ਪੰਜਾਬ ਪੁਲਸ ਤੇ ਬੀ. ਐਸ. ਐਫ. ਕੋਲ ਡਰੋਨ ਫੜ੍ਹਨ ਵਾਲਾ ਯੰਤਰ ਨਹੀਂ : ਰੰਧਾਵਾ

09/28/2019 12:49:14 AM

ਜਲੰਧਰ: ਤਰਨਤਾਰਨ ਜ਼ਿਲੇ 'ਚ ਹਾਲ ਹੀ 'ਚ ਕੁੱਝ ਹਥਿਆਰ ਬਰਾਮਦ ਹੋਏ ਹਨ। ਜਿਸ 'ਤੇ ਪੰਜਾਬ ਪੁਲਸ ਦਾ ਦਾਅਵਾ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਪਾਕਿਸਤਾਨ ਵਲੋਂ ਡਰੋਨ ਰਾਹੀ ਪਹੁੰਚਾਇਆ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟੀ. ਵੀ. ਚੈਨਲ ਨੂੰ ਦਿੱਤੇ ਇਕ ਇੰਟਰਵਿਊ 'ਚ ਕਿਹਾ ਹੈ ਕਿ ਪੰਜਾਬ ਪੁਲਸ ਤੇ ਬੀ. ਐਸ. ਐਫ. ਕੋਲ ਡਰੋਨ ਫੜ੍ਹਨ ਵਾਲਾ ਯੰਤਰ ਹੀ ਨਹੀਂ ਹੈ। ਡਰੋਨ ਨੂੰ ਹਰ ਸਮੇਂ ਹਰ ਥਾਂ 'ਤੇ ਨਹੀਂ ਉਡਾਇਆ ਜਾ ਸਕਦਾ ਕਿਉਂਕਿ ਇਸ ਸਬੰਧੀ ਭਾਰਤ ਸਰਕਾਰ ਵਲੋਂ ਕੁੱਝ ਨਿਯਮ ਬਣਾਏ ਗਏ ਹਨ। ਸਾਰੇ ਡਰੋਨਜ਼ ਨੂੰ ਡਿਜ਼ੀਟਲ ਸਕਾਈ ਨਾਮ ਦੇ ਡਿਜ਼ੀਟਲ ਪਲੇਟਫਾਰਮ ਤੋਂ ਮੋਨੀਟਰ ਕੀਤਾ ਜਾਂਦਾ ਹੈ। 

5 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ ਡਰੋਨਜ਼
ਡਰੋਨਜ਼ ਨੂੰ 5 ਸ਼੍ਰੇਣੀਆਂ 'ਚ ਵੰਡਿਆ ਗਿਆ ਹੈ। ਜਿਸ 'ਚ ਨੈਨੋ ਨੂੰ 250 ਗ੍ਰਾਮ ਤੋਂ ਘੱਟ, ਮਾਈਕਰੋ ਨੂੰ 250 ਗ੍ਰਾਮ ਤੋਂ 2 ਕਿਲੋਗ੍ਰਾਮ ਤਕ, ਛੋਟੇ ਡਰੋਨ ਨੂੰ 2 ਤੋਂ 25 ਕਿਲੋਗ੍ਰਾਮ ਤਕ, ਮੀਡੀਆ 25 ਤੋਂ 150 ਕਿਲੋਗ੍ਰਾਮ, ਵੱਡੇ ਡਰੋਨ ਨੂੰ 150 ਕਿਲੋਗ੍ਰਾਮ ਜਾਂ ਉਸ ਤੋਂ ਭਾਰੀ ਸ਼ਾਮਲ ਹਨ। ਨੈਨੋ ਸ਼੍ਰੇਣੀ ਨੂੰ ਛੱਡ ਕੇ ਹਰ ਉਡਾਨ ਲਈ ਯੂਜ਼ਰਸ ਨੂੰ ਮੋਬਾਇਲ ਐਪ ਜ਼ਰੀਏ ਇਜਾਜ਼ਤ ਲੈਣੀ ਹੁੰਦੀ ਹੈ, ਜੋ ਕਿ ਇਕ ਆਟੋਮੈਟਿਕ ਪ੍ਰੋਸੈਸ ਜ਼ਰੀਏ ਤੁਰੰਤ ਬੇਨਤੀ ਮੰਨ ਲਈ ਜਾਂਦੀ ਹੈ ਜਾਂ ਫਿਰ ਰੱਦ ਕਰ ਦਿੱਤੀ ਜਾਂਦੀ ਹੈ। ਬਿਨਾ ਡਿਜ਼ੀਟਲ ਪਰਮਿਟ ਦੇ ਕਿਸੇ ਨੂੰ ਵੀ ਡਰੋਨ ਉਡਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਜੋ ਡਰੋਨ ਮਨਜ਼ੂਰਸ਼ੁਦਾ ਸਥਾਨਾਂ 'ਤੇ ਹੀ ਉਡਾਨ ਭਰ ਸਕਣ। ਸਿਰਫ ਉਨ੍ਹਾਂ ਨੂੰ ਛੂਟ ਹੁੰਦੀ ਹੈ ਜੋ 50 ਫੁੱਟ ਤੋਂ ਥੱਲੇ ਉਡਾਣ ਭਰਦੇ ਹਨ ਤੇ ਮਾਈਕਰੋ ਡਰੋਨ ਜੋ 200 ਫੁੱਟ ਤੋਂ ਥੱਲੇ ਉਡਾਣ ਭਰਦੇ ਹਨ। ਡਰੋਨ ਇਸਤੇਮਾਲ ਕਰਨ ਵਾਲਿਆਂ ਨੂੰ ਇਕ ਵਾਰ ਆਪਣਾ ਡਰੋਨ ਉਸ ਦੇ ਪਾਇਲਟ ਤੇ ਉਸ ਦੇ ਮਾਲਿਕਾਨਾ ਹੱਕ ਬਾਰੇ ਰਜ਼ਿਸਟਰੇਸ਼ਨ ਕਰਵਾਉਣਾ ਪੈਂਦਾ ਹੈ। ਨੈਨੋ ਡਰੋਨ ਨੂੰ ਛੱਡ ਕੇ ਬਾਕੀ ਸਾਰੇ ਡਰੋਨ ਨੂੰ ਇਕ ਖਾਸ ਨੰਬਰ ਦੇ ਨਾਲ ਰਜਿਸਟਰ ਕੀਤਾ ਜਾਂਦਾ ਹੈ। ਡਰੋਨ ਨੂੰ ਚਲਾਉਣ ਸਮੇਂ ਕਈ ਨਿਯਮਾਂ ਦੀ ਪਾਲਣਾ ਕਰਨੀਂ ਪੈਂਦੀ ਹੈ।

ਕਿਥੋਂ ਡਰੋਨ ਨਹੀਂ ਉਡਾ ਸਕਦੇ
ਹਵਾਈ ਅੱਡੇ ਦੇ ਅੰਦਰ ਤੇ ਉਸ ਦੇ ਆਲੇ-ਦੁਆਲੇ, ਕੌਮਾਂਤਰੀ ਸਰਹੱਦਾਂ ਨੇੜੇ, ਦਿੱਲੀ ਦੇ ਵਿਜੇ ਚੌਂਕ, ਸੂਬਿਆਂ ਦੀ ਰਾਜਧਾਨੀਆਂ ਦੇ ਸਕਰਤਰੇਤ ਤੇ ਹਰ ਉਸ ਥਾਂ 'ਤੇ ਡਰੋਨ ਨੂੰ ਨਹੀਂ ਉਡਾਇਆ ਜਾ ਸਕਦਾ,  ਜਿਥੇ ਫੌਜ ਨਾਲ ਜੁੜੀਆਂ ਥਾਵਾਂ ਹੋਣ।