NHM ਇੰਪਲਾਈਜ਼ ਯੂਨੀਅਨ ਵੱਲੋ ਟਾਂਡਾ ਵਿੱਚ ਅਣਮਿੱਥੇ ਸਮੇ ਲਈ ਹੜਤਾਲ ਸ਼ੁਰੂ,  ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ

05/04/2021 3:20:25 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ): ਐੱਨ.ਐੱਚ.ਆਰ.ਐੱਮ. ਇੰਪਲਾਈਜ਼ ਯੂਨੀਅਨ ਨਾਲ ਜੁੜੇ ਸਰਕਾਰੀ ਹਸਪਤਾਲ ਦੇ ਸਟਾਫ ਮੈਂਬਰਾਂ ਨੇ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਿੱਚ ਅੱਜ ਅਣਮਿੱਥੇ ਸਮੇ ਲਈ ਹੜਤਾਲ ਸ਼ੁਰੂ ਕਰਦੇ ਹੋਏ ਸੂਬਾ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸਦੇ ਨਾਲ ਹੀ ਸਮੂਹ ਕਰਮਚਾਰੀਆਂ ਨੇ ਉਨ੍ਹਾਂ ਪ੍ਰਤੀ ਸੂਬਾ ਸਰਕਾਰ ਦੀ ਬੇਰੁਖੀ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਆਪਣੀਆਂ ਮੰਗਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਡਾ. ਰਵੀ ਕੁਮਾਰ, ਤਰਵਿੰਦਰ ਕੁਮਾਰ, ਅਨੀਤਾ, ਸਪਨਾ ਭੱਲਾ, ਡਾ. ਪਰਮਜੀਤ ਕੌਰ,ਡਾ. ਸਰੋਜ ਨੇ ਆਖਿਆ ਕਿ ਰੋਸ ਜਤਾਉਂਦੇ ਆਖਿਆ ਉਹ ਕੋਰੋਨਾ ਮਹਾਮਾਰੀ ਦੌਰਾਨ ਤਨਦੇਹੀ ਨਾਲ ਡਿਊਟੀ ਦੇ ਰਹੇ ਹਨ ਪ੍ਰੰਤੂ ਸਰਕਾਰ ਨੇ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ ਪੂਰਾ ਨਹੀਂ ਕੀਤਾ।

ਇਸਦੇ ਨਾਲ ਹੀ ਉਨ੍ਹਾਂ ਦਾ ਪੇ ਸਕੇਲ ਨਿਗੂਣਾ ਹੈ। ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੰਜੀਦਗੀ ਨਹੀਂ ਦਿਖਾਈ ਜਾ ਰਹੀ। ਉਨ੍ਹਾਂ ਆਖਿਆ ਕਿ 27 ਅਪ੍ਰੈਲ ਨੂੰ ਉਨ੍ਹਾਂ ਵੱਲੋਂ ਕੀਤੀ ਗਈ ਸੰਕੇਤਿਕ ਹੜਤਾਲ ਤੋਂ ਬਾਅਦ ਹੁਣ ਉਨ੍ਹਾਂ ਆਪਣੀਆਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰਨ ਲਈ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਕਰਮਚਾਰੀਆਂ ਦੀ ਹੜਤਾਲ ਨਾਲ ਅੱਜ ਸਰਕਾਰੀ ਹਸਪਤਾਲ ਦੀਆਂ  ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਇਸ ਦੇ ਨਾਲ ਹੀ ਇਸ ਮੌਕੇ ਅਮਨਦੀਪ ਕੌਰ, ਉਰਮਿਲਾ ਦੇਵੀ, ਹਰਮਨਦੀਪ ਕੌਰ, ਜੋਤੀ, ਕੁਲਦੀਪ ਕੌਰ, ਭੁਪਿੰਦਰ ਕੌਰ, ਹਰਦੀਪ ਕੌਰ, ਚਰਨਜੀਤ ਕੌਰ, ਰਮਨਦੀਪ ਸਿੰਘ, ਯੋਗੇਸ਼ ਕੁਮਾਰ, ਰਵਿੰਦਰ ਕੌਰ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ  ਆਦਿ ਮੌਜੂਦ ਸਨ।


Shyna

Content Editor

Related News