ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ''ਤੇ ਜਲੰਧਰ ''ਚ ਹੋਵੇਗਾ ਸੂਬਾ ਪੱਧਰੀ ਸਮਾਗਮ

02/06/2020 3:53:27 PM

ਜਲੰਧਰ (ਚੋਪੜਾ)— ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਨਾਲ ਸਬੰਧਤ ਮਨਾਏ ਜਾ ਰਹੇ ਸੂਬਾ ਪੱਧਰੀ ਪ੍ਰੋਗਰਾਮ ਸਬੰਧੀ ਜ਼ਿਲਾ ਪ੍ਰਸ਼ਾਸਨ ਨੇ ਬੀਤੇ ਦਿਨ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ ਤਾਂ ਕਿ ਪ੍ਰੋਗਰਾਮ ਨੂੰ ਸੁਚਾਰੂ ਰੂਪ ਨਾਲ ਸੰਪੰਨ ਕੀਤਾ ਜਾ ਸਕੇ।

ਉਕਤ ਫੈਸਲਾ ਜ਼ਿਲਾ ਪ੍ਰਸ਼ਾਸਕੀ ਕੰਪਲੈਕਸ ਅਤੇ ਸ੍ਰੀ ਗੁਰੂ ਰਵਿਦਾਸ ਭਵਨ ਲਿੰਕ ਰੋਡ ਜਲੰਧਰ 'ਚ ਵਿਧਾਇਕ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ ਅਤੇ ਚੌਧਰੀ ਸੁਰਿੰਦਰ ਸਿੰਘ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਦੌਰਾਨ ਲਿਆ ਗਿਆ। ਮੀਟਿੰਗ ਦੌਰਾਨ ਪ੍ਰੋਗਰਾਮ ਵੈਨਿਊ, ਸਵਾਗਤ ਪ੍ਰਚਾਰ, ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਉੱਚ ਅਧਿਕਾਰੀਆਂ ਦੀ ਦੇਖ-ਰੇਖ 'ਚ ਕਮੇਟੀਆਂ ਬਣਾਈਆਂ ਗਈਆਂ। ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਡਿਊਟੀਆਂ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਉਣ, ਜਿਸ ਨਾਲ ਸਮਾਗਮ 'ਚ ਲੋਕ ਪੂਰੇ ਉਤਸ਼ਾਹ ਨਾਲ ਪਹੁੰਚ ਕਰ ਸਕਣ ਅਤੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਏ। ਉਨ੍ਹਾਂ ਨੇ ਕਿਹਾ ਕਿ ਪ੍ਰਕਾਸ਼ ਉਤਸਵ ਸ੍ਰੀ ਗੁਰੂ ਰਵਿਦਾਸ ਭਵਨ 'ਚ 9 ਫਰਵਰੀ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਇਸ ਸਮਾਗਮ ਦੌਰਾਨ ਗੁਰੂ ਮਹਾਰਾਜ ਪ੍ਰਤੀ ਸ਼ਰਧਾ ਭੇਟ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਜੀਵਨ ਅਤੇ ਉਪਦੇਸ਼ਾਂ ਦਾ ਪ੍ਰਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸੂਬੇ 'ਚ ਸੰਪਰਦਾਇਕ ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਐਡੀਸ਼ਨਲ ਕਮਿਸ਼ਨਰ ਨਗਰ ਨਿਗਮ ਬਬੀਤਾ ਕਲੇਰ, ਡਿਪਟੀ ਕਮਿਸ਼ਨਰ ਪੁਲਸ ਨਰੇਸ਼ ਡੋਗਰਾ, ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਏ. ਡੀ. ਸੀ. ਪੀ. ਅਸ਼ਵਨੀ ਕੁਮਾਰ ਅਤੇ ਪੀ. ਐੱਸ. ਭੰਡਾਲ, ਏ. ਸੀ. ਪੀ. ਐੱਚ. ਐੱਸ. ਭੱਲਾ, ਮਾਲੀਆ ਅਧਿਕਾਰੀ ਸ਼ਿਸ਼ੂਪਾਲ, ਮਨੋਹਰ ਲਾਲ ਅਤੇ ਵਿਜੇ ਕੁਮਾਰ, ਮੈਡੀਕਲ ਅਧਿਕਾਰੀ ਡਾ. ਗੁਰਮੀਤ ਕੌਰ ਦੁੱਗਲ, ਪ੍ਰਿੰਸੀਪਲ ਆਰ. ਐੱਲ. ਸ਼ੈਲੀ ਅਤੇ ਹੋਰ ਵੀ ਹਾਜ਼ਰ ਸਨ।


shivani attri

Content Editor

Related News