ਨੋਟਬੰਦੀ ਦੌਰਾਨ ਠੱਗੀ ਦਾ ਕੇਸ ਦਰਜ ਹੋਇਆ ਤਾਂ ਸਸਪੈਂਡਿਡ ਅਸਿਸਟੈਂਟ ਮੈਨੇਜਰ ਕਰਨ ਲੱਗਾ ਹੈਰੋਇਨ ਸਮੱਗਲਿੰਗ

12/11/2018 5:22:15 AM

ਜਲੰਧਰ, (ਜ.ਬ.)–  ਸਪੈਸ਼ਲ ਆਪ੍ਰੇਸ਼ਨ ਯੂਨਿਟ ਨੇ 100 ਗ੍ਰਾਮ ਹੈਰੋਇਨ ਨਾਲ ਸਮੱਗਲਰ ਨੂੰ ਕਾਬੂ ਕੀਤਾ ਹੈ। ਮੁਲਜ਼ਮ ਅੰਬਾਲਾ ਕੈਂਟ ਦੇ ਪੂਜਾ ਵਿਹਾਰ ਦਾ ਰਹਿਣ ਵਾਲਾ ਤੇਜ ਪ੍ਰਤਾਪ ਸਿੰਘ ਹੈ। ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 
ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਸਬ-ਇੰਸਪੈਕਟਰ ਰਾਕੇਸ਼ ਕੁਮਾਰ ਨੂੰ ਗੁਪਤ ਇਨਪੁਟ ਮਿਲੀ ਸੀ ਕਿ ਟਰਾਂਸਪੋਰਟ ਨਗਰ ਵਿਚ ਹੈਰੋਇਨ ਦਾ ਇਕ  ਕੰਸਾਈਨਮੈਂਟ ਆਉਣ ਵਾਲਾ ਹੈ, ਇਸ ਲਈ ਉਨ੍ਹਾਂ  ਟ੍ਰੈਪ ਲਾ ਲਿਆ। ਹਾਲਾਂਕਿ ਇਸ ਟ੍ਰੈਪ ਵਿਚ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਅਤੇ ਥਾਣਾ ਨੰਬਰ 8 ਦੀ ਪੁਲਸ ਨੇ ਜੁਆਇੰਟ ਆਪ੍ਰੇਸ਼ਨ ਕੀਤਾ। 
ਟ੍ਰੈਪ ਦੌਰਾਨ ਉਕਤ ਮੁਲਜ਼ਮ ਪੈਦਲ ਚੱਲ ਕੇ ਆ ਰਿਹਾ ਸੀ। ਜੋ ਪੁਲਸ ਦੀ ਨਾਕਾਬੰਦੀ ਨੂੰ ਦੇਖ ਕੇ ਅਚਾਨਕ ਸੜਕ ਕਿਨਾਰੇ ਪਿਸ਼ਾਬ ਕਰਨ ਲੱਗਾ। ਜਦ ਪੁਲਸ ਨੂੰ ਸ਼ੱਕ ਹੋਇਆ  ਤਾਂ ਉਕਤ ਮੁਲਜ਼ਮ ਨੂੰ ਫੜ ਕੇ ਉਸ ਦੀ ਤਲਾਸ਼ੀ ਲਈ  ਗਈ  ਤਾਂ  ਉਸ ਦੀ ਜੈਕੇਟ ਵਿਚੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁੱਛਗਿੱਛ ਵਿਚ ਮੁਲਜ਼ਮ ਨੇ ਕਬੂਲ ਕੀਤਾ ਕਿ ਉਕਤ ਮੁਲਜ਼ਮ ਚੰਡੀਗੜ੍ਹ ਦੇ ਪੀ. ਐੱਨ. ਬੀ. ਬੈਂਕ ਵਿਚ ਅਸਿਸਟੈਂਟ ਮੈਨੇਜਰ ਦੇ ਤੌਰ ’ਤੇ ਕੰਮ ਕਰਦਾ ਸੀ ਪਰ ਨੋਟਬੰਦੀ ਦੌਰਾਨ ਏ. ਟੀ. ਐੱਮ. ਤੋਂ 6.50 ਲੱਖ ਕੈਸ਼ ਘੱਟ ਨਿਕਲਣ ਕਾਰਨ ਉਸ ’ਤੇ ਕੇਸ ਦਰਜ ਹੋਇਆ ਸੀ ਅਤੇ ਕੇਸ ਦਰਜ ਹੋਣ ਤੋਂ  ਬਾਅਦ ਉਸਨੂੰ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਤੋਂ  ਬਾਅਦ ਉਸ ਨੂੰ ਜੇਲ ਭੇਜ ਦਿੱਤਾ ਗਿਆ। 
ਜੇਲ ਅੰਦਰ ਲਿੰਕ ਬਣਨ  ’ਤੇ  ਉਸਨੇ ਹੈਰੋਇਨ ਸਮੱਗਲਿੰਗ ਦਾ ਕੰਮ ਸ਼ੁਰੂ ਕੀਤਾ। ਹੁਣ ਤਿੰਨ ਮਹੀਨੇ ਪਹਿਲਾਂ ਜ਼ਮਾਨਤ ’ਤੇ ਆਇਆ  ਹੈ। 
ਉਹ ਦਿੱਲੀ ਤੋਂ ਕੰਸਾਈਨਮੈਂਟ ਲਿਆ ਕੇ ਜਲੰਧਰ ਸਪਲਾਈ ਕਰਨ ਲਈ ਆਇਆ  ਸੀ। ਉਸ ਨੇ ਦੱਸਿਆ  ਕਿ ਦਿੱਲੀ ਤੋਂ ਜਿੱਥੋਂ ਉਸ ਨੇ ਹੈਰੋਇਨ ਲਈ ਹੈ, ਉਥੇ ਮਿਲਾਵਟੀ ਹੈਰੋਇਨ ਵੀ ਮਿਲਦੀ ਹੈ, ਜਿਸ ਵਿਚ ਕੈਮੀਕਲ ਮਿਲਾ ਕੇ ਹੈਰੋਇਨ ਬਣਾਈ ਜਾ ਰਹੀ ਹੈ। ਉਸ ਨੇ ਦੱਸਿਆ ਕਿ ਦਿੱਲੀ ਵਿਚ ਕੈਮੀਕਲ ਹੈਰੋਇਨ ਬਣਾਉਣ ਦਾ ਕੰਮ ਵੀ ਜ਼ੋਰਾਂ ’ਤੇ ਚੱਲ ਰਿਹਾ ਹੈ, ਉਥੇ ਹੀ ਸਬ-ਇੰਸ. ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਰਿਮਾਂਡ ਲਿਆ ਹੈ।