ਘੱਟ ਨਹੀਂ ਰਿਹਾ ਫਾਈਨਾਂਸਰਾਂ ਤੋਂ ਦੁਖੀ ਵਿਅਕਤੀਆਂ ਵੱਲੋਂ ਖੁਦਕੁਸ਼ੀ ਕਰਨ ਦਾ ਸਿਲਸਿਲਾ

08/26/2019 6:27:08 AM

ਕਪੂਰਥਲਾ, (ਭੂਸ਼ਣ)- ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ ’ਚ ਫਾਈਨਾਂਸਰਾਂ ਤੋਂ ਦੁਖੀ ਮਾਸੂਮ ਵਿਅਕਤੀਆਂ ਵੱਲੋਂ ਖੁਦਕੁਸ਼ੀ ਕਰਨ ਦੀਆਂ ਘਟਨਾਵਾ ਥੰਮ ਨਹੀਂ ਰਹੀਆਂ ਹਨ, ਵੱਡੀ ਗਿਣਤੀ ’ਚ ਗਰੀਬ ਅਤੇ ਮੱਧਮ ਵਰਗ ਨਾਲ ਸਬੰਧਤ ਲੋਕਾਂ ਦੇ ਬੈਂਕ ਚੈੱਕ ਅਦਾਲਤਾਂ ਵਿਚ ਲਗਾਉਣ ਤੋਂ ਦੁਖੀ ਕਈ ਪਰਿਵਾਰ ਇਸ ਕਦਰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੋ ਚੁੱਕੇ ਹਨ ਕਿ ਉਹ ਕਦੇ ਵੀ ਭਵਿੱਖ ਵਿਚ ਅਜਿਹਾ ਕਦਮ ਚੁੱਕ ਸਕਦੇ ਹਨ। ਜੇਕਰ ਪੁਲਸ ਰਿਕਾਰਡ ਦੇ ਵੱਲ ਨਜ਼ਰ ਮਾਰੀ ਜਾਵੇ ਤਾਂ ਬੀਤੇ ਇਕ ਦਹਾਕੇ ਦੌਰਾਨ ਪੂਰੇ ਜ਼ਿਲੇ ’ਚ 50 ਦੇ ਕਰੀਬ ਲੋਕ ਫਾਈਨਾਂਸਰਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਦਾ ਰਸਤਾ ਅਪਣਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਸ਼ਹਿਰ ਦੇ ਮਾਡਲ ਟਾਊਨ ਖੇਤਰ ’ਚ ਸਕੂਲ ਅਧਿਆਪਕ ਹਰੀਸ਼ ਕੁਮਾਰ ਵੱਲੋਂ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰਨ ਦੇ ਮਾਮਲੇ ਨੇ ਪੂਰੇ ਸ਼ਹਿਰ ਨੂੰ ਹੈਰਾਨ ਕਰ ਦਿੱਤਾ ਹੈ। ਇਕ ਪਡ਼੍ਹੇ ਲਿਖੇ ਵਿਅਕਤੀ ਵੱਲੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਵਰਗੇ ਖੌਫਨਾਕ ਰਸਤੇ ਨੂੰ ਅਪਨਾਉਣ ਦੀ ਇਹ ਘਟਨਾ ਇਸ ਗੱਲ ਦਾ ਸਬੂਤ ਹੈ ਕਿ ਕਿਸ ਤਰ੍ਹਾਂ ਮੋਟੇ ਵਿਆਜ ਦੇ ਆਡ਼ ’ਚ ਆਮ ਲੋਕਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਗੌਰ ਹੋਵੇ ਕਿ ਕਿਸੇ ਅਧਿਆਪਕ ਵੱਲੋਂਂ ਫਾਈਨਾਂਸਰਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਪਿਛਲੇ 2 ਮਹੀਨੇ ਵਿਚ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਸ਼ਹਿਰ ਦੇ ਇਕ ਨਿੱਜੀ ਸਕੂਲ ਵਿਚ ਕੰਮ ਕਰ ਰਹੇ ਇਕ ਕੰਪਿਊਟਰ ਅਧਿਆਪਕ ਨੇ ਫਾਈਨਾਂਸਰਾਂ ਵੱਲੋੋਂ ਉਸ ਦੇ ਕਈ ਚੈੱਕ ਬੈਂਕਾਂ ਵਿਚ ਲਗਾਉਣ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ ਸੀ। ਜਿਸ ਵਿਚ ਸਿਟੀ ਪੁਲਸ ਨੇ ਕਈ ਲੋਕਾਂ ਨੂੰ ਨਾਮਜ਼ਦ ਕੀਤਾ ਸੀ। ਉਥੇ ਹੀ ਇਸ ਦੌਰਾਨ ਕਈ ਪਰਿਵਾਰਾਂ ਦੇ 2-2 ਮੈਂਬਰ ਤਕ ਵਿਆਜ ਦੀ ਮਾਰ ਨਾ ਸਹਿੰਦੇ ਹੋਏ ਖੁਦਕੁਸ਼ੀ ਦਾ ਰਸਤਾ ਅਪਣਾ ਚੁੱਕੇ ਹਨ।

ਦੱਸਿਆ ਜਾਂਦਾ ਹੈ ਕਿ ਕਪੂਰਥਲਾ ਸ਼ਹਿਰ ਸਮੇਤ ਪੂਰੇ ਜ਼ਿਲੇ ਵਿਚ ਸੈਂਕਡ਼ਿਆਂ ਦੀ ਗਿਣਤੀ ਵਿਚ ਅਜਿਹੇ ਲੋਕ ਫਾਈਨਾਂਸ ਦਾ ਕੰਮ ਕਰ ਰਹੇ ਹਨ, ਜੋ ਗਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ 10 ਤੋਂ 20 ਫ਼ੀਸਦੀ ਮੋਟੇ ਵਿਆਜ ’ਤੇ ਰਕਮ ਦੇ ਕੇ ਉਨ੍ਹਾਂ ਦਾ ਵੱਡੇ ਪੱਧਰ ’ਤੇ ਆਰਥਿਕ ਸ਼ੋਸ਼ਣ ਕਰ ਰਹੇ ਹਨ। ਜਿਨ੍ਹਾਂ ਵਿਚ ਕਈ ਮਾਸੂਮ ਲੋਕਾਂ ਵੱਲੋਂ ਵਿਆਜ ਸਮੇਤ ਪੂਰੀ ਰਕਮ ਦੇਣ ਦੇ ਬਾਅਦ ਵੀ ਨਾ ਤਾਂ ਉਨ੍ਹਾਂ ਦੇ ਬੈਂਕ ਚੈੱਕ ਵਾਪਸ ਕੀਤੇ ਜਾ ਰਹੇ ਹਨ ਨਾ ਹੀ ਅਦਾਲਤਾਂ ਤੋਂ ਮਾਮਲੇ ਵਾਪਸ ਲਏ ਜਾ ਰਹੇ ਹਨ। ਜਿਸ ਕਾਰਣ ਕਈ ਪਰਿਵਾਰ ਤਬਾਹੀ ਦੇ ਕਗਾਰ ਤੇ ਪਹੁੰਚ ਗਏ ਹਨ। ਹਾਲਾਤ ਇੰਨੇ ਖਰਾਬ ਹੋ ਚੁੱਕੇ ਹਨ ਕਿ ਫਾਈਨਾਂਸਰਾਂ ਦੀ ਮਾਰ ਵਿਚ ਆਏ ਕਾਫ਼ੀ ਗਿਣਤੀ ਵਿਚ ਲੋਕ ਸ਼ਹਿਰ ਨੂੰ ਛੱਡ ਕੇ ਦੂਰ ਦਰਾਜ ਦੇ ਖੇਤਰਾਂ ਵਿਚ ਜਾ ਕੇ ਵੱਸ ਗਏ ਹਨ। ਅਜੇ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਲੋਕਾਂ ਨੂੰ ਅਜਿਹੇ ਫਾਈਨਾਂਸਰਾਂ ਤੋਂ ਬਚਨ ਦੀ ਗੱਲ ਕਹਿਣ ਦੇ ਬਾਵਜੂਦ ਵੀ ਆਮ ਲੋਕ ਇਸ ਦੇ ਝਾਂਸੇ ’ਚ ਫੱਸਦੇ ਜਾ ਰਹੇ ਹਨ ਅਤੇ ਅਜਿਹੇ ਫਾਈਨਾਂਸਰਾਂ ਖਿਲਾਫ ਜ਼ਿਲੇ ’ਚ ਕੋਈ ਵੱਡਾ ਐਕਸ਼ਨ ਨਾ ਹੋਣ ਕਾਰਨ ਗਰੀਬ ਲੋਕ ਇਸ ਦਾ ਸ਼ਿਕਾਰ ਬਣਦੇ ਜਾ ਰਹੇ ਹਨ।

Bharat Thapa

This news is Content Editor Bharat Thapa