4 ਕਰੋੜ ਦੇ ਕੰਮਾਂ ''ਤੇ ਵਿਰੋਧੀ ਧਿਰ ਤੋਂ ਇਲਾਵਾ ਕਾਂਗਰਸੀ ਆਗੂਆਂ ਦੀ ਵੀ ਨਜ਼ਰ

02/11/2020 5:14:53 PM

ਜਲੰਧਰ (ਖੁਰਾਣਾ)— ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਅਤੇ ਮੇਨਟੀਨੈਂਸ ਕਰਨ ਵਾਲੇ 4 ਕਰੋੜ ਰੁਪਏ ਦੇ ਟੈਂਡਰ, ਜਿਨ੍ਹਾਂ ਨੂੰ 6 ਠੇਕੇਦਾਰਾਂ ਨੇ 'ਚ ਆਪਸ 'ਚ ਪੂਲ ਕਰ ਲਿਆ ਹੈ। ਇਹ ਮਾਮਲਾ ਹੁਣ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਕਮੇਟੀ ਵਿਚ ਪਹੁੰਚ ਗਿਆ ਹੈ, ਜੋ 13 ਫਰਵਰੀ ਨੂੰ ਮੇਅਰ ਜਗਦੀਸ਼ ਰਾਜਾ ਦੀ ਪ੍ਰਧਾਨਗੀ ਹੇਠ ਹੋਣ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਹ 4 ਕਰੋੜ ਰੁਪਏ ਦੇ ਟੈਂਡਰ ਪਿਛਲੇ ਸਾਲ ਇਨ੍ਹਾਂ ਠੇਕੇਦਾਰਾਂ ਨੇ ਹੀ 1.35 ਕਰੋੜ ਰੁਪਏ ਦਾ ਡਿਸਕਾਊਂਟ ਦੇ ਕੇ ਭਰੇ ਸਨ ਪਰ ਇਸ ਵਾਰ ਟੈਂਡਰ ਪਾਉਂਦੇ ਸਮੇਂ ਸਾਰੇ ਠੇਕੇਦਾਰ ਆਪਸ ਵਿਚ ਮਿਲ ਗਏ, ਜਿਸ ਕਾਰਣ ਇਸ ਵਾਰ ਉਨ੍ਹਾਂ ਨੇ ਨਿਗਮ ਨੂੰ ਸਿਰਫ 17 ਲੱਖ ਰੁਪਏ ਦਾ ਡਿਸਕਾਊਂਟ ਆਫਰ ਕੀਤਾ। ਇਸ ਤਰ੍ਹਾਂ ਨਿਗਮ ਨੂੰ ਠੇਕੇਦਾਰਾਂ ਦੇ ਪੂਲ ਨਾਲ 1.15 ਕਰੋੜ ਰੁਪਏ ਦਾ ਸਿੱਧਾ ਚੂਨਾ ਲੱਗਣ ਜਾ ਰਿਹਾ ਹੈ। ਇਸ ਪੂਲ ਦਾ ਮਾਮਲਾ 'ਜਗ ਬਾਣੀ' 'ਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਿਗਮ ਅਧਿਕਾਰੀਆਂ ਨੇ ਵੀ ਇਸ ਨੂੰ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰਨ ਦੀ ਵਕਾਲਤ ਕੀਤੀ ਹੈ ਪਰ ਪ੍ਰਕਿਰਿਆ ਪੂਰੀ ਕਰਨ ਲਈ ਇਹ ਮਾਮਲਾ ਐੱਫ. ਐਂਡ ਸੀ. ਸੀ. ਕਮੇਟੀ ਦੀ ਮੀਟਿੰਗ ਨੂੰ ਰੈਫਰ ਕਰ ਦਿੱਤਾ ਗਿਆ ਹੈ।

ਹੁਣ ਮੇਅਰ ਜਗਦੀਸ਼ ਰਾਜਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਅਤੇ ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਤੋਂ ਇਲਾਵਾ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਅਤੇ ਹੋਰ ਸਾਰਿਆਂ ਨੂੰ ਠੇਕੇਦਾਰਾਂ ਦੀ ਪੂਲਿੰਗ ਦੀ ਜਾਣਕਾਰੀ ਹੈ। ਵੈਸੇ ਤਾਂ ਇਹ ਪ੍ਰਸਤਾਵ ਕਿਸੇ ਹਾਲਤ ਵਿਚ ਐੱਫ. ਐਂਡ ਸੀ. ਸੀ. ਵਿਚ ਪਾਸ ਨਹੀਂ ਕੀਤਾ ਜਾਵੇਗਾ ਪਰ ਕੁਝ ਲੋਕ ਇਹ ਮੰਨ ਰਹੇ ਹਨ ਕਿ ਮੀਟਿੰਗ ਦੌਰਾਨ ਸਬੰਧਤ ਠੇਕੇਦਾਰਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਨੈਗੋਸੀਏਸ਼ਨ ਕੀਤੀ ਜਾ ਸਕਦੀ ਹੈ ਅਤੇ ਡਿਸਕਾਊਂਟ ਵਧਾਇਆ ਜਾ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਜੇਕਰ ਠੇਕੇਦਾਰ ਪਿਛਲੇ ਸਾਲ ਜਿੰਨਾ ਡਿਸਕਾਊਂਟ ਦੇਣ 'ਤੇ ਮੰਨ ਜਾਂਦੇ ਹਨ ਤਾਂ ਉਨ੍ਹਾਂ ਨੂੰ ਠੇਕੇ ਿਦੱਤੇ ਜਾ ਸਕਦੇ ਹਨ, ਨਹੀਂ ਤਾਂ ਇਨ੍ਹਾਂ ਟੈਂਡਰਾਂ 'ਤੇ ਵਿਰੋਧੀ ਧਿਰ ਤੋਂ ਇਲਾਵਾ ਕਾਂਗਰਸੀ ਆਗੂਆਂ ਦੀ ਵੀ ਪੂਰੀ ਨਜ਼ਰ ਹੈ

ਸੈਂਟਰਲ ਟਾਊਨ ਦੇ ਇਕ ਹੋਟਲ ਵਿਚ ਹੋਈ ਸੈਟਿੰਗ
ਅਸਲ ਵਿਚ ਸਟ੍ਰੀਟ ਲਾਈਟ ਦੇ ਕਰੀਬ ਅੱਧੀ ਦਰਜਨ ਠੇਕੇਦਾਰਾਂ ਵਿਚ ਹੁਣ ਸਿਆਸਤ ਹਾਵੀ ਹੋ ਗਈ ਹੈ। 10 ਸਾਲ ਜਦੋਂ ਅਕਾਲੀ-ਭਾਜਪਾ ਸਰਕਾਰ ਰਹੀ ਤਦ ਭਾਜਪਾ ਨਾਲ ਸਬੰਧਤ ਠੇਕੇਦਾਰਾਂ ਦੀ ਤੂਤੀ ਬੋਲਦੀ ਰਹੀ, ਜਿਨ੍ਹਾਂ ਨੂੰ ਉਪਰਲੇ ਆਗੂਆਂ ਦਾ ਖੁੱਲ੍ਹਾ ਸਮਰਥਨ ਹਾਸਲ ਸੀ। ਜਦੋਂ 2 ਸਾਲ ਪਹਿਲਾਂ ਨਿਗਮ ਵਿਚ ਕਾਂਗਰਸ ਦੀ ਐਂਟਰੀ ਹੋਈ ਤਾਂ ਕਰੀਬ 2 ਠੇਕੇਦਾਰ ਕਾਂਗਰਸ ਨੇ ਆਪਣੇ ਐਡਜਸਟ ਕਰ ਲਏ। ਇਨ੍ਹਾਂ ਵਿਚੋਂ ਇਕ ਕਾਂਗਰਸੀ ਠੇਕੇਦਾਰ ਨੇ ਇਸ ਵਾਰ ਟੈਂਡਰਾਂ ਨੂੰ ਪੂਲ ਕਰ ਕੇ ਮੋਟਾ ਮੁਨਾਫਾ ਕਮਾਉਣ ਦੀ ਗੇਮ ਸ਼ੁਰੂ ਕੀਤੀ, ਜਿਸ ਸਬੰਧੀ ਇਕ ਗੁਪਤ ਮੀਟਿੰਗ ਸੈਂਟਰਲ ਟਾਊਨ ਦੇ ਇਕ ਛੋਟੇ ਜਿਹੇ ਹੋਟਲ ਵਿਚ ਹੋਈ, ਜਿਸ ਵਿਚ ਭਾਜਪਾ ਅਤੇ ਕਾਂਗਰਸੀ ਠੇਕੇਦਾਰ ਤੋਂ ਇਲਾਵਾ ਇਕ ਅਧਿਕਾਰੀ ਵੀ ਸ਼ਾਮਲ ਸੀ।
ਇਸ ਮੀਟਿੰਗ ਵਿਚ ਟੈਂਡਰਾਂ ਸਬੰਧੀ ਅਗਲੀ ਰਣਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਭਾਜਪਾ ਨਾਲ ਸਬੰਧਤ ਠੇਕੇਦਾਰ ਦੀ ਇਕ ਸੀਨੀਅਰ ਕਾਂਗਰਸੀ ਨਾਲ ਮੁਲਾਕਾਤ ਵੀ ਕਾਂਗਰਸੀ ਠੇਕੇਦਾਰ ਨੇ ਕਰਵਾਈ। ਹੁਣ ਵੇਖਣਾ ਹੈ ਕਿ ਸੱਤਾ ਧਿਰ ਇਸ ਸਾਰੀ ਗੇਮ ਨਾਲ ਕਿਵੇਂ ਨਜਿੱਠਦੀ ਹੈ ਕਿਉਂਕਿ ਅਜਿਹੇ ਹੀ ਮਾਮਲੇ ਆਉਣ ਵਾਲੇ ਸਮੇਂ ਵਿਚ ਚੋਣ ਮੁੱਦਾ ਬਣਦੇ ਹਨ ਅਤੇ ਤਦ ਉਮੀਦਵਾਰਾਂ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਨਾਲ ਹਾਰ-ਜਿੱਤ ਤੱਕ ਤੈਅ ਹੁੰਦੀ ਹੈ।

ਅਧਿਕਾਰੀਆਂ ਨੇ ਿਦੱਤੀ ਸੀ ਐੱਫ. ਆਈ. ਆਰ. ਦੀ ਧਮਕੀ
ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੂਲ ਹੋਏ ਟੈਂਡਰਾਂ ਨੂੰ ਸਵੀਕਾਰ ਕਰਨ ਲਈ ਦਬਾਅ ਬਣਾਉਣ ਲਈ ਕੁਝ ਦਿਨ ਪਹਿਲਾਂ ਠੇਕੇਦਾਰਾਂ ਨੇ ਅਚਾਨਕ ਲਾਈਟਾਂ ਨੂੰ ਜਗਾਉਣ-ਬੁਝਾਉਣ ਦਾ ਕੰਮ ਠੱਪ ਕਰ ਦਿੱਤਾ, ਿਜਸ ਕਾਰਣ ਨਿਗਮ ਨੂੰ ਆਪਣੇ ਸਟਾਫ ਤੋਂ ਇਹ ਕੰਮ ਐਮਰਜੈਂਸੀ ਵਿਚ ਕਰਵਾਉਣਾ ਪਿਆ। ਇਕ ਨਿਗਮ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਠੇਕੇਦਾਰਾਂ ਨੂੰ ਕਾਫੀ ਸਮਝਾਇਆ ਗਿਆ ਕਿ ਜਿੱਥੋਂ ਉਨ੍ਹਾਂ ਕਰੋੜਾਂ ਰੁਪਏ ਕਮਾਏ ਹਨ, ਉਸ ਸੰਸਥਾ ਲਈ ਕੁਝ ਦਿਨ ਲਾਈਟਾਂ ਜਗਾਉਣ-ਬੁਝਾਉਣ ਦਾ ਕੰਮ ਜਾਰੀ ਰੱਖਣ ਪਰ ਸਮਝਣ ਦੀ ਬਜਾਏ ਇਕ ਠੇਕੇਦਾਰ ਨੇ ਤਾਂ ਸਟ੍ਰੀਟ ਲਾਈਟ ਜਗਾਉਣ-ਬੁਝਾਉਣ ਵਾਲੀਆਂ ਤਾਰਾਂ ਨੂੰ ਹੀ ਕੱਟਣਾ ਸ਼ੁਰੂ ਕਰ ਦਿੱਤਾ। ਅਜਿਹੇ ਵਿਚ ਅਧਿਕਾਰੀਆਂ ਨੇ ਠੇਕੇਦਾਰਾਂ ਨੂੰ ਵਾਰਨਿੰਗ ਦਿੱਤੀ ਕਿ ਹੁਣ ਜੇਕਰ ਇਕ ਵੀ ਤਾਰ ਕੱਟੀ ਤਾਂ ਐੱਫ. ਆਈ. ਆਰ. ਦਰਜ ਕਰਵਾ ਦਿੱਤੀ ਜਾਵੇਗੀ। ਇਸ ਧਮਕੀ ਤੋਂ ਬਾਅਦ ਤਾਰਾਂ ਕੱਟਣ ਦਾ ਸਿਲਸਿਲਾ ਰੁਕ ਗਿਆ ਹੈ ਪਰ ਸਟ੍ਰੀਟ ਲਾਈਟਾਂ ਜਗਾਉਣ-ਬੁਝਾਉਣ ਦਾ ਕੰਮ ਅਜੇ ਤੱਕ ਨਿਗਮ ਸਟਾਫ ਵਲੋਂ ਕੀਤਾ ਜਾ ਰਿਹਾ ਹੈ।


shivani attri

Content Editor

Related News