ਇਸ ਸੰਸਾਰ ''ਚ ਕੋਈ ਵੀ ਸਥਿਰ ਨਹੀਂ ਰਿਹਾ: ਗਿਆਨੀ ਹਰਪ੍ਰੀਤ ਸਿੰਘ

08/08/2021 2:07:13 PM

ਭੁਲੱਥ (ਰਜਿੰਦਰ)- ਨੇੜਲੇ ਪਿੰਡ ਅਕਾਲਾ ਵਿਖੇ ਜਰਨੈਲ ਸਿੰਘ ਸਪੁੱਤਰ ਸ. ਬੰਤਾ ਸਿੰਘ ਦੀ ਯਾਦ ਵਿਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ। ਉਪਰੰਤ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ ਨੇ ਕੀਰਤਨ ਕੀਤਾ, ਉਥੇ ਕਥਾਵਾਚਕ ਭਾਈ ਰਣਜੀਤ ਸਿੰਘ ਬੰਗਲਾ ਸਾਹਿਬ ਦਿੱਲੀ ਵਾਲਿਆਂ ਨੇ ਕਥਾ ਕਰਦੇ ਹੋਏ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਜਰਨੈਲ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਸ ਸੰਸਾਰ ਵਿਚ ਕੋਈ ਵੀ ਸਥਿਰ ਨਹੀਂ ਰਿਹਾ ਕਿਉਂਕਿ ਜਿਨ੍ਹਾਂ ਆਸਣਾਂ 'ਤੇ ਅਸੀਂ ਬੈਠੇ ਹਾਂ, ਸਾਡੇ ਤੋਂ ਪਹਿਲਾਂ ਪਤਾ ਨਹੀਂ ਕਿੰਨੇ ਕੁ ਬੈਠੇ ਅਤੇ ਤੁਰ ਗਏ ਅਤੇ ਅਸੀਂ ਵੀ ਤੁਰ ਜਾਣਾ ਹੈ।

PunjabKesari

ਉਨ੍ਹਾਂ ਕਿਹਾ ਕਿ ਗੁਰਬਾਣੀ ਦਾ ਫ਼ਲਸਫ਼ਾ ਸਾਨੂੰ ਸਮਝਾਉਂਦਾ ਹੈ ਕਿ ਜਿਸ ਦਾ ਜਨਮ ਹੋਇਆ ਜਾਂ ਹੁੰਦਾ ਹੈ ਉਸ ਨੇ ਇਕ ਦਿਨ ਸੰਸਾਰ ਤੋਂ ਜਾਣਾ ਹੈ ਭਾਵੇਂ ਉਹ ਮਨੁੱਖ, ਪਸ਼ੂ, ਪੰਛੀ, ਪੇੜ ਜਾਂ ਰੁੱਖ ਹੋਵੇ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ 'ਸਭ ਦੁਨੀਆਂ ਆਵਣ ਜਾਵਣੀ' ਭਾਵ ਕਿ ਸਾਰੀ ਦੁਨੀਆ ਆਉਣ ਵਾਲੀ ਹੈ ਅਤੇ ਜਾਣ ਵਾਲੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਫ਼ਲਸਫ਼ਾ ਕਹਿੰਦਾ ਹੈ ਕਿ ਇਕੋ ਹਸਤੀ ਹੈ, ਜਿਸ ਦੀ ਹੋਂਦ ਹੈ ਪਰ ਉਸ ਦਾ ਜਨਮ ਨਹੀਂ ਹੋਇਆ। ਉਹ ਅਕਾਲ ਪੁਰਖ ਹੈ, ਜਿਸ ਨੂੰ ਤੁਸੀਂ ਵੱਖ- ਵੱਖ ਨਾਵਾਂ ਰੱਬ, ਅੱਲਾ, ਈਸ਼ਵਰ, ਗਾਡ, ਵਾਹਿਗੁਰੂ ਆਦਿ ਨਾਵਾਂ ਨਾਲ ਪੁਕਾਰਦੇ ਹੋ। 

PunjabKesari

ਜਰਨੈਲ ਸਿੰਘ ਅਕਾਲਾ ਨੂੰ ਵੱਖ - ਵੱਖ ਸ਼ਖਸੀਅਤਾਂ ਵੱਲੋਂ ਸ਼ਰਧਾਂਜਲੀਆਂ ਭੇਟ  

ਇਸ ਮੌਕੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਰਾਣਾ ਸਮੇਤ ਵੱਖ- ਵੱਖ ਸਖਸ਼ੀਅਤਾਂ ਨੇ ਜਰਨੈਲ ਸਿੰਘ ਅਕਾਲਾ ਨੂੰ ਸ਼ਰਧਾਂਜਲੀਆਂ ਭੇਂਟ ਕਰਦਿਆਂ ਉਨ੍ਹਾਂ ਦੇ ਪਿਤਾ ਸ. ਬੰਤਾ ਸਿੰਘ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਬੰਤਾ ਸਿੰਘ, ਸੂਬੇਦਾਰ ਚੇਤਨ ਸਿੰਘ, ਸ਼ਿੰਦਰਪਾਲ ਸਿੰਘ ਯੂ .ਕੇ, ਜਸਵਿੰਦਰਪਾਲ ਸਿੰਘ ਅਮਰੀਕਾ,ਕੁਲਜੀਤ ਸਿੰਘ, ਰਣਜੀਤ ਸਿੰਘ ਅਮਰੀਕਾ, ਪਰਵਿੰਦਰਜੀਤ ਸਿੰਘ, ਇੰਸਪੈਕਟਰ ਮਾਨ ਸਿੰਘ ਅਕਾਲਾ, ਬਲਦੇਵ ਸਿੰਘ ਘੋਤੜਾ, ਅਜੀਤ ਸਿੰਘ ਘੁੰਮਣ, ਜਸਵਿੰਦਰਪਾਲ ਸਿੰਘ ਰਾਮਗੜ੍ਹ, ਨੰਬਰਦਾਰ ਭਜਨ ਸਿੰਘ ਭਦਾਸ, ਨਿਸ਼ਾਨ ਸਿੰਘ ਅਕਾਲਾ, ਬਚਨ ਸਿੰਘ ਅਕਾਲਾ, ਤਜਿੰਦਰ ਸਿੰਘ ਰੂਬਲ ਅਤੇ ਬੌਬੀ ਵੋਹਰਾ ਆਦਿ ਹਾਜ਼ਰ ਸਨ।


shivani attri

Content Editor

Related News