36 ''ਚੋਂ 12 ਲੰਗਰ ਸਥਾਨਾਂ ਲਈ ਪਖਾਨੇ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਕਰਨ ਦੇ ਐਲਾਨ ''ਤੇ ਭੜਕੇ ਕਮੇਟੀ ਸੇਵਾਦਾਰ

09/19/2019 8:35:28 PM

ਸੁਲਤਾਨਪੁਰ ਲੋਧੀ,(ਸੁਰਿੰਦਰ ਸਿੰਘ ਸੋਢੀ): ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਦੇ ਆਲੇ-ਦੁਆਲੇ ਵੱਖ-ਵੱਖ ਲੰਗਰ ਲਗਾਉਣ ਵਾਲੇ ਸੰਤਾਂ-ਮਹਾਂਪੁਰਸ਼ਾਂ ਤੇ ਧਾਰਮਿਕ ਜਥੇਬੰਦੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਵੀਰਵਾਰ ਦਫਤਰ ਮਾਰਕੀਟ ਕਮੇਟੀ ਕੰਪਲੈਕਸ ਸੁਲਤਾਨਪੁਰ ਲੋਧੀ ਦੇ ਮੀਟਿੰਗ ਹਾਲ 'ਚ ਹੋਈ। ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਪੂਰਥਲਾ ਇੰਜ. ਦਵਿੰਦਰਪਾਲ ਸਿੰਘ ਖਰਬੰਦਾ ਨੇ ਕੀਤੀ । ਇਸ ਮੀਟਿੰਗ 'ਚ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਇੰਡੀਅਨ ਆਇਲ ਗੈਸ ਵਿਭਾਗ ਨਗਰ ਕੌਸਲ, ਬਿਜਲੀ ਵਿਭਾਗ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਵੀ ਸ਼ਿਰਕਤ ਕੀਤੀ।

ਇਸ ਮੀਟਿੰਗ ਦੌਰਾਨ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਨੂੰ ਅਲਾਟ ਹੋਏ ਲੰਗਰ ਸਥਾਨਾਂ ਤੇ ਸਰਕਾਰ ਵਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਜਦ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ. ਈ. ਇੰਜ. ਕੇ. ਐਸ. ਸੈਣੀ ਨੇ ਐਲਾਨ ਕੀਤਾ ਕਿ ਸੁਲਤਾਨਪੁਰ ਲੋਧੀ ਵਿਖੇ ਲਗਾਏ ਜਾਣ ਵਾਲੇ 36 ਲੰਗਰ ਸਥਾਨਾਂ 'ਚੋਂ ਉਨ੍ਹਾਂ ਦਾ ਵਿਭਾਗ ਸਿਰਫ 12 ਲੰਗਰ ਪੁਆਇੰਟਾਂ 'ਤੇ ਹੀ ਪੀਣ ਦਾ ਪਾਣੀ, ਪਖਾਨੇ ਤੇ ਬਾਥਰੂਮ ਆਦਿ ਬਣਾਉਣ ਦਾ ਪ੍ਰਬੰਧ ਕਰ ਸਕੇਗਾ ਤੇ ਬਾਕੀ ਸਾਰੇ ਲੰਗਰ ਸਥਾਨਾਂ 'ਤੇ ਲੰਗਰ ਲਗਾਉਣ ਵਾਲੀਆਂ ਕਮੇਟੀਆਂ ਤੇ ਸੰਤਾਂ ਮਹਾਂਪੁਰਸ਼ਾਂ ਨੂੰ ਖੁਦ ਹੀ ਪਿਸ਼ਾਬਘਰ, ਪਖਾਨੇ, ਬਾਥਰੂਮ ਤੇ ਪੀਣ ਦੇ ਪਾਣੀ ਲਈ ਪ੍ਰਬੰਧ ਕਰਨੇ ਪੈਣਗੇ । ਇਹ ਸੁਣਦੇ ਹੀ ਲੰਗਰ ਕਮੇਟੀਆਂ ਵਲੋਂ ਅਧਿਕਾਰੀਆਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਲੰਗਰ ਸਥਾਨਾਂ 'ਤੇ ਕੋਈ ਪ੍ਰਬੰਧ ਨਹੀ ਕਰਨੇ ਸਨ ਤਾਂ ਪਿਛਲੇ ਕਈ ਮਹੀਨਿਆਂ ਤੋਂ ਮੀਟਿੰਗਾਂ ਕਰਕੇ ਝੂਠੇ ਲਾਰੇ ਕਿਉਂ ਲਗਾਏ ਜਾ ਰਹੇ ਹਨ ।

ਬਾਬਾ ਸਤਨਾਮ ਸਿੰਘ ਕਾਰ ਸੇਵਾ ਗੁਰਦੁਆਰਾ ਸੰਤਘਾਟ ਸਾਹਿਬ ਵਾਲੇ ਤੇ ਹੋਰਨਾਂ ਮਹਾਂਪੁਰਸ਼ਾਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਕਿ ਵਾਰ-ਵਾਰ ਫੋਕੀਆਂ ਮੀਟਿੰਗਾਂ ਕਰਕੇ ਸਾਡਾ ਟਾਈਮ ਕਿਉਂ ਖਰਾਬ ਕੀਤਾ ਜਾਂਦਾ ਹੈ, ਜੇਕਰ ਸਰਕਾਰਾਂ ਨੇ ਕੁਝ ਸਹੂਲਤਾਂ ਦੇਣੀਆਂ ਹੀ ਨਹੀ ਹਨ। ਇਸ ਤੋਂ ਇਲਾਵਾ ਬਾਬਾ ਸਤਨਾਮ ਸਿੰਘ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਸੰਤਘਾਟ ਸਾਹਿਬ ਦੇ ਰਸਤੇ ਹੁਣ ਤੱਕ ਨਾਂ ਬਣਾਉਣ ਦਾ ਵੀ ਮੁੱਦਾ ਉਠਾਇਆ ਤੇ ਕਿਹਾ ਕਿ ਲੱਖਾਂ  ਸੰਗਤਾਂ ਕਿਵੇਂ ਛੋਟੇ ਜਿਹੇ ਰਸਤੇ ਤੋਂ ਲੰਘ ਸਕਣਗੀਆਂ । ਜਿਸ 'ਤੇ ਡਿਪਟੀ ਕਮਿਸ਼ਨਰ ਇੰਜ. ਦਵਿੰਦਰਪਾਲ ਸਿੰਘ ਲੰਗਰ ਕਮੇਟੀਆਂ ਤੇ ਬਾਬਾ ਸਤਨਾਮ ਸਿੰਘ ਨੂੰ ਸ਼ਾਂਤ ਹੋਣ ਦੀ ਅਪੀਲ ਕਰਦੇ ਵਿਸ਼ਵਾਸ਼ ਦਿਵਾਇਆ ਕਿ ਸਾਰੇ ਹੀ ਲੰਗਰ ਪੁਆਇੰਟਾਂ 'ਤੇ ਪੀਣ ਦੇ ਪਾਣੀ, ਆਰਜੀ ਪਿਸ਼ਾਬਘਰ, ਪਾਖਾਨੇ ਤੇ ਬਾਥਰੂਮ ਬਣਾਏ ਜਾਣਗੇ ।

ਉਨ੍ਹਾਂ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਜਿਨ੍ਹਾਂ-ਜਿਨ੍ਹਾਂ ਲੰਗਰ ਪੁਆਇੰਟਾਂ 'ਤੇ ਪਹਿਲਾਂ ਪਾਖਾਨੇ, ਬਾਥਰੂਮ ਤੇ ਪਾਣੀ ਦੇ ਪ੍ਰਬੰਧ ਨਹੀ ਕੀਤੇ ਗਏ ਉਹ ਸਾਰਿਆਂ ਦੀ ਸੂਚੀ ਦੁਬਾਰਾ ਬਣਾਈ ਜਾਵੇ ਤੇ ਸਭ ਨੂੰ ਲੋੜ ਅਨੁਸਾਰ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਜਿਸ ਤੋਂ ਬਾਅਦ ਐਸ ਈ ਇੰਜ. ਕੇ ਐਸ ਸੈਣੀ ਨੇ ਇਕੱਲੇ ਇਕੱਲੇ ਲੰਗਰ ਕਮੇਟੀ ਦੀ ਦੁਬਾਰਾ ਸੂਚੀ ਤਿਆਰ ਕੀਤੀ ।


Related News