ਸੁੱਖਾ ਕਾਹਲਵਾਂ ਦੀ ਮੌਤ ਤੋਂ ਬਾਅਦ ਗੈਂਗ ਨੂੰ ਅਪਡੇਟ ਕਰਨ ਵਾਲੇ ਗੋਪੀ ਨਿੱਝਰ ਸਣੇ 6 ਕਾਬੂ

12/14/2018 5:22:44 AM

ਜਲੰਧਰ,   (ਵਰਿੰਦਰ, ਮਹੇਸ਼)—   ਜ਼ਿਲਾ ਦਿਹਾਤੀ ਪੁਲਸ ਨੇ ਗੈਂਗਸਟਰ ਸੁੱਖਾ ਕਾਹਲਵਾਂ ਦੀ  ਮੌਤ ਤੋਂ ਬਾਅਦ ਉਸ ਦੇ ਗੈਂਗ ਨੂੰ ਅੱਪਡੇਟ ਕਰਨ ਵਾਲੇ 24 ਸਾਲ ਦੇ 12ਵੀਂ ਪਾਸ  ਗੁਰਪ੍ਰੀਤ ਸਿੰਘ ਉਰਫ ਗੋਪੀ ਨਿੱਝਰ ਸਮੇਤ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ,  ਜੋ ਕਿ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ।
 ਫੜੇ ਗਏ  ਮੁਲਜ਼ਮਾਂ ਤੋਂ 7.65 ਤੇ 315 ਬੋਰ ਦੇ 4 ਪਿਸਤੌਲ, 7 ਜ਼ਿੰਦਾ ਕਾਰਤੂਸ, 2 ਦਾਤ, 250  ਗ੍ਰਾਮ ਨਸ਼ੇ ਵਾਲਾ ਪਾਊਡਰ ਤੇ ਇਕ ਕਾਰ ਬਰਾਮਦ ਕੀਤੀ ਗਈ। ਫੜੇ ਗਏ ਮੁਲਜ਼ਮਾਂ ਵਿਚੋਂ 17 ਸਾਲ  ਦਾ ਇਕ ਨੌਜਵਾਨ ਵੀ ਸ਼ਾਮਲ ਹੈ। ਉਕਤ ਜਾਣਕਾਰੀ ਵੀਰਵਾਰ ਨੂੰ ਐੱਸ. ਐੱਸ. ਪੀ. ਦਿਹਾਤੀ  ਨਵਜੋਤ ਸਿੰਘ ਮਾਹਲ ਨੇ ਪੱਤਰਕਾਰਾਂ ਨੂੰ ਦਿੱਤੀ। ਉਨ੍ਹਾਂ ਨਾਲ ਐੱਸ. ਪੀ. ਡੀ. ਬਲਕਾਰ  ਸਿੰਘ, ਡੀ. ਐੱਸ. ਪੀ. ਕਰਤਾਪੁਰ ਦਿੱਗਵਿਜੇ ਕਪਿਲ, ਡੀ. ਐੱਸ. ਪੀ. ਹੈੱਡਕੁਆਰਟਰ ਬਲਵਿੰਦਰ  ਇਕਬਾਲ ਸਿੰਘ ਕਾਹਲੋਂ, ਐੱਸ. ਐੱਚ. ਓ. ਲਾਂਬੜਾ ਪੁਸ਼ਪ ਬਾਲੀ ਵੀ ਮੌਜੂਦ ਸਨ। ਫੜੇ ਗਏ  ਮੁਲਜ਼ਮਾਂ ਖਿਲਾਫ ਥਾਣਾ ਲਾਂਬੜਾ ਵਿਚ ਕੇਸ ਦਰਜ ਕਰ ਲਿਆ  ਗਿਆ ਹੈ। 
ਮੰਡ-ਨਿੱਝਰਾਂ ਰੋਡ ’ਤੇ ਕੀਤੀ ਸੀ ਨਾਕਾਬੰਦੀ
ਗੈਂਗਸਟਰਾਂ ਦੀ ਸੂਚਨਾ  ਮਿਲਦੇ ਹੀ ਐੱਸ. ਐੱਚ. ਓ. ਲਾਂਬੜਾ ਪੁਸ਼ਪ ਬਾਲੀ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਮੰਡ  ਤੋਂ ਨਿੱਝਰਾਂ ਨੂੰ ਜਾਂਦੇ ਰਾਹ ’ਤੇ ਨਾਕਾਬੰਦੀ ਕਰ ਲਈ ਸੀ। ਇਸ ਦੌਰਾਨ ਨਿੱਝਰਾਂ ਗੇਟ  ਵਲੋਂ ਨਿਕਲੀ ਆਰਟਿਕਾ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ, ਜਿਸ ’ਚ ਹਥਿਆਰਾਂ ਨਾਲ ਲੈਸ 6  ਵਿਅਕਤੀ ਸਵਾਰ ਸਨ। ਉਨ੍ਹਾਂ ਨੇ ਆਪਣਾ ਪੁੱਛਗਿੱਛ ’ਚ ਗੁਨਾਹ ਕਬੂਲ ਕਰਦੇ ਹੋਏ ਕਿਹਾ ਕਿ  ਉਹ ਕਿਸੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ, ਜਿਸ ਤੋਂ  ਬਾਅਦ ਐੱਸ. ਐੱਚ. ਓ. ਪੁਸ਼ਪ ਬਾਲੀ ਉਨ੍ਹਾਂ ਨੂੰ ਫੜ ਕੇ ਥਾਣੇ ਲੈ ਗਏ, ਜਿਸ ਵਿਚ ਉਨ੍ਹਾਂ  ਨੇ ਮੰਨਿਆ ਕਿ ਉਹ ਗੈਂਗਸਟਰ ਸੁੱਖਾ ਕਾਹਲਵਾਂ ਗੈਂਗ ਦੇ ਸਰਗਰਮ ਮੈਂਬਰ ਹਨ। 
ਪੁੱਛਗਿੱਛ ’ਚ ਕੀ-ਕੀ ਬੋਲੇ ਮੁਲਜ਼ਮ
ਗੁਰਪ੍ਰੀਤ  ਸਿੰਘ ਗੋਪੀ ਪੁੱਤਰ ਜਸਵੀਰ ਸਿੰਘ ਵਾਸੀ ਜੈਰਾਮਪੁਰ ਥਾਣਾ ਸੁਭਾਨਪੁਰ ਜ਼ਿਲਾ ਕਪੂਰਥਲਾ ਨੇ  ਪੁੱਛਗਿੱਛ ’ਚ ਕਿਹਾ ਕਿ ਉਹ ਸੁੱਖਾ ਕਾਹਲਵਾਂ ਦੀ ਮੌਤ ਤੋਂ ਬਾਅਦ ਉਸ ਦੇ ਗੈਂਗ ਨੂੰ  ਅੱਪਡੇਟ ਕਰਨ ਲੱਗ ਪਿਆ ਸੀ। ਉਸ ਨੇ ਕਿਹਾ ਕਿ ਸੁੱਖਾ  ਕਾਹਲਵਾਂ ਕਤਲ ਕੇਸ ’ਚ ਉਹ  ਮੇਨ  ਗਵਾਹ ਵੀ ਹੈ। ਗੋਪੀ ਨਿੱਝਰ ’ਤੇ ਥਾਣਾ ਮਤੇਵਾਲ ਜ਼ਿਲਾ ਅੰਮ੍ਰਿਤਸਰ ਵਿਚ 420, 395, 467  ਆਦਿ ਐਕਟ ਸਮੇਤ ਕੇਸ ਵੀ ਦਰਜ ਹਨ। 
ਘਰ ’ਚ ਹੀ ਕਰਿਆਨੇ ਦੀ ਦੁਕਾਨ ਹੈ।  ਦਸਵੀਂ ਪਾਸ  17 ਸਾਲ ਦੇ ਨਾਬਾਲਗ ਗੁਰਪ੍ਰੀਤ ਸਿੰਘ ਉਰਫ ਗੋਪੀ ਸ਼ੂਟਰ ਪੁੱਤਰ ਦਵਿੰਦਰ ਕੁਮਾਰ ਟੋਨੀ ਵਾਸੀ ਪਿੰਡ ਘੋੜਾਬਾਹਾ ਥਾਣਾ ਟਾਂਡਾ ਜ਼ਿਲਾ ਹੁਸ਼ਿਆਰਪੁਰ ਨੇ ਕਿਹਾ ਕਿ ਉਸ ’ਤੇ ਥਾਣਾ  ਭੋਗਪੁਰ ਵਿਚ ਇਸ ਸਾਲ ਵਿਚ 20 ਜੂਨ ਨੂੰ ਕਤਲ ਦਾ ਕੇਸ ਦਰਜ ਹੋਇਆ ਸੀ। ਉਹ ਨਾਬਾਲਗ ਹੋਣ ਕਾਰਨ 3 ਮਹੀਨੇ ਜੇਲ ਵਿਚ ਰਹਿਣ ਤੋਂ ਬਾਅਦ ਜ਼ਮਾਨਤ ’ਤੇ ਬਾਹਰ ਆ ਗਿਆ ਸੀ।
25 ਸਾਲ  ਦੇ ਰਜਿੰਦਰ ਕੁਮਾਰ ਬੰਗੜ ਪੁੱਤਰ ਸੋਨੀ ਲਾਲ ਵਾਸੀ ਨਿਆਇਤਾ ਪਿੰਡ ਥਾਣਾ ਬੁੱਲ੍ਹੋਵਾਲ  ਜ਼ਿਲਾ ਹੁਸ਼ਿਆਰਪੁਰ ਨੇ ਕਿਹਾ ਕਿ ਉਸ ਨੇ ਸਿਵਲ ਇੰਜੀਨੀਅਰਿੰਗ ਕੀਤੀ ਹੈ। ਕੰਮ ਨਾ ਮਿਲਣ  ਕਾਰਨ ਉਹ ਨਸ਼ਾ ਸਮੱਗਲਿੰਗ ਕਰਨ ਲੱਗ ਪਿਆ। ਜਿਸ ਕਾਰਨ ਉਸ ’ਤੇ ਥਾਣਾ ਮਾਡਲ ਟਾਊਨ  ਹੁਸ਼ਿਆਰਪੁਰ ਵਿਚ 9 ਮਈ ਤੇ 23 ਅਗਸਤ  2017 ਨੂੰ ਐੱਨ. ਡੀ. ਪੀ. ਸੀ. ਐਕਟ ਦੇ ਕੇਸ ਦਰਜ  ਹਨ। 
8ਵੀਂ ਕਲਾਸ ਪਾਸ ਮੁਲਜ਼ਮ ਅਮਿਤ ਕੁਮਾਰ ਉਰਫ ਕਾਕੂ ਪੁੱਤਰ ਰਾਜ ਕੁਮਾਰ ਵਾਸੀ  ਮੁਹੱਲਾ ਗਾਜ਼ੀਗੁੱਲਾ ਨੂੰ ਫਲਾਈਓਵਰ ਨੇੜੇ ਸੋਢਲ ਰੋਡ ਮੰਦਰ ਥਾਣਾ ਨੰਬਰ  1 ਜਲੰਧਰ ਨੇ  ਕਿਹਾ ਕਿ ਉਸ ਦੀ ਉਮਰ 19 ਸਾਲ ਹੈ। ਉਹ ਸਟਿੱਕਰ ਬਣਾਉਣ ਦਾ ਕੰਮ ਕਰਦਾ ਹੈ।
ਸ਼ਹਿਜ਼ਾਦ  ਚੌਧਰੀ ਉਰਫ ਛੋਟਾ ਪੁੱਤਰ ਮੋਜਸ ਚੌਧਰੀ ਉਰਫ ਬੱਬੀ ਚੌਧਰੀ ਵਾਸੀ ਪਿੰਡ ਘੋੜਾਬਾਹਾ ਥਾਣਾ ਟਾਂਡਾ ਹਾਲ ਵਾਸੀ ਕਮਾਲਪੁਰਾ ਜ਼ਿਲਾ ਹੁਸ਼ਿਆਰਪੁਰ ਨੇ ਕਿਹਾ ਕਿ ਉਹ 11ਵੀਂ ਕਲਾਸ ਦੀ ਪੜ੍ਹਾਈ ਕਰ ਰਿਹਾ ਹੈ। 
12ਵੀਂ ਕਲਾਸ ਤੱਕ ਪੜ੍ਹਿਆ 27 ਸਾਲ ਦਾ ਅਵਿਨਾਸ਼ ਕੁਮਾਰ ਉਰਫ  ਸੰਜੂ ਪੁੱਤਰ ਜਸਵੰਤ ਰਾਏ ਮੁਹੱਲਾ ਵਿਜੇ ਨਗਰ ਨੇੜੇ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ  ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ।
7ਵਾਂ ਮੁਲਜ਼ਮ ਰਣੀਆ ਮੌਕੇ ਤੋਂ ਫਰਾਰ ਹੋ ਗਿਆ 
ਫੜੇ  ਗਏ ਮੁਲਜ਼ਮਾਂ ਵਿਚੋਂ 7ਵਾਂ ਮੁਲਜ਼ਮ ਰਣਜੀਤ ਸਿੰਘ ਉਰਫ ਰਣੀਆ ਪੁੱਤਰ ਜਗੀਰ ਸਿੰਘ ਵਾਸੀ  ਪਿੰਡ ਪੁਰਹੀਰਾਂ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਮੌਕੇ ਤੋਂ ਫਰਾਰ ਹੋ ਗਿਆ। ਉਸ ਦੀ  ਗ੍ਰਿਫਤਾਰੀ ਲਈ ਪੁਲਸ ਸ਼ੱਕੀ ਥਾਵਾਂ ’ਤੇ ਛਾਪੇ ਮਾਰ ਰਹੀ ਹੈ। 
ਬਰਾਮਦ ਕਾਰ ਗੈਂਗਸਟਰ ਜਤਿੰਦਰ ਦੇ ਨਾਂ
ਗੋਪੀ  ਨਿੱਝਰ ਅਤੇ ਉਸ ਦਾ ਸਾਥੀ ਜਿਸ ਕਾਰ ਵਿਚ ਘੁੰਮ ਰਹੇ ਸਨ, ਦੀ ਜਾਂਚ ਕਰਨ ’ਤੇ ਪਤਾ ਲੱਗਾ  ਕਿ ਉਸ ਦੀ ਆਰ. ਸੀ. ਮੁਹੱਲਾ ਫਤਿਹਗੜ੍ਹ ਜ਼ਿਲਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਜਤਿੰਦਰ ਕੁਮਾਰ  ਪੁੱਤਰ ਬਲਬੀਰ ਚੰਦ ਦੇ ਨਾਂ ’ਤੇ ਹੈ, ਜੋ ਕਿ ਇਕ ਨਾਮੀ ਗੈਂਗਸਟਰ ਹੈ। ਉਹ ਜ਼ਿਲਾ  ਹੁਸ਼ਿਆਰਪੁਰ ਦੇ ਕਈ ਥਾਣਿਆਂ ’ਚ ਮਾਮਲਿਆਂ ਵਿਚ ਭਗੌੜਾ ਵੀ ਹੈ।
2 ਦਿਨ ਦਾ ਲਿਆ ਪੁਲਸ ਰਿਮਾਂਡ
ਮੁਲਜ਼ਮ  ਗੋਪੀ ਨਿੱਝਰ, ਗੋਪੀ ਸ਼ੂਟਰ, ਸੰਜੂ, ਰਾਜਿੰਦਰ ਬੰਗੜ, ਅਮਿਤ ਕਾਕੂ, ਸ਼ਹਿਜ਼ਾਦ ਚੌਧਰੀ ਨੂੰ  ਪੁਲਸ ਨੇ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਤਾਂ ਜੋ  ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਸਕੇ।