ਬਿਸਤ ਦੋਆਬ ਨਹਿਰ ''ਚ ਸਾਬਕਾ ਫੌਜੀ ਨੇ ਮਾਰੀ ਛਾਲ

07/01/2019 9:08:09 PM

ਕੋਟ ਫ਼ਤੂਹੀ (ਬਹਾਦਰ ਖਾਨ)— ਸਥਾਨਕ ਬਿਸਤ ਦੋਆਬ ਨਹਿਰ ਵਿਚ ਪਿੰਡ ਮਾਹਲਾ ਬਲਟੋਹੀਆ ਦੇ ਇਕ ਸਾਬਕਾ ਫੌਜੀ ਵੱਲੋਂ ਛਾਲ ਮਾਰ ਦੇਣ ਦੀ ਖ਼ਬਰ ਪ੍ਰਾਪਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਹਲਾ ਬਲਟੋਹੀਆ ਦਾ ਸਾਬਕਾ ਫੌਜੀ ਗਿਆਨ ਸਿੰਘ (65) ਪੁੱਤਰ ਸੁਰਜਨ ਰਾਮ, ਜੋ ਪਿੰਡੋਂ ਕੋਟ ਫ਼ਤੂਹੀ ਆਪਣੇ ਸਾਈਕਲ ਉੱਪਰ ਆਇਆ ਹੋਇਆ ਸੀ, ਨੇ ਬਾਜ਼ਾਰ ਵਿਚੋਂ ਸਬਜ਼ੀ ਲੈਣ ਉਪਰੰਤ ਨਹਿਰ ਕਿਨਾਰੇ ਆਪਣਾ ਸਾਈਕਲ ਖੜ੍ਹਾ ਕਰ ਅਤੇ ਆਪਣੀ ਕਮੀਜ਼ ਉਤਾਰ ਕੇ ਸਾਈਕਲ ਉੱਪਰ ਰੱਖਣ ਉਪਰੰਤ ਅਚਾਨਕ ਨਹਿਰ ਵਿਚ ਛਾਲ ਮਾਰ ਦਿੱਤੀ। ਨੇੜਲੇ ਦੁਕਾਨਦਾਰਾਂ, ਰੇਹੜੀਆਂ ਵਾਲਿਆਂ ਅਤੇ ਰਾਹਗੀਰਾਂ ਨੇ ਉਸ ਦੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਤੇਜ਼ ਵਹਾਅ ਉਸ ਨੂੰ ਵਹਾਅ ਕੇ ਲੈ ਗਿਆ।
ਸੂਚਨਾ ਮਿਲਣ ਉਪਰੰਤ ਪੁਲਸ ਚੌਕੀ ਕੋਟ ਫ਼ਤੂਹੀ ਤੋਂ ਏ. ਐੱਸ. ਆਈ. ਜਸਵੀਰ ਸਿੰਘ ਸਾਥੀ ਮੁਲਾਜ਼ਮਾਂ ਨਾਲ ਪਹੁੰਚੇ ਅਤੇ ਨਹਿਰ ਵਿਚ ਰੁੜ੍ਹੇ ਸਾਬਕਾ ਫੌਜੀ ਦੇ ਘਰੋਂ ਉਸ ਦੀ ਸ਼ਨਾਖ਼ਤ ਕਰ ਕੇ ਪਿੰਡ ਦੇ ਮੋਹਤਬਰ ਵਿਅਕਤੀਆਂ ਅਤੇ ਗੋਤਾਖੋਰਾਂ ਨੂੰ ਨਾਲ ਲੈ ਕੇ ਉਸ ਦੀ ਭਾਲ ਆਰੰਭ ਦਿੱਤੀ। ਜ਼ਿਕਰਯੋਗ ਹੈ ਕਿ ਰੁੜ੍ਹੇ ਸਾਬਕਾ ਫੌਜੀ ਦੀਆਂ ਪੰਜ ਧੀਆਂ ਹਨ, ਜਿਨ੍ਹਾਂ ਵਿਚੋਂ ਚਾਰ ਵਿਆਹੀਆਂ ਹੋਈਆਂ ਹਨ। ਖ਼ਬਰ ਲਿਖੇ ਜਾਣ ਤੱਕ ਨਹਿਰ ਵਿਚੋਂ ਸਾਬਕਾ ਫੌਜੀ ਦੀ ਭਾਲ ਜਾਰੀ ਸੀ।

KamalJeet Singh

This news is Content Editor KamalJeet Singh