ਅਧਿਆਪਕ ਵੱਲੋਂ ਮਾੜੇ ਸ਼ਬਦ ਬੋਲਣ ''ਤੇ ਵਿਦਿਆਰਥਣ ਨੇ ਕੱਟੀਆਂ ਨਸਾਂ

01/25/2020 2:40:12 PM

ਜਲੰਧਰ (ਮਹੇਸ਼)— ਕੈਂਟ ਖੇਤਰ 'ਚ ਇਕ ਸਕੂਲ ਦੇ ਅਧਿਆਪਕ ਵੱਲੋਂ ਆਪਣੇ ਹੀ ਸਕੂਲ 'ਚ ਪੜ੍ਹਦੀ 12ਵੀਂ ਜਮਾਤ (ਨਾਨ-ਮੈਡੀਕਲ) ਦੀ ਵਿਦਿਆਰਥਣ ਨੂੰ ਥੱਪੜ ਮਾਰਨ ਅਤੇ ਮਾੜੇ ਸ਼ਬਦ ਬੋਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਵਿਦਿਆਰਥਣ ਨੇ ਆਪਣੀਆਂ ਨਸਾਂ ਕੱਟ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਲਾਂਕਿ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ ਪਰ ਥਾਣਾ ਕੈਂਟ ਅਧੀਨ ਪੈਂਦੇ ਇਕ ਪਿੰਡ ਦੀ ਰਹਿਣ ਵਾਲੀ ਉਕਤ ਲੜਕੀ ਦਾ ਮਾਮਲਾ ਥਾਣਾ ਕੈਂਟ ਦੀ ਪੁਲਸ ਕੋਲ ਪਹੁੰਚਣ ਕਾਰਨ ਗੰਭੀਰ ਹੁੰਦਾ ਜਾ ਰਿਹਾ ਹੈ।

ਪਤਾ ਲੱਗਾ ਹੈ ਕਿ ਲੜਕੀ ਦਾ ਪਿਤਾ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਥਾਣੇ 'ਚ ਅਧਿਆਪਕ ਖਿਲਾਫ ਸ਼ਿਕਾਇਤ ਦੇਣ ਗਿਆ ਸੀ, ਜਦਕਿ ਥਾਣਾ ਕੈਂਟ ਮੁਖੀ ਇੰਸਪੈਕਟਰ ਰਾਮਪਾਲ ਨੇ ਕਿਹਾ ਹੈ ਕਿ ਮਾਮਲਾ ਉਨ੍ਹਾਂ ਦੇ ਧਿਆਾਨ 'ਚ ਜ਼ਰੂਰ ਆਇਆ ਹੈ ਪਰ ਅਜੇ ਨਾ ਤਾਂ ਲੜਕੀ ਨੇ ਪੁਲਸ ਨੂੰ ਕੋਈ ਬਿਆਨ ਦਿੱਤੇ ਹਨ ਅਤੇ ਨਾ ਹੀ ਉਸ ਦੇ ਪਰਿਵਾਰ ਵਾਲੀਆਂ ਨੇ ਕੋਈ ਲਿਖਤੀ ਸ਼ਿਕਾਇਤ ਪੁਲਸ ਨੂੰ ਸੌਂਪੀ ਹੈ। ਸਕੂਲ ਦੇ ਪ੍ਰਿੰਸੀਪਲ ਵੱਲੋਂ ਇਸ ਸਬੰਧ 'ਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਇੰਸਪੈਕਟਰ ਰਾਮਪਾਲ ਨੇ ਕਿਹਾ ਕਿ ਥਾਣਾ ਕੈਂਟ ਦੀ ਮਹਿਲਾ ਪੁਲਸ ਵੱਲੋਂ ਮਾਮਲੇ ਦੀ ਆਪਣੇ ਪੱਧਰ 'ਤੇ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


shivani attri

Content Editor

Related News