ਨਿਗਮ ਵੱਲੋਂ ਕੂੜੇ ਨਾਲ ਬਣਾਈ ਗਈ ਖਾਦ ਦੀ ਕੁਆਲਿਟੀ ਯੂਰੀਆ ਤੋਂ ਵੀ ਵਧੀਆ ਨਿਕਲੀ

10/15/2019 11:49:05 AM

ਜਲੰਧਰ (ਖੁਰਾਣਾ)— ਸਵੱਛ ਭਾਰਤ ਮੁਹਿੰਮ ਤਹਿਤ ਜਲੰਧਰ ਨਗਰ ਨਿਗਮ ਪ੍ਰਸ਼ਾਸਨ ਨੇ ਕਾਫੀ ਸਮੇਂ ਤੋਂ ਸੈਗ੍ਰੀਗੇਸ਼ਨ ਤੋਂ ਇਲਾਵਾ ਵੇਸਟ ਟੂ ਕੰਪੋਸਟ ਦੀ ਮੁਹਿੰਮ ਚਲਾ ਰੱਖੀ ਹੈ। ਤਮਾਮ ਦਿੱਕਤਾਂ ਦੇ ਬਾਵਜੂਦ ਹੁਣ ਨਿਗਮ ਵੱਲੋਂ ਬਣਾਈ ਗਈ ਪਿਟਸ ਤੋਂ ਖਾਦ ਕੱਢਣੀ ਸ਼ੁਰੂ ਹੋ ਗਈ ਹੈ ਅਤੇ ਇਸ ਖਾਦ ਦੀ ਕੁਆਲਿਟੀ ਯੂਰੀਆ ਤੋਂ ਵੀ ਵਧੀਆ ਨਿਕਲਣ ਕਾਰਣ ਅੱਜ ਮੇਅਰ ਜਗਦੀਸ਼ ਰਾਜਾ ਅਤੇ ਕਮਿਸ਼ਨਰ ਦੀਪਰਵ ਲਾਕੜਾ ਕਾਫੀ ਖੁਸ਼ ਦਿਸੇ।

ਗੌਰਤਲਬ ਹੈ ਕਿ ਨੰਗਲ ਸ਼ਾਮਾ ਪਿਟ ਕੰਪੋਸਟਿੰਗ ਯੂਨਿਟ ਤੋਂ ਕੱਢੀ ਖਾਦ ਦਾ ਸੈਂਪਲ ਪਿਛਲੇ ਦਿਨੀਂ ਮੇਅਰ ਰਾਜਾ ਨੇ ਟੈਸਟਿੰਗ ਲਈ ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਸਾਇਲ ਸਾਇੰਸ ਵਿਭਾਗ ਨੂੰ ਭਿਜਵਾਇਆ ਸੀ, ਜਿਸ ਦੀ ਰਿਪੋਰਟ ਨਿਗਮ ਨੂੰ ਪ੍ਰਾਪਤ ਹੋ ਗਈ ਹੈ। ਰਿਪੋਰਟ ਵਿਚ ਕੂੜੇ ਤੋਂ ਬਣੀ ਖਾਦ ਦੀ ਕੁਆਲਿਟੀ ਯੂਰੀਆ ਤੋਂ ਵੀ ਵਧੀਆ ਦੱਸੀ ਗਈ ਹੈ। ਮੇਅਰ ਰਾਜਾ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਸ ਰਿਪੋਰਟ ਨੂੰ ਜਨਤਕ ਕੀਤਾ ਅਤੇ ਦੱਸਿਆ ਕਿ ਆਉਣ ਵਾਲੇ ਸਮੇਂ 'ਚ ਨਿਗਮ ਇਸ ਖਾਦ ਨੂੰ ਵੀ ਕਰੀਬ 1500 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚਿਆ ਕਰੇਗਾ।

ਵਿਧਾਇਕ ਬੇਰੀ ਦੇ ਸਹਿਯੋਗ ਦੀ ਕਮਿਸ਼ਨਰ ਨੇ ਕੀਤੀ ਸ਼ਲਾਘਾ
ਪ੍ਰੈੱਸ ਕਾਨਫਰੰਸ ਦੌਰਾਨ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੇ ਦੱਸਿਆ ਕਿ ਪਹਿਲੇ ਪੜਾਅ ਵਿਚ ਨਿਗਮ ਨੇ 4 ਪਿਟ ਕੰਪੋਸਟਿੰਗ ਯੂਨਿਟ ਬਣਾਉਣ ਦੇ ਟੈਂਡਰ ਲਾਏ ਸਨ ਅਤੇ ਚਾਰੋਂ ਹੀ ਸੈਂਟਰਲ ਵਿਧਾਨ ਸਭਾ ਹਲਕੇ 'ਚ ਹਨ, ਜਿਸ ਦੇ ਲਈ ਵਿਧਾਇਕ ਰਾਜਿੰਦਰ ਬੇਰੀ ਦਾ ਸਹਿਯੋਗ ਸ਼ਲਾਘਾਯੋਗ ਰਿਹਾ। ਇਨ੍ਹਾਂ 'ਚੋਂ ਨੰਗਲ ਸ਼ਾਮਾ ਦਾ ਯੂਨਿਟ ਲਗਭਗ ਤਿਆਰ ਹੋ ਚੁੱਕਾ ਹੈ ਅਤੇ ਰਾਗਾ ਮੋਟਰਜ਼ ਨੇੜੇ ਬਣਨਾ ਸ਼ੁਰੂ ਹੋ ਗਿਆ ਹੈ। ਜਲਦੀ ਹੀ ਦਕੋਹਾ ਅਤੇ ਧੰਨੋਵਾਲੀ 'ਚ ਵੀ ਅਜਿਹੇ ਯੂਨਿਟ ਬਣਨੇ ਸ਼ੁਰੂ ਹੋ ਜਾਣਗੇ।

ਕੂੜੇ ਤੋਂ ਖਾਦ ਬਣਾਉਣ ਦੇ 6 ਹੋਰ ਪਲਾਂਟ ਜਲਦੀ ਲੱਗਣਗੇ
ਨਗਰ ਨਿਗਮ ਨੇ ਪਿਟ ਕੰਪੋਸਟਿੰਗ ਯੂਨਿਟ ਦੀ ਸਫਲਤਾ ਨੂੰ ਦੇਖਦੇ ਹੋਏ 6 ਹੋਰ ਥਾਵਾਂ 'ਤੇ ਅਜਿਹੇ ਯੂਨਿਟ ਲਾਉਣ ਦਾ ਟੈਂਡਰ ਕੱਢਿਆ ਹੈ। ਨਾਰਥ ਵਿਧਾਨ ਸਭਾ ਖੇਤਰ ਵਿਚ ਇਕ ਪਲਾਂਟ ਲੀਡਰ ਫੈਕਟਰੀ ਦੇ ਨੇੜੇ ਡੰਪ ਵਾਲੀ ਥਾਂ 'ਤੇ ਲਾਇਆ ਜਾਵੇਗਾ, ਜਦਕਿ ਇਕ ਪਲਾਂਟ ਮਕਸੂਦਾਂ ਫਲਾਈਓਵਰ ਦੇ ਹੇਠਾਂ ਹੈਂਡਲੂਮ ਆਫਿਸ ਨੇੜੇ ਬਣੇਗਾ। ਪਿੰਡ ਸਲੇਮਪੁਰ ਮੁਸਲਮਾਨਾਂ ਵਿਚ ਅਜਿਹੇ ਦੋ ਯੂਨਿਟ ਬਣਾਏ ਜਾ ਰਹੇ ਹਨ। ਵੈਸਟ ਖੇਤਰ 'ਚ ਵੇਸਟ ਟੂ ਕੰਪੋਸਟ ਟੂ ਪਲਾਂਟ ਬਸਤੀ ਪੀਰਦਾਦ ਡਿਸਪੋਜ਼ਲ ਨੇੜੇ ਲਾਇਆ ਜਾਵੇਗਾ, ਜਦਕਿ ਇਕ ਪਲਾਂਟ ਫੋਲੜੀਵਾਲ ਐੱਸ. ਟੀ. ਪੀ. 'ਚ ਬਣੇਗਾ। ਇਸ ਤੋਂ ਬਾਅਦ ਹੋਰ ਥਾਵਾਂ 'ਤੇ ਵੀ ਅਜਿਹੇ ਪਲਾਂਟ ਬਣਾਏ ਜਾਣਗੇ।

ਚਾਰ ਵਾਰਡਾਂ ਨੂੰ ਵੰਡੇ 40 ਨਵੇਂ ਰੇਹੜੇ
ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਦੀ ਮੁਹਿੰਮ ਤੇਜ਼ ਕਰਨ ਲਈ ਨਿਗਮ ਨੇ 100 ਵਿਸ਼ੇਸ਼ ਰੇਹੜੇ ਮੰਗਵਾਏ ਹਨ, ਜਿਨ੍ਹਾਂ 'ਤੇ ਗਿੱਲੇ, ਸੁੱਕੇ ਅਤੇ ਖਤਰਨਾਕ ਕੂੜੇ ਲਈ ਵੱਖ-ਵੱਖ ਬਿਨ ਬਣੇ ਹੋਏ ਹਨ। ਪਹਿਲੇ ਪੜਾਅ ਵਿਚ ਨਿਗਮ ਨੂੰ 40 ਰੇਹੜੇ ਪ੍ਰਾਪਤ ਹੋਏ ਸੀ, ਜਿਨ੍ਹਾਂ 'ਚੋਂ 10-10 ਰੇਹੜੇ ਕੌਂਸਲਰ ਵਿੱਕੀ ਕਾਲੀਆ, ਕੌਂਸਲਰ ਜਗਦੀਸ਼ ਦਕੋਹਾ, ਕੌਂਸਲਰ ਸੁਨੀਤਾ ਰਿੰਕੂ ਅਤੇ ਕੌਂਸਲਰ ਮਨਜੀਤ ਕੌਰ ਦੇ ਵਾਰਡਾਂ ਵਿਚ ਵੰਡੇ ਗਏ ਹਨ। ਜਲਦੀ ਹੀ ਨਿਗਮ ਨੂੰ 60 ਹੋਰ ਨਵੇਂ ਰੇਹੜੇ ਮਿਲ ਜਾਣਗੇ, ਜਿਨ੍ਹਾਂ ਨੂੰ ਗਿੱਲਾ-ਸੁੱਕਾ ਕੂੜਾ ਵੱਖ ਕਰਨ ਵਾਲੇ ਵਾਰਡਾਂ ਵਿਚ ਵੰਡਿਆ ਜਾਵੇਗਾ।


shivani attri

Content Editor

Related News