ਸ੍ਰੀ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਨਿਯਮ ਘੱਟ ਕਰਨ ਦੀ ਮੰਗ

11/22/2019 1:50:24 PM

ਜਲੰਧਰ (ਵਰੁਣ) : ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਬਣਾਏ ਗਏ ਨਿਯਮਾਂ ਨੂੰ ਘੱਟ ਕਰਨ ਦੀ ਮੰਗ ਉਠਣੀ ਸ਼ੁਰੂ ਹੋ ਗਈ। ਇਹ ਮੰਗ ਕਾਰੋਬਾਰੀ ਇਕਬਾਲ ਸਿੰਘ ਅਰਨੇਜਾ ਅਤੇ ਪ੍ਰੋ. ਐੱਮ. ਪੀ. ਸਿੰਘ ਨੇ ਕੇਂਦਰ ਸਰਕਾਰ ਤੋਂ ਕਰਦੇ ਕਿਹਾ ਕਿ ਇਸ ਕਾਰਨ ਸ਼ਰਧਾਲੂਆਂ ਦੀ ਗਿਣਤੀ 'ਚ ਕਾਫ਼ੀ ਕਮੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਤ ਨਾਲ ਦੋਸਤਾਨਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ ਪਰ ਚੈਕਿੰਗ ਦੇ ਨਾਂ 'ਤੇ ਸਿੱਖ ਸੰਗਤ ਦੀਆਂ ਪੱਗਾਂ ਤੱਕ ਉਤਾਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਹੈ ਪਰ ਭਾਰਤ ਵੱਲੋਂ ਓਵਰ ਚੈਕਿੰਗ ਕੀਤੀ ਜਾ ਰਹੀ ਹੈ। ਇਕਬਾਲ ਸਿੰਘ ਅਰਨੇਜਾ ਨੇ ਕਿਹਾ ਕਿ ਪਾਕਿਸਤਾਨ 'ਚ ਜਾਣ ਲਈ ਪਾਸਪੋਰਟ ਜ਼ਰੂਰੀ ਹੈ ਪਰ ਜਦੋਂ ਕੋਈ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਜਾਣਾ ਚਾਹੁੰਦਾ ਹੈ ਤਾਂ ਉਸ ਦੇ ਘਰ ਤੱਕ ਦੀ ਇਨਕੁਆਰੀ ਕਰਵਾਈ ਜਾਂਦੀ ਹੈ ਜਦਕਿ ਪਾਸਪੋਰਟ ਬਣਾਉਂਦੇ ਸਮੇਂ ਪਹਿਲਾਂ ਤੋਂ ਹੀ ਇਨਕੁਆਰੀ ਸ਼ੁਰੂ ਹੋ ਜਾਂਦੀ ਹੈ।

ਪ੍ਰੋ. ਐੱਮ. ਪੀ. ਸਿੰਘ ਨੇ ਕਿਹਾ ਕਿ ਜ਼ਿਆਦਾ ਫਾਰਮੈਲਿਟੀ ਹੋਣ ਕਾਰਨ ਸੰਗਤ ਮੱਥਾ ਟੇਕਣ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਅਜਿਹੇ ਕਈ ਮਾਮਲੇ ਆਏ ਹਨ, ਜਿਨ੍ਹਾਂ 'ਚ ਸ਼ਰਧਾਲੂਆਂ ਨੇ ਜਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਾਰਨ ਜ਼ਿਆਦਾ ਨਿਯਮਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਜਾਣ ਦਾ ਰਾਹ ਖੁੱਲ੍ਹਾ ਹੈ ਤਾਂ ਕੇਂਦਰ ਅਤੇ ਪੰਜਾਬ ਸਰਕਾਰ ਨਿਯਮਾਂ ਨੂੰ ਵੀ ਘੱਟ ਕਰੇ ਤਾਂ ਜੋ ਆਮ ਸ਼ਰਧਾਲੂ ਵੀ ਮੱਥਾ ਟੇਕਣ ਜਾ ਸਕਣ।

Anuradha

This news is Content Editor Anuradha