ਸ੍ਰੀ ਅਨੰਦਪੁਰ ਸਾਹਿਬ : ਅਨਾਜ ਮੰਡੀਆਂ ’ਚ ਵਧੀਆ ਖਰੀਦ ਪ੍ਰਬੰਧਾਂ ਕਾਰਨ ਕਿਸਾਨਾਂ ’ਚ ਖੁਸ਼ੀ ਦੀ ਲਹਿਰ

04/28/2021 12:58:22 PM

ਨੂਰਪੁਰ ਬੇਦੀ (ਬਿਊਰੋ)-ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਅਨਾਜ ਮੰਡੀਆਂ ਵਿਚ ਕਿਸਾਨਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਹੋਏ ਹਨ। ਸ੍ਰੀ ਅਨੰਦਪੁਰ ਸਾਹਿਬ ਮਾਰਕੀਟ ਕਮੇਟੀ ਦੀਆਂ ਸਾਰੀਆਂ 12 ਅਨਾਜ ਮੰਡੀਆਂ ਵਿਚ ਰੋਜ਼ਾਨਾ ਆ ਰਹੀ ਕਣਕ ਦੀ ਨਾਲੋ-ਨਾਲ ਖਰੀਦ ਹੋ ਰਹੀ ਹੈ। ਲਿਫਟਿੰਗ ਦੇ ਸੁਚਾਰੂ ਪ੍ਰਬੰਧਾਂ ਅਤੇ ਸਿੱਧੀ ਕਿਸਾਨਾਂ ਦੇ ਖਾਤਿਆਂ ਵਿਚ ਹੋ ਰਹੀ ਜਿਣਸ ਦੀ ਅਦਾਇਗੀ ਤੋਂ ਕਿਸਾਨ ਪੂਰੀ ਤਰ੍ਹਾਂ ਸੰਤੁਸ਼ਟ ਹਨ। ਮਾਰਕੀਟ ਕਮੇਟੀ ਸ੍ਰੀ ਅਨੰਦਪੁਰ ਸਾਹਿਬ ਅਧੀਨ 12 ਅਨਾਜ ਮੰਡੀਆਂ ਅਗੰਮਪੁਰ, ਕੀਰਤਪੁਰ ਸਾਹਿਬ, ਤਖਤਗੜ੍ਹ, ਨੂਰਪੁਰ ਬੇਦੀ, ਨੰਗਲ, ਸੂਰੇਵਾਲ, ਅਬਿਆਣਾ, ਸੁਖੇਮਾਜਰਾ, ਢੁੰਮੇਵਾਲ, ਅਜੋਲੀ, ਕਲਵਾ, ਮਹੈਣ ਵਿਚ ਹੁਣ ਤੱਕ 37370 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ ਪਨਗਰੇਨ ਨੇ 10977, ਮਾਰਕਫੈੱਡ ਨੇ 14573 ਅਤੇ ਐੱਫ. ਸੀ. ਆਈ. ਨੇ 11820 ਮੀਟ੍ਰਿਕ ਟਨ ਕਣਕ ਦੀ ਖਰੀਦ ਕਰ ਲਈ ਹੈ।

ਇਹ ਵੀ ਪੜ੍ਹੋ : ਮਜ਼ਦੂਰ ਦਿਵਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸੂਬੇ ਦੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਦੇਣਗੀਆਂ ਮੰਗ-ਪੱਤਰ

ਕਿਸੇ ਵੀ ਕਿਸਾਨ ਨੂੰ ਅਨਾਜ ਮੰਡੀਆਂ ਵਿਚ ਬੇਲੋੜੀ ਖੱਜਲ-ਖੁਆਰੀ ਨਹੀਂ ਹੋ ਰਹੀ। ਕਿਸਾਨਾਂ ਦੇ ਖਾਤੇ ਵਿਚ ਸਿੱਧੀ ਅਦਾਇਗੀ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ। ਪਨਗਰੇਨ ਨੇ 22 ਅਪ੍ਰੈਲ 2021 ਤੱਕ ਕਿਸਾਨਾਂ ਦੀ ਖਰੀਦੀ ਕਣਕ ਦੀ ਅਦਾਇਗੀ ਕਰ ਦਿੱਤੀ ਹੈ। ਮਾਰਕਫੈੱਡ ਅਤੇ ਐੱਫ. ਸੀ. ਆਈ. ਨੇ 21 ਅਪ੍ਰੈਲ ਤੱਕ ਅਨਾਜ ਮੰਡੀਆਂ ਵਿਚ ਖਰੀਦ ਕੀਤੀ ਕਣਕ ਦੀ ਅਦਾਇਗੀ ਕਿਸਾਨਾਂ ਨੂੰ ਕਰ ਦਿੱਤੀ ਹੈ। ਆਮਦ, ਖਰੀਦ, ਲਿਫਟਿੰਗ ਅਤੇ ਅਦਾਇਗੀ ਦੇ ਪ੍ਰਬੰਧ ਸੁਚਾਰੂ ਹਨ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਬਿਨਾਂ ਮਾਸਕ ਘੁੰਮ ਰਿਹਾ ਵਿਅਕਤੀ ਕਾਬੂ, ਮਾਮਲਾ ਦਰਜ

ਸ੍ਰੀ ਅਨੰਦਪੁਰ ਸਾਹਿਬ ਦੀਆਂ ਇਨ੍ਹਾਂ ਸਾਰੀਆਂ ਅਨਾਜ ਮੰਡੀਆਂ ਵਿਚ ਫੁੱਟ ਆਪ੍ਰੇਟਿਡ, ਹੈਂਡ ਪੰਪ ਲਗਾ ਕੇ ਹੱਥਾਂ ਦੀ ਸਾਫ-ਸਫਾਈ ਦੀ ਵਿਸ਼ੇਸ਼ ਵਿਵਸਥਾ ਕੀਤੀ ਹੈ। ਮੰਡੀਆਂ ਨੂੰ ਸੈਨੇਟਾਈਜ਼ ਕਰਨ ਦੇ ਨਾਲ-ਨਾਲ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਮੰਡੀਆਂ ਵਿਚ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਰੱਖਣ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਇਨ੍ਹਾਂ ਅਨਾਜ ਮੰਡੀਆਂ ਵਿਚ ਬਾਰਦਾਨੇ ਦੀ ਕੋਈ ਘਾਟ ਨਹੀਂ ਹੈ। ਮਾਰਕੀਟ ਕਮੇਟੀ ਦੇ ਸਕੱਤਰ ਸੁਰਿੰਦਰਪਾਲ ਨੇ ਦੱਸਿਆ ਕਿ ਪਨਗਰੇਨ, ਮਾਰਕਫੈੱਡ ਅਤੇ ਐੱਫ. ਸੀ. ਆਈ. ਦੇ ਅਧਿਕਾਰੀ ਲਗਾਤਾਰ ਮੰਡੀਆਂ ਵਿਚ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਚਲਾ ਰਹੇ ਹਨ। ਸਿਹਤ ਵਿਭਾਗ ਵੱਲੋਂ ਵੀ ਕੋਵਿਡ ਵੈਕਸੀਨੇਸ਼ਨ ਪ੍ਰੋਗਰਾਮ ਅਧੀਨ ਯੋਗ ਵਿਅਕਤੀਆਂ ਨੂੰ ਟੀਕਾਕਰਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 


Manoj

Content Editor

Related News