ਸਵੱਛ ਭਾਰਤ ਅਭਿਆਨ ਦੇ ਪੋਸਟਰਾਂ ਹੇਠਾਂ ਲੱਗ ਰਹੇ ਹਨ ਗੰਦਗੀ ਦੇ ਢੇਰ

12/14/2018 1:38:44 AM

 ਰੂਪਨਗਰ,   (ਵਿਜੇ)-  ਨਗਰ ਕੌਂਸਲ ਰੂਪਨਗਰ ਸਵੱਛ ਭਾਰਤ ਅਭਿਆਨ ਨੂੰ ਲਾਗੂ ਕਰਨ ’ਚ ਗੰਭੀਰ ਨਹੀਂ ਹੈ, ਕਿਉਂਕਿ ਸਵੱਛ ਭਾਰਤ ਦੇ  ਪੋਸਟਰਾਂ ਹੇਠ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜਿਸ ਨੂੰ ਚੁੱਕਣ ਵਾਲਾ ਕੋਈ ਨਹੀਂ।
 ਨਗਰ ਕੌਂਸਲ ਰੂਪਨਗਰ ਨੇ ਸ਼ਹਿਰ ’ਚ ਸਵੱਛ ਭਾਰਤ ਦੇ ਨਾਂ ’ਤੇ ਇਸ਼ਤਿਹਾਰਬਾਜ਼ੀ ਸ਼ੁਰੂ ਕੀਤੀ ਹੋਈ ਹੈ। ਹੈਰਾਨੀ ਦੀ ਗੱਲ ਹੈ ਕਿ ਨਗਰ ਕੌਂਸਲ ਨੇ ਜਿੱਥੇ ਸਵੱਛ ਭਾਰਤ ਦੇ ਪੋਸਟਰ ਲਾਏ ਹਨ, ਕੌਂਸਲ ਕਰਮੀ ਖੁਦ ਉੱਥੇ ਕੂਡ਼ਾ ਕਰਕਟ ਸੁੱਟ ਰਹੇ ਹਨ। ਇਸ ਦੇ ਇਲਾਵਾ ਉਕਤ ਗੰਦਗੀ ਦੇ ਢੇਰ ਸਵੱਛ ਭਾਰਤ ਅਭਿਆਨ ਦਾ ਮੂੰਹ ਚਿਡ਼ਾ ਰਹੇ ਹਨ। ਸਥਾਨਕ ਰੇਲਵੇ ਰੋਡ ’ਤੇ ਸੈਨਿਕ ਰੈਸਟ ਹਾਊਸ ਦੇ ਸਾਹਮਣੇ ਨਗਰ ਕੌਂਸਲ ਵਲੋਂ ਸਵੱਛ ਭਾਰਤ ਅਭਿਆਨ ਦਾ ਬੈਨਰ ਲੱਗਿਆ ਹੋਇਆ ਹੈ ਅਤੇ ਉਸ ਦੇ ਹੇਠ ਹੀ ਗੰਦਗੀ ਦੇ ਢੇਰ ਲੱਗੇ ਹੋਏ ਹਨ। 
ਸੈਨਿਕ ਰੈਸਟ ਹਾਊਸ ਦੇ ਸਾਹਮਣੇ ਹਾਜ਼ਰ ਦੁਕਾਨਦਾਰਾਂ ਆਰ.ਸੀ. ਆਹੂਜਾ, ਗੌਰਵ ਚੋਪਡ਼ਾ, ਹਿਮਾਂਸ਼ੂ, ਦੀਪਕ ਚੋਪਡ਼ਾ, ਸਲੀਮ, ਅਵਤਾਰ ਸਿੰਘ, ਬੱਲੀ, ਸ਼ੰਭੂ ਆਦਿ ਨੇ ਦੱਸਿਆ ਕਿ ਪਿਛਲੇ ਪੰਜ ਦਿਨਾਂ ਤੋਂ ਇਹ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਸਬੰਧ ’ਚ ਸੈਨੇਟਰੀ ਇੰਸਪੈਕਟਰ ਨੂੰ ਗੰਦਗੀ ਚੁੱਕਣ ਲਈ ਕਈ ਵਾਰ ਫੋਨ ਕੀਤੇ ਪਰ ਹਾਲੇ ਤੱਕ ਇਹ ਗੰਦਗੀ ਵੀ ਨਹੀਂ ਚੁੱਕੀ ਗਈ। ਇਸ ਮਾਮਲੇ ਪ੍ਰਤੀ ਨਗਰ ਕੌਂਸਲ ਗੰਭੀਰ ਨਹੀਂ ਹੈ ਅਤੇ ਕੇਵਲ ਇਸ਼ਤਿਹਾਰਬਾਜ਼ੀ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਦੂਸਰੇ ਪਾਸੇ ਨਗਰ ਕੌਂਸਲ ਦੇ ਸੈਨੇਟਰੀ ਇੰਸਪੈਕਟਰ ਦਿਆਲ ਸਿੰਘ ਨੇ ਦੱਸਿਆ ਕਿ ਉਹ ਜਲਦ ਹੀ ਇਸ ਗੰਦਗੀ ਨੂੰ ਹਟਾਉਣ ਲਈ ਯਤਨ ਕਰਨਗੇ।