ਇਕਾਂਤਵਾਸ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ

06/03/2020 8:47:20 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਖਿਲਾਫ਼ ਮੁਹਿੰਮ ਨੂੰ ਅੱਗੇ ਲਿਜਾਣ ਲਈ ਜਾਰੀ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ 'ਇਕਾਂਤਵਾਸ' ਨੇਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਬੀਮਾਰੀ ਨੂੰ ਇਕ ਥਾਂ 'ਤੇ ਹੀ ਰੋਕਣ ਲਈ ਬਾਹਰੋਂ ਆਉਣ ਵਾਲੇ ਵਿਅਕਤੀ ਦਾ ਇਕਾਂਤਵਾਸ ਜ਼ਰੂਰੀ ਹੈ।

ਇਹ ਪ੍ਰਗਟਾਵਾ ਕਰਦਿਆਂ ਐੱਸ. ਡੀ. ਐੱਮ. ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਮੰਗਲਵਾਰ ਸ਼ਾਮ ਇੱਥੇ ਦੱਸਿਆ ਕਿ ਸਬ ਡਵੀਜ਼ਨ ਨਵਾਂਸ਼ਹਿਰ ਨੂੰ ਮਿਸ਼ਨ ਫ਼ਤਿਹ ਤਹਿਤ ਕੋਰੋਨਾ ਮੁਕਤ ਬਣਾਉਣ ਲਈ ਜਿੱਥੇ 'ਇਕਾਂਤਵਾਸ' ਨੂੰ ਭੰਗ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ, ਉੱਥੇ ਅਜਿਹੇ ਵਿਅਕਤੀਆਂ ਨੂੰ ਘਰੇਲੂ ਇਕਾਂਤਵਾਸ ਤੋਂ ਬਾਹਰ ਆਉਣ 'ਤੇ ਮੁੜ ਤੋਂ ਉਨੇ ਦਿਨ ਲਈ 'ਸਟੇਟ ਇਕਾਂਤਵਾਸ' 'ਚ ਰਹਿਣਾ ਪਵੇਗਾ।

ਉਨ੍ਹਾਂ ਦੱਸਿਆ ਕਿ ਮੰਗਲਵਾਰ ਡੀ. ਐੱਸ. ਪੀ. ਨਵਾਂਸ਼ਹਿਰ ਸਬ ਡਵੀਜ਼ਨ ਨੂੰ ਜਿੱਥੇ ਅਜਿਹੇ ਵਿਅਕਤੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ, ਉੱਥੇ ਨਵਾਂਸ਼ਹਿਰ ਤੇ ਔੜ ਦੇ ਬੀ. ਡੀ. ਪੀ. ਓਜ਼ ਅਤੇ ਸੀ. ਡੀ. ਪੀ. ਓਜ਼ ਨੂੰ ਵਿਸ਼ੇਸ਼ ਤੌਰ 'ਤੇ ਅਜਿਹੇ ਇਕਾਂਤਵਾਸ ਕੀਤੇ ਵਿਅਕਤੀ ਦੀ ਸੂਚਨਾ ਉਨ੍ਹਾਂ ਨੂੰ ਜਾਂ ਸਿੱਧੇ ਤੌਰ 'ਤੇ ਪੁਲਸ ਨੂੰ ਦੇ ਕੇ ਬਣਦੀ ਕਾਰਵਾਈ ਕਰਵਾਉਣ ਲਈ ਕਿਹਾ ਗਿਆ ਹੈ।

KamalJeet Singh

This news is Content Editor KamalJeet Singh