰ ਗੁੱਸਾ ਆ ਗਿਆ ਤੇ ਉਸ ਨੇ ਉਸ ਦੀ ਮਾਂ ਦੀ ਮੌਜੂਦਗੀ ਵਿਚ ਹੀ ਉਸ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ।

ਉਨ੍ਹਾਂ ਇਸ ਸਬੰਧ ਵਿਚ ਬੱਚੇ ਦਾ ਸਿਵਲ ਹਸਤਪਤਾਲ ਤੋਂ ਮੈਡੀਕਲ ਕਰਵਾਉਣ ਤੋਂ ਬਾਅਦ ਥਾਣਾ ਨੰਬਰ 4 ਵਿਚ ਸ਼ਿਕਾਇਤ ਦਿੱਤੀ। ਪ੍ਰਧਾਨ ਗੁੱਲੂ ਨੇ ਦੱਸਿਆ ਕਿ ਉਕਤ ਟੀਚਰ ਪਹਿਲਾਂ ਵੀ ਵਿਦਿਆਰਥੀਆਂ ਨਾਲ ਕੁੱਟ-ਮਾਰ ਕਰਨ ਦੇ ਮਾਮਲੇ ਵਿਚ ਸੁਰਖੀਆਂ ਵਿਚ ਰਹਿ ਚੁੱਕੀ ਹੈ। ਥਾਣਾ ਨੰਬਰ 4 ਵਿਚ ਟੀਚਰ ਨੂੰ ਬੁਲਾਇਆ ਗਿਆ, ਜਿਥੇ ਟੀਚਰ ਨੇ ਆਪਣੀ ਗਲਤੀ ਮੰਨਦਿਆਂ ਰਾਜ਼ੀਨਾਮਾ ਕਰ ਲਿਆ।

rajwinder kaur

This news is Content Editor rajwinder kaur