ਮੁੱਢਲੀਆਂ ਸਹੂਲਤਾਂ ਤੋਂ ਅਜੇ ਵੀ ਸੱਖਣਾ ਸਰਕਾਰੀ ਕਾਲਜ

09/18/2019 9:02:22 PM

ਨੂਰਪੁਰ ਬੇਦੀ, (ਅਵਿਨਾਸ਼/ਕੁਲਦੀਪ)- ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਕਾਲਜ ਗੁਰੂ ਕਾ ਖੂਹ ਮੁੰਨੇ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਮੈਂਬਰ ਅਤੇ ਪਿੰਡ ਵਾਸੀ ਸਨ। ਕਾਲਜ ਦੇ ਪ੍ਰਿੰਸੀਪਲ ਸੁਰਿੰਦਰਪਾਲ ਵੱਲੋਂ ਕਾਲਜ ਦੀਆਂ ਸਮੱਸਿਆਵਾਂ ਸਬੰਧੀ ਹਲਕਾ ਵਿਧਾਇਕ ਨੂੰ ਜਾਣੂ ਕਰਵਾਇਆ ਗਿਆ।

ਪ੍ਰਿੰਸੀਪਲ ਸੁਰਿੰਦਰਪਾਲ ਨੇ ਦੱਸਿਆ ਕਿ ਇਹ ਕਾਲਜ ਪਹਿਲਾਂ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲਿਆਂ ਵੱਲੋਂ ਚਲਾਇਆ ਜਾ ਰਿਹਾ ਸੀ। ਉਸ ਤੋਂ ਬਾਅਦ ਪਿਛਲੀ ਸਰਕਾਰ ਵੱਲੋਂ ਇਸ ਕਾਲਜ ਨੂੰ ਸਰਕਾਰੀ ਕਰ ਦਿੱਤਾ ਗਿਆ ਸੀ, ਪਰ ਲੱਗਭਗ ਪਿਛਲੇ ਤਿੰਨ ਸਾਲਾਂ ਤੋਂ ਸਰਕਾਰੀ ਪ੍ਰਬੰਧ ਹੇਠ ਲਿਆ ਗਿਆ ਇਹ ਕਾਲਜ ਮੁੱਢਲੀਆਂ ਲੋਡ਼ਾਂ ਤੋਂ ਸੱਖਣਾ ਹੈ। ਜਿਸ ਕਾਰਣ ਵਿਦਿਆਰਥੀਆਂ ਦੀ ਪਡ਼੍ਹਾਈ ਉੱਤੇ ਮਾਡ਼ਾ ਅਸਰ ਪੈ ਰਿਹਾ ਹੈ। ਇਸ ਕਾਲਜ ਨੂੰ ਹੁਣ ਤੱਕ ਡੀ.ਡੀ.ਓ. ਕੋਡ ਨਹੀਂ ਮਿਲਿਆ। ਜਿਸ ਕਾਰਣ ਇੱਥੋਂ ਦੇ ਟੀਚਿੰਗ ਸਟਾਫ ਦੀ ਤਨਖਾਹ ਸਰਕਾਰੀ ਕਾਲਜ ਰੂਪਨਗਰ ਅਤੇ ਨਾਨ-ਟੀਚਿੰਗ ਸਟਾਫ ਦੀ ਤਨਖਾਹ ਸਰਕਾਰੀ ਕਾਲਜ ਪੋਜੇਵਾਲ ਤੋਂ ਨਿਕਲਦੀ ਹੈ। ਜਿਸ ਕਾਰਣ ਸਟਾਫ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤੱਕ ਕਿ ਪ੍ਰਿੰਸੀਪਲ ਦੀ ਤਨਖਾਹ ਵੀ ਇਸ ਕਾਲਜ ਵਿਚੋਂ ਨਹੀਂ ਕਢਵਾਈ ਜਾ ਸਕਦੀ। ਪਿਛਲੇ ਕੁਝ ਅਰਸੇ ਤੋਂ ਅਧਿਆਪਕ ਇਸ ਕਾਲਜ ਤੋਂ ਬਦਲੀਆਂ ਕਰਵਾ ਕੇ ਜਾ ਰਹੇ ਹਨ। ਜਿਸ ਕਾਰਣ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਵੀ ਨੁਕਸਾਨ ਹੋ ਰਿਹਾ ਹੈ। ਸਰਕਾਰ ਵੱਲੋਂ ਮਨਜ਼ੂਰਸੁਦਾ ਅਸਾਮੀਆਂ ਵਿਚੋਂ 4 ਅਸਾਮੀਆਂ ਖਾਲੀ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਕਾਲਜ ਵਿਚ ਨਾਨ-ਟੀਚਿੰਗ ਸਟਾਫ ਦੀ ਵੀ ਲੋਡ਼ ਹੈ। ਇਸ ਕਾਲਜ ਦੀਆਂ ਬਹੁਤ ਸਾਰੀਆਂ ਮੁੱਢਲੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੈ।

ਵਿਧਾਇਕ ਸੰਦੋਆ ਨੇ ਦੱਸਿਆ ਕਿ ਕਾਲਜ ਦੀਆਂ ਸਮੱਸਿਆਵਾਂ ਸਬੰਧੀ ਸਟਾਫ ਅਤੇ ਨੇਡ਼ਲੇ ਪਿੰਡਾਂ ਦੇ ਵਾਸੀਆਂ ਵੱਲੋਂ ਉਨ੍ਹਾਂ ਨੂੰ ਮੰਗ-ਪੱਤਰ ਵੀ ਦਿੱਤਾ ਗਿਆ ਹੈ ਅਤੇ ਉਹ ਇਨ੍ਹਾਂ ਸਮੱਸਿਆਵਾਂ ਸਬੰਧੀ ਸਬੰਧਤ ਮੰਤਰੀ ਨੂੰ ਮਿਲਣਗੇ ਅਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਵਾਉਣਗੇ। ਉਨ੍ਹਾਂ ਨਾਲ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਇਸ ਕਾਲਜ ਨੂੰ ਚੋਣਾਂ ਦੇ ਨਜ਼ਦੀਕ ਚੁਣਾਵੀ ਮੁੱਦਾ ਬਣਾ ਕੇ ਸਰਕਾਰੀ ਤਾਂ ਬਣਾ ਦਿੱਤਾ ਗਿਆ ਸੀ। ਪਰ ਇਸ ਕਾਲਜ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਪਰ ਹੁਣ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ ਅਤੇ ਜਲਦ ਹੀ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਪ੍ਰਿੰਸੀਪਲ ਸੁਰਿੰਦਰਪਾਲ, ਸਰਪੰਚ ਹੰਸ ਰਾਜ, ਸਰਪੰਚ ਦੇਸ ਰਾਜ, ਸੁਰਿੰਦਰ ਸਿੰਘ ਲਾਟੂ, ਸੰਮਤੀ ਮੈਂਬਰ ਧਰਮਪਾਲ ਬੈਂਸ, ਭਾਗ ਸਿੰਘ ਸਾਬਕਾ ਸਰਪੰਚ, ਬਖਸ਼ੀਸ਼ ਸਿੰਘ ਕੋਲਾਪੁਰ, ਦਿਲਬਾਗ ਸਿੰਘ ਅਸਮਾਨਪੁਰ, ਮੋਹਣ ਸਿੰਘ ਅਸਾਲਤਪੁਰ, ਦਲੀਪ ਸਿੰਘ ਬਜਰੂਡ਼, ਮਲਕੀਤ ਸਿੰਘ, ਬਲਵੀਰ ਸਿੰਘ, ਹਰਪਾਲ ਸਿੰਘ, ਮੇਹਰ ਸਿੰਘ, ਹਰਪਾਲ ਸਿੰਘ ਫੌਜੀ, ਕਰਨੈਲ ਸਿੰਘ, ਸਰਪੰਚ ਅਨੰਤ ਸਿੰਘ ਆਦਿ ਹਾਜ਼ਰ ਸਨ।

Bharat Thapa

This news is Content Editor Bharat Thapa