ਪੰਜਾਬ ਵਿਚ ਹੜ੍ਹਾਂ ਨੂੰ ਲੈ ਕੇ ਸੁਨੀਲ ਜਾਖੜ ਨੇ ਘੇਰੀ ਮਾਨ ਸਰਕਾਰ

07/21/2023 6:36:14 PM

ਹੁਸ਼ਿਆਰਪੁਰ (ਰਾਜੇਸ਼ ਜੈਨ)-ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਦੀ ਦਿਹਾਤੀ ਅਤੇ ਗ਼ਰੀਬ ਜਨਤਾ ਅਜੇ ਵੀ ਹੜ੍ਹ ਦੇ ਪ੍ਰਕੋਪ ’ਚ ਫਸੀ ਹੋਈ ਹੈ, ਜਦਕਿ ਮੁੱਖ ਮੰਤਰੀ ਬੇਂਗਲੁਰੂ ’ਚ ਵਿਰੋਧੀ ਧਿਰ ਵੱਲੋਂ ਰੱਖੇ ਗਏ ਡਿਨਰ ’ਚ ਰੁਝੇ ਦਿੱਸੇ। ਬੀਤੇ ਦਿਨੀਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਬੀਤੀ 4 ਜੁਲਾਈ ਨੂੰ ਆਏ ਹਾਈ ਅਲਰਟ ’ਤੇ ਗੌਰ ਕਰਦਿਆਂ ਜੇਕਰ ਮੁੱਖ ਮੰਤਰੀ ਨੇ ਕੋਈ ਚੌਕਸੀ ਵਰਤੀ ਹੁੰਦੀ ਤਾਂ ਪੰਜਾਬ ਦੀ ਇਹ ਹਾਲਤ ਨਾ ਹੁੰਦੀ। ਉਨ੍ਹਾਂ ਕਿਹਾ ਕਿ ਸ਼ਾਹਕੋਟ ਦੇ ਹੜ੍ਹਗ੍ਰਸਤ ਇਲਾਕੇ ’ਚ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ ਨੇ ਡੀ. ਸੀ. ਨੂੰ ਹੁਕਮ ਦਿੱਤੇ ਕਿ ਬੈਰਾਜ ਦੇ ਗੇਟਾਂ ’ਚ ਫਸੀ ਸਿਲਟ ਨੂੰ ਪਾਣੀ ਉਤਰਨ ਪਿੱਛੋਂ ਸਾਫ਼ ਕੀਤਾ ਜਾਵੇ ਤਾਂ ਕਿ ਲੋਕ ਹੜ੍ਹ ਵੇਖਣ ਦੀ ਬਜਾਏ ਇਥੇ ਸੈਲਫ਼ੀਆਂ ਖਿੱਚ ਸਕਣ।

ਜਾਖੜ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਕਾਰਗੁਜ਼ਾਰੀ ਪੰਜਾਬ ਲਈ ਭੱਦਾ ਮਜ਼ਾਕ ਸਾਬਤ ਹੋ ਰਹੀ ਹੈ ਕਿਉਂਕਿ ਹੜ੍ਹ ਵਰਗੀ ਗੰਭੀਰ ਸਥਿਤੀ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਉਹ ਸੈਲਫ਼ੀਆਂ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੰਜਾਬ ਵੱਲ ਕੋਈ ਧਿਆਨ ਨਹੀਂ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹੜ੍ਹ ਦਾ ਜਾਇਜ਼ਾ ਲੈਣ ਗਏ ਭਗਵੰਤ ਮਾਨ ਸੋਸ਼ਲ ਮੀਡੀਆ ’ਤੇ ਹੜ੍ਹ ਵਿਚ ਕਮਰ ਤੱਕ ਆਪਣਾ ਪਜ਼ਾਮਾ ਭਿੱਜਣ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਭਲਾ ਕੀ ਇਸ ਤੋਂ ਲੋਕਾਂ ਨੂੰ ਰਾਹਤ ਮਿਲੇਗੀ, ਇਹ ਤਾਂ ਸਿਰਫ ਸਟੰਟਬਾਜ਼ੀ ਹੈ ।

ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹਾਂ ਦੀ ਮੌਜੂਦਾ ਸਥਿਤੀ ਤੇ ਸਿੱਖਿਆ ਨੂੰ ਲੈ ਕੇ ਮੰਤਰੀ ਹਰਜੋਤ ਬੈਂਸ ਨਾਲ ਵਿਸ਼ੇਸ਼ ਗੱਲਬਾਤ (ਵੀਡੀਓ)

ਮੁੱਖ ਮੰਤਰੀ ਤੇ ਉਨ੍ਹਾਂ ਦੀ ਕੈਬਨਿਟ ਹਮੇਸ਼ਾ ਦਿੱਲੀ ਵੱਲ ਦੇਖਦੀ ਰਹਿੰਦੀ ਹੈ ਅਤੇ ਉੱਥੋਂ ਹਾਈ ਕਮਾਂਡ ਦੇ ਹੁਕਮਾਂ ਦੀ ਇਨ੍ਹਾਂ ਨੂੰ ਉਡੀਕ ਰਹਿੰਦੀ ਹੈ। ਸਰਕਾਰ ਆਪਣੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਭੁੱਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਸਿਰਫ ਗੈਂਗਸਟਰ ਹੀ ਸੁਰੱਖਿਅਤ ਹਨ। ਭ੍ਰਿਸ਼ਟਾਚਾਰ ਦੇ ਖਾਤਮੇ ਦੇ ਵੱਡੇ- ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਕੁਰੱਪਸ਼ਨ ਖਤਮ ਹੋਣ ਦੀ ਬਜਾਏ ਮਹਿੰਗੀ ਹੁੰਦੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਸਬੰਧੀ ਸਵਾਲਾਂ ਦੇ ਜਵਾਬ ਨੂੰ ਟਾਲਦੇ ਹੋਏ ਉਨ੍ਹਾਂ ਕਿਹਾ ਕਿ ਭਾਜਪਾ ਜੋ ਕਿ ਸੂਬੇ ’ਚ ਸਿਰਫ਼ 23 ਸੀਟਾਂ ਤੱਕ ਸੀਮਤ ਸੀ, ਹੁਣ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ।

ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸੂਬਾਈ ਜਨਰਲ ਸਕੱਤਰ ਜੀਵਨ ਗੁਪਤਾ, ਜ਼ਿਲਾ ਪ੍ਰਧਾਨ ਨਿਪੁਨ ਸ਼ਰਮਾ, ਭਾਜਪਾ ਦੇ ਰਾਸ਼ਟਰੀ ਨੇਤਾ ਅਵਿਨਾਸ਼ ਰਾਏ ਖੰਨਾ, ਵਿਧਾਇਕ ਜੰਗੀ ਲਾਲ ਮਹਾਜਨ, ਸਾਬਕਾ ਮੰਤਰੀ ਤੀਕਸ਼ਣ ਸੂਦ, ਸੁੰਦਰ ਸ਼ਾਮ ਅਰੋੜਾ, ਅਰੁਣੇਸ਼ ਸ਼ਾਕਰ ਅਤੇ ਮਹਿੰਦਰ ਕੌਰ ਜੋਸ਼, ਹਲਕਾ ਚੱਬੇਵਾਲ ਦੇ ਇੰਚਾਰਜ ਡਾ. ਦਿਲਬਾਗ ਰਾਏ, ਹਲਕਾ ਗੜ੍ਹਸ਼ੰਕਰ ਦੇ ਇੰਚਾਰਜ ਨਿਮਿਸ਼ਾ ਮਹਿਤਾ, ਸਾਬਕਾ ਮੇਅਰ ਸ਼ਿਵ ਸੂਦ, ਜ਼ਿਲ੍ਹਾ ਯੋਜਨਾ ਕਮੇਟੀ ਦੇ ਸਾਬਕਾ ਚੇਅਰਮੈਨ ਜਵਾਹਰ ਖੁਰਾਣਾ, ਜ਼ਿਲ੍ਹਾ ਜਨਰਲ ਸਕੱਤਰ ਸੁਰੇਸ਼ ਭਾਟੀਆ ਬਿੱਟੂ ਵੀ ਮੌਜੂਦ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

shivani attri

This news is Content Editor shivani attri