ਸੁਖਬੀਰ ਬਾਦਲ ਦੀ ਝੂਠ ਦੀ ਪਟਾਰੀ ’ਚੋਂ ਨਿਕਲੇ ਨਵੇਂ ਸ਼ਗੂਫੇ : ਚੌਧਰੀ,ਆਜ਼ਾਦ

11/15/2018 6:35:56 AM

ਜਲੰਧਰ,   (ਚੋਪੜਾ)-  ਕੈਪਟਨ ਅਮਰਿੰਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਫੰਡ ਨਾ ਜਾਰੀ ਹੋਣ ਦੇ ਦੋਸ਼ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਝੂਠ ਦਾ ਪਟਾਰੀ ’ਤੋਂ ਨਿਕਲੇ ਨਵੇਂ ਸ਼ਗੂਫੇ ਹਨ। ਉਕਤ ਸ਼ਬਦ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਸੁਰਿੰਦਰ ਚੌਧਰੀ ਤੇ ਜ਼ਿਲਾ ਕਾਂਗਰਸ ਇਕਨਾਮਿਕਸ ਐਂਡ ਪੋਲੀਟਿਕਲ ਸੈੱਲ ਦੇ ਚੇਅਰਮੈਨ ਐਡਵੋਕੇਟ ਹਰਪ੍ਰੀਤ ਸਿੰਘ ਆਜ਼ਾਦ ਨੇ ਕਹੇ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਚੰਗਾ ਤਾਂ ਇਹ ਹੁੰਦਾ ਕਿ ਬਾਦਲ ਆਪਣੇ ਗੁਨਾਹਾਂ ਦੀ ਜਨਤਾ ਤੋਂ ਮੁਆਫੀ ਮੰਗ ਲੈਂਦੇ ਕਿ ਕਿਸ ਤਰ੍ਹਾਂ ਅਕਾਲੀ ਦਲ ਨੇ 10 ਸਾਲ ਦੇ ਕਾਰਜਕਾਲ ਦੌਰਾਨ ਸਕਾਲਰਸ਼ਿਪ ਸਹਿਤ ਕਈ ਘਪਲੇ ਕੀਤੇ ਹਨ। 
ਉਨ੍ਹਾਂ ਨੇ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੌਰਾਨ ਸਾਲ  2013-14 ਦੀ ਸਕੀਮ ਦੇ ਫੰਡਾਂ ’ਚ ਕਰੀਬ 384 ਕਰੋੜ ਰੁਪਏ ਦੀ ਪੈਂਡੈਂਸੀ ਰਹੀ। ਇਸੇ ਤਰ੍ਹਾਂ ਹੀ 2014-15 ’ਚ 437 ਕਰੋੜ, 2015-16 ’ਚ 150 ਕਰੋੜ ਤੇ 2016-17 ’ਚ 310 ਕਰੋੜ ਰੁਪਏ ਐੱਸ.ਸੀ./ਐੱਸ.ਟੀ. ਵਿਦਿਆਰਥੀਆਂ  ਨੂੰ ਜਾਰੀ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਉਂਦੇ ਹੀ ਪਿਛਲਾ ਸਾਰਾ ਬਕਾਇਆ ਜਾਰੀ ਕਰਵਾਇਆ। ਬਾਦਲ ਸਰਕਾਰ ਨੇ ਕੇਂਦਰ ਸਰਕਾਰ ਨੂੰ ਯੂ. ਸੀ. ਸਰਟੀਫਿਕੇਟ ਨਹੀਂ ਦਿੱਤੇ ਸਨ ਜਿਸ ਕਾਰਨ ਕੇਂਦਰ ਨੇ ਫੰਡਾਂ ’ਤੇ ਰੋਕ ਲਗਾ ਦਿੱਤੀ ਸੀ। ਕਾਂਗਰਸ ਸਰਕਾਰ ਨੇ ਬਾਦਲ ਸਰਕਾਰ ਦੇ 10 ਸਾਲ ਦੇ ਘਪਲਿਆਂ ਦੀ ਜਾਂਚ ਦੇ ਆਦੇਸ਼ ਦਿੱਤੇ ਜਿਸ ਕਾਰਨ 400 ਕਰੋੜ ਰੁਪਏ ਦਾ ਘੋਟਾਲਾ ਸਾਹਮਣੇ ਆ ਚੁੱਕਾ ਹੈ।  ਉਨ੍ਹਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਆਉਣ ਵਾਲੇ ਮਹੀਨਿਆਂ ’ਚ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਅਤੇ ਜਾਂਚ ਰਿਪੋਰਟ ਅਕਾਲੀ ਦਲ ਦੀ ਪੋਲ ਖੋਲ੍ਹ ਦੇਵੇਗੀ।