ਸੰਘਰਸ਼ ਕਮੇਟੀ 10 ਨੂੰ ਕਰੇਗੀ ਕੈਬਨਿਟ ਮੰਤਰੀ ਦੇ ਘਰ ਦਾ ਘਿਰਾਓ

04/08/2021 1:44:20 PM

ਗੜ੍ਹਦੀਵਾਲਾ (ਜਤਿੰਦਰ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇਕਾਈ ਗੜ੍ਹਦੀਵਾਲਾ/ਭੂੰਗਾ ਦੀ ਇੱਕ ਮੀਟਿੰਗ ਗੜ੍ਹਦੀਵਾਲਾ ਵਿਖੇ ਹੋਈ। ਇਸ ਵਿਚ ਪ੍ਰਧਾਨ ਪ੍ਰਿੰਸ ਤੇ ਵਾਈਸ ਪ੍ਰਧਾਨ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 10 ਅਪ੍ਰੈਲ ਨੂੰ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਕਿਉਂਕਿ 4 ਸਾਲ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਪੂਰਾ ਨਹੀਂ ਹੋਇਆ। ਇਸ ਲਈ ਕੈਬਨਿਟ ਮੰਤਰੀ ਸ਼੍ਰੀ ਸ਼ਾਮ ਸੁੰਦਰ ਅਰੋੜਾ ਜੀ ਨੂੰ ਇਹ ਵਾਅਦਾ ਯਾਦ ਕਰਵਾਉਣ ਲਈ ਉਨ੍ਹਾਂ ਦੇ ਘਰ ਦਾ ਘਿਰਾਓ ਕਰ ਕੇ ਮੰਗ-ਪੱਤਰ ਦਿੱਤਾ ਜਾਵੇਗਾ।

ਇਸ ਘਿਰਾਓ ’ਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰੇਕ ਵਿਭਾਗ ਨਾਲ ਸਬੰਧਤ ਐੱਨ. ਪੀ. ਐੱਸ. ਮੁਲਾਜ਼ਮ ਵੱਡੀ ਗਿਣਤੀ ’ਚ ਹਿੱਸਾ ਲੈਣਗੇ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਜ਼ਿਲ੍ਹੇ ਦੇ ਐੱਨ. ਪੀ. ਐੱਸ. ਕਰਮਚਾਰੀ ਵੀ ਇਸ ਰੈਲੀ ਵਿਚ ਹਿੱਸਾ ਲੈਣਗੇ। ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਨੇ ਦੱਸਿਆ ਕਿ ਸਾਰੇ ਪੰਜਾਬ ’ਚ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘੇਰਾਓ ਕਰ ਕੇ ਉਨ੍ਹਾਂ ਨੂੰ ਮੰਗ ਪੱਤਰ 10 ਅਪ੍ਰੈਲ ਨੂੰ ਹੀ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਧੋਖਾ ਕਰ ਰਹੀ ਹੈ। ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ। ਹੁਣ ਮੁਲਾਜ਼ਮ ਸੜਕਾਂ ਉੱਤੇ ਆ ਕੇ ਸਰਕਾਰ ਦੇ ਕੈਬਨਿਟ ਮੰਤਰੀਆਂ ਨੂੰ ਘੇਰਨਗੇ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਲਾਗੂ ਕਰਵਾਉਣ ਲਈ ਸਰਕਾਰ ਖ਼ਿਲਾਫ਼ ਸੰਘਰਸ਼ ਤਿੱਖਾ ਕਰਨਗੇ। ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੁਰਾਣੀ ਪੈਨਸ਼ਨ ਬਹਾਲ ਕਰੇਗੀ  ਪਰ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਜਗਵਿੰਦਰ ਸਿੰਘ, ਸਚਿਨ ਕੁਮਾਰ, ਸੰਜੀਵ ਕੁਮਾਰ, ਡਾ. ਹਰਦੀਪ ਸਿੰਘ, ਮਨਜੀਤ ਸਿੰਘ, ਰਛਪਾਲ ਸਿੰਘ ਪੀ. ਟੀ. ਆਈ., ਮਾਸਟਰ ਰਛਪਾਲ ਸਿੰਘ, ਸੰਜੀਵ ਕੁਮਾਰ, ਸੁਖਵਿੰਦਰ ਸਿੰਘ, ਮਲਕੀਤ ਸਿੰਘ, ਗੁਰਪ੍ਰੀਤ ਸਿੰਘ, ਦੀਪਕ ਕੌਂਡਲ, ਨਵਤੇਜ ਸਿੰਘ, ਅਨਿਲ ਕੁਮਾਰ, ਰਾਜ ਕੁਮਾਰ, ਮਨੋਜ ਕੁਮਾਰ, ਗੁਰਮੁਖ ਸਿੰਘ ਬਲਾਲਾ, ਰਮਨ ਕੁਮਾਰ ਸ਼ਰਮਾ ਅਤੇ ਭੁਪਿੰਦਰ ਸਿੰਘ ਮੌਜੂਦ ਸਨ।

Anuradha

This news is Content Editor Anuradha