ਆਈ. ਜੀ. ਤੇ ਡੀ. ਸੀ. ਨੇ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ

10/16/2019 5:31:26 PM

ਸੁਲਤਾਨਪੁਰ ਲੋਧੀ (ਧੀਰ, ਸੋਢੀ)— 550ਵੇਂ ਪ੍ਰਕਾਸ਼ ਪੁਰਬ ਮੱਦੇਨਜ਼ਰ ਹੋ ਰਹੇ ਵਿਸ਼ਵ ਪੱਧਰੀ ਸਮਾਗਮ 'ਤੇ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਪਹੁੰਚ ਰਹੇ ਹਨ। ਸੰਗਤਾਂ ਦੀ ਸੁਰੱਖਿਆ ਵਾਸਤੇ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਸਬੰਧੀ ਬੀਤੇ ਦਿਨ ਆਈ. ਜੀ. ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਕਪੂਰਥਲਾ ਡੀ. ਪੀ. ਐੱਸ. ਖਰਬੰਦਾ ਆਦਿ ਨੇ ਪਵਿੱਤਰ ਕਾਲੀ ਵੇਈਂ ਦੇ ਕੰਢੇ 'ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ। ਆਈ. ਜੀ. ਅਤੇ ਡੀ. ਸੀ. ਨੇ ਪਾਵਨ ਕਾਲੀ ਵੇਈਂ ਦੇ ਕਿਨਾਰਿਆਂ 'ਤੇ ਲੱਗ ਰਹੀ ਲੋਹੇ ਦੀ ਗਰਿੱਲਾਂ ਦੀ ਵੀ ਜਾਂਚ ਪੜਤਾਲ ਕੀਤੀ ਅਤੇ ਅਧੂਰੇ ਪਏ ਕੰਮ ਨੂੰ ਤੁਰੰਤ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੇਈਂ ਦੇ ਦੋਵੇਂ ਪਾਸੇ ਰਸਤਿਆਂ 'ਚ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੂੰ ਜਾਣ ਵਾਸਤੇ ਅਤੇ ਸੰਗਤਾਂ ਦੇ ਆਉਣ ਲਈ ਅਤੇ ਦੂਜਾ ਜਾਣ ਲਈ ਰਸਤਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵੇਈਂ ਦੇ ਦੂਜੇ ਪਾਸੇ ਗੁਰਦੁਆਰਾ ਸੰਤ ਘਾਟ ਦੇ ਸਾਹਮਣੇ ਮੂਲ ਮੰਤਰ ਵਾਲੀ ਸਾਈਡ 'ਤੇ ਇਕ ਪਲਟੂਨ ਬ੍ਰਿਜ ਬਣਾਇਆ ਜਾ ਰਿਹਾ ਹੈ ਤਾਂ ਕਿ ਸੰਗਤਾਂ ਨੂੰ ਗੁ. ਸੰਤਘਾਟ ਦੇ ਵੀ ਦਰਸ਼ਨ ਕਰਨ ਮੌਕੇ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਲੋਕੇਸ਼ਨ 'ਤੇ ਬਣਾਈਆਂ ਜਾ ਰਹੀਆਂ ਪੋਸਟਾਂ ਬਾਰੇ ਵੀ ਨਿਰੀਖਣ ਕੀਤਾ।

ਸੰਤ ਸੀਚੇਵਾਲ ਨੇ ਉਕਤ ਅਧਿਕਾਰੀਆਂ ਨੂੰ ਗੁਰਪੁਰਬ ਮੌਕੇ ਸੰਗਤਾਂ ਦੀ ਸੁਰੱਖਿਆ ਵਾਸਤੇ ਕੀਤੇ ਪ੍ਰਬੰਧਾਂ ਲਈ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਐੱਸ. ਪੀ. ਤੇਜਬੀਰ ਸਿੰਘ ਹੁੰਦਲ, ਡੀ. ਐੱਸ. ਪੀ. ਸਰਵਨ ਸਿੰਘ ਬੱਲ, ਐੱਸ. ਐੱਚ. ਓ. ਸਰਬਜੀਤ ਸਿੰਘ, ਐਕਸੀਅਨ ਇਮੀਗ੍ਰੇਸ਼ਨ ਅਜੀਤ ਸਿੰਘ ਆਦਿ ਵੀ ਹਾਜ਼ਰ ਸਨ।

shivani attri

This news is Content Editor shivani attri