ਹਨੇਰੇ ''ਚ ਜਲੰਧਰ ਸ਼ਹਿਰ, ਹਜ਼ਾਰਾਂ ਸਟਰੀਟ ਲਾਈਟਾਂ ਰਾਤ ਭਰ ਰਹੀਆਂ ਬੰਦ

02/06/2020 12:13:57 PM

ਜਲੰਧਰ (ਖੁਰਾਣਾ)— ਕੁਝ ਦਿਨ ਪਹਿਲਾਂ ਆਪਸ 'ਚ ਪੂਲ ਕਰਕੇ ਸਟਰੀਟ ਲਾਈਟ ਮੇਨਟੀਨੈਂਸ ਦੇ ਟੈਂਡਰਾਂ 'ਚ ਨਿਗਮ ਨੂੰ 1.15 ਕਰੋੜ ਰੁਪਏ ਦਾ ਚੂਨਾ ਲਾਉਣ 'ਚ ਸ਼ਾਮਲ ਠੇਕੇਦਾਰਾਂ 'ਚ ਹੁਣ ਫੁੱਟ ਪੈ ਗਈ ਲੱਗਦੀ ਹੈ। ਜ਼ਿਕਰਯੋਗ ਹੈ ਕਿ ਸ਼ਹਿਰ ਦੀਆਂ 65 ਹਜ਼ਾਰ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਦਾ ਠੇਕਾ ਵੀ ਇਨ੍ਹਾਂ ਠੇਕੇਦਾਰਾਂ ਕੋਲ ਹੈ ਪਰ ਇਹ ਕੰਟਰੈਕਟ 31 ਜਨਵਰੀ ਨੂੰ ਖਤਮ ਹੋ ਚੁੱਕਾ ਹੈ। ਹੁਣ ਠੇਕੇਦਾਰ ਨਿਗਮ 'ਤੇ ਪ੍ਰੈਸ਼ਰ ਬਣਾ ਰਹੇ ਹਨ ਕਿ ਉਨ੍ਹਾਂ ਨੂੰ 4-5 ਫੀਸਦੀ ਡਿਸਕਾਊਂਟ 'ਤੇ ਨਵੇਂ ਟੈਂਡਰ ਅਲਾਟ ਕੀਤੇ ਜਾਣ ਜਦੋਂਕਿ ਇਨ੍ਹਾਂ ਠੇਕੇਦਾਰਾਂ ਨੇ ਪਿਛਲੇ ਸਾਲ 33.33 ਫੀਸਦੀ ਡਿਸਕਾਊਂਟ 'ਤੇ ਕੰਮ ਕੀਤੇ ਸਨ। ਹੁਣ ਨਿਗਮ ਅਧਿਕਾਰੀ ਇੰਨਾ ਘੱਟ ਡਿਸਕਾਊਂਟ ਵੇਖ ਕੇ ਟੈਂਡਰ ਰੱਦ ਕਰਨ ਦਾ ਸੋਚ ਰਹੇ ਹਨ।

ਇਸ ਦੌਰਾਨ ਠੇਕੇਦਾਰਾਂ ਨੇ ਨਿਗਮ 'ਤੇ ਪ੍ਰੈਸ਼ਰ ਬਣਾਉਣ ਲਈ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਨ ਦਾ ਕੰਮ ਮੰਗਲਵਾਰ ਬੰਦ ਕਰ ਦਿੱਤਾ ਸੀ, ਜਿਸ ਕਾਰਨ ਮੰਗਲਵਾਰ ਰਾਤ 90 ਫੀਸਦੀ ਸ਼ਹਿਰ ਹਨੇਰੇ 'ਚ ਡੁੱਬਿਆ ਰਿਹਾ। ਬੁੱਧਵਾਰ ਸ਼ਹਿਰ ਦੇ ਕਾਂਗਰਸੀ ਆਗੂਆਂ ਨੇ ਆਪਣੇ ਕਰੀਬੀ ਸਟਰੀਟ ਲਾਈਟ ਠੇਕੇਦਾਰਾਂ ਨੂੰ ਸੈੱਟ ਕਰ ਲਿਆ, ਜਿਸ ਕਾਰਨ ਦੋ-ਤਿੰਨ ਠੇਕੇਦਾਰਾਂ ਦੇ ਕਰਿੰਦਿਆਂ ਨੇ ਆਪਣੇ-ਆਪਣੇ ਜ਼ੋਨ ਵਿਚ ਸਟਰੀਟ ਲਾਈਟਾਂ ਜਗਾਈਆਂ।

ਮਾਡਲ ਟਾਊਨ ਜ਼ੋਨ ਦੇ ਠੇਕੇਦਾਰ ਰਾਜੂ ਲੂਥਰਾ, ਦਾਦਾ ਕਾਲੋਨੀ ਜ਼ੋਨ ਦੇ ਠੇਕੇਦਾਰ ਜਗਦੀਸ਼ ਇਲੈਕਟ੍ਰੀਕਲਜ਼ ਅਤੇ ਬਸਤੀ ਸ਼ੇਖ ਜ਼ੋਨ ਦੇ ਠੇਕੇਦਾਰ ਤਰਨਤਾਰਨ ਇਲੈਕਟ੍ਰੀਕਲਜ਼ ਦੇ ਠੇਕੇਦਾਰਾਂ ਨੇ ਆਪਣੇ-ਆਪਣੇ ਇਲਾਕੇ ਵਿਚ ਸਟਰੀਟ ਲਾਈਟਾਂ ਬੰਦ ਰੱਖੀਆਂ, ਜਦੋਂਕਿ ਮੇਅਰ ਰਾਜਾ ਦੇ ਆਪਣੇ ਵਾਰਡਾਂ, ਵਿਧਾਇਕ ਬੇਰੀ ਦੇ ਜ਼ਿਆਦਾਤਰ ਵਾਰਡਾਂ ਤੇ ਹੋਰ ਥਾਵਾਂ 'ਤੇ ਸਟਰੀਟ ਲਾਈਟਾਂ ਜਗਦੀਆਂ ਵੇਖੀਆਂ ਗਈਆਂ। ਦੋ ਤਿੰਨ ਠੇਕੇਦਾਰਾਂ ਵਲੋਂ ਕੰਮ ਕਰਨ ਤੋਂ ਇਨਕਾਰ ਕਰਨ ਦੇ ਨਤੀਜੇ ਵਜੋਂ ਅੱਜ ਵੀ ਸ਼ਹਿਰ ਦੀਆਂ 25-30 ਹਜ਼ਾਰ ਸਟਰੀਟ ਲਾਈਟਾਂ ਬੰਦ ਰਹੀਆਂ ਅਤੇ ਕਈ ਥਾਵਾਂ 'ਤੇ ਮੁਹੱਲਾ ਵਾਸੀਆਂ ਨੇ ਖੁਦ ਲਾਈਟਾਂ ਜਗਾਈਆਂ।


shivani attri

Content Editor

Related News