ਸਪੋਰਟਸ ਹੱਬ ਪ੍ਰਾਜੈਕਟ ’ਚ ਹੋ ਰਹੀ ਘਪਲੇਬਾਜ਼ੀ ਦੀ ਜਾਂਚ ਸ਼ੁਰੂ

03/26/2022 5:14:11 PM

ਜਲੰਧਰ (ਖੁਰਾਣਾ)– ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ, ਜਿਸ ਨੇ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਦੇ ਵਿਰੁੱਧ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ, ਨੇ ਜਲੰਧਰ ਦੇ ਬਰਲਟਨ ਪਾਰਕ ਵਿਚ ਬਣਾਏ ਜਾ ਰਹੇ ਸਪੋਰਟਸ ਹੱਬ ਪ੍ਰਾਜੈਕਟ ਵਿਚ ਹੋ ਰਹੀ ਘਪਲੇਬਾਜ਼ੀ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਸਪੋਰਟਸ ਹੱਬ ਦਾ ਨਿਰਮਾਣ ਲਗਭਗ 78 ਕਰੋੜ ਰੁਪਏ ਦੀ ਲਾਗਤ ਨਾਲ ਸਮਾਰਟ ਸਿਟੀ ਕੰਪਨੀ ਜਲੰਧਰ ਵੱਲੋਂ ਕਰਵਾਇਆ ਜਾ ਰਿਹਾ ਹੈ। ਮੁੱਖ ਮੰਤਰੀ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਅਤੇ ਮੁੱਖ ਮੰਤਰੀ ਦਫ਼ਤਰ ਤੋਂ ਇਲਾਵਾ ਇਸ ਬਾਰੇ ਸ਼ਿਕਾਇਤਾਂ ਚੀਫ ਸੈਕਟਰੀ ਪੰਜਾਬ, ਲੋਕਲ ਬਾਡੀਜ਼ ਦੇ ਪ੍ਰਿੰਸੀਪਲ ਸੈਕਟਰੀ ਅਤੇ ਡਾਇਰੈਕਟਰ ਨੂੰ ਵੀ ਭੇਜੀਆਂ ਗਈਆਂ ਸਨ, ਜਿਨ੍ਹਾਂ ਦੇ ਆਧਾਰ ’ਤੇ ਹੁਕਮ ਹੋਏ ਹਨ ਕਿ ਚੰਡੀਗੜ੍ਹ ਤੋਂ ਵਿਸ਼ੇਸ਼ ਟੀਮ ਭੇਜ ਕੇ ਸ਼ਿਕਾਇਤਾਂ ਦੀ ਜਾਂਚ ਕਰਵਾਈ ਜਾਵੇ।

ਸਮਾਰਟ ਸਿਟੀ ਅਤੇ ਜਲੰਧਰ ਨਿਗਮ ਦੇ ਅਧਿਕਾਰੀ ਮਾਮਲਾ ਦਬਾਉਣ ’ਚ ਲੱਗੇ
ਸਪੋਰਟਸ ਹੱਬ ਦਾ ਨਿਰਮਾਣ 78 ਕਰੋੜ ਦੀ ਲਾਗਤ ਨਾਲ ਸਮਾਰਟ ਸਿਟੀ ਕੰਪਨੀ ਵੱਲੋਂ ਕਰਵਾਇਆ ਜਾ ਰਿਹਾ ਹੈ ਪਰ ਇਸਦੀ ਦੇਖ-ਰੇਖ ਬਤੌਰ ਨੋਡਲ ਆਫਿਸਰ ਨਿਗਮ ਅਧਿਕਾਰੀਆਂ ਨੇ ਕਰਨੀ ਹੁੰਦੀ ਹੈ ਪਰ ਦੋਵਾਂ ਹੀ ਵਿਭਾਗਾਂ ਦੇ ਅਧਿਕਾਰੀ ਸਾਈਟ ’ਤੇ ਜਾਂਦੇ ਹੀ ਨਹੀਂ ਅਤੇ ਸਾਰਾ ਕੁਝ ਠੇਕੇਦਾਰ ’ਤੇ ਹੀ ਛੱਡ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਆਦਮਪੁਰ ਨੇੜਿਓਂ ਖੇਤਾਂ 'ਚੋਂ ਮਿਲਿਆ ਪਾਕਿਸਤਾਨੀ ਗੁਬਾਰਾ, ਲੋਕਾਂ 'ਚ ਦਹਿਸ਼ਤ ਦਾ ਮਾਹੌਲ


ਸਮਾਰਟ ਸਿਟੀ ਦੇ ਟੀਮ ਲੀਡਰ ਕੁਲਵਿੰਦਰ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਮਲਾ ਅਜਿਹਾ ਨਹੀਂ ਹੈ, ਜਿਹੋ-ਜਿਹਾ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਟੈਕਨੀਕਲ ਟੀਮ ਆ ਕੇ ਜੋ ਜਾਂਚ ਕਰੇਗੀ, ਉਸ ਦੇ ਆਧਾਰ ’ਤੇ ਫੈਸਲਾ ਲਿਆ ਜਾਵੇਗਾ। ਉਨ੍ਹਾਂ ਪ੍ਰਾਜੈਕਟ ਦੀ ਰੁਟੀਨ ਚੈਕਿੰਗ ਦੀ ਜ਼ਿੰਮੇਵਾਰੀ ਨਿਗਮ ਅਧਿਕਾਰੀਆਂ ’ਤੇ ਪਾਈ। ਜਦੋਂ ਨਗਰ ਨਿਗਮ ਦੇ ਐੱਸ. ਈ. ਰਜਨੀਸ਼ ਡੋਗਰਾ ਨਾਲ ਸੰਪਰਕ ਕੀਤਾ ਗਿਆ, ਉਨ੍ਹਾਂ ਦੱਸਿਆ ਕਿ ਜੇ. ਈ. ਹਰਪ੍ਰੀਤ ਨੂੰ ਮੌਕੇ ’ਤੇ ਭੇਜਿਆ ਗਿਆ ਸੀ ਪਰ ਉਥੇ ਨਵੀਆਂ ਇੱਟਾਂ ਨਾਲ ਚਾਰਦੀਵਾਰੀ ਬਣਾਉਣ ਦਾ ਕੰਮ ਚੱਲ ਰਿਹਾ ਹੈ। ਸ਼੍ਰੀ ਡੋਗਰਾ ਇਹ ਨਹੀਂ ਦੱਸ ਸਕੇ ਕਿ ਜੇ. ਈ. ਨੇ ਨੀਂਹਾਂ ਨੂੰ ਪੁੱਟ ਕੇ ਉਥੇ ਹੇਠਾਂ ਲੱਗੀਆਂ ਪੁਰਾਣੀਆਂ ਇੱਟਾਂ ਦੀ ਜਾਂਚ ਕੀਤੀ ਜਾਂ ਨਹੀਂ।

ਥਰਡ ਪਾਰਟੀ ਦੇ ਅਧਿਕਾਰ ਖੇਤਰ ਦਾ ਨਹੀਂ ਹੈ ਮਾਮਲਾ
ਇਸੇ ਵਿਚਕਾਰ ਇਸ ਮਾਮਲੇ ਨੂੰ ਦਬਾਉਣ ਵਿਚ ਲੱਗੇ ਜਲੰਧਰ ਸਮਾਰਟ ਸਿਟੀ ਦੇ ਅਧਿਕਾਰੀਆਂ ਦੀ ਕੋਸ਼ਿਸ਼ ਰਹੀ ਹੈ ਕਿ ਪਹਿਲਾਂ ਤੋਂ ਨਿਯੁਕਤ ਥਰਡ ਪਾਰਟੀ ਏਜੰਸੀ ਤੋਂ ਇਸ ਮਾਮਲੇ ਦੀ ਜਾਂਚ ਸਥਾਨਕ ਪੱਧਰ ’ਤੇ ਕਰਵਾ ਕੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਜਾਵੇ ਪਰ ਥਰਡ ਪਾਰਟੀ ਏਜੰਸੀ ਦਾ ਕਹਿਣਾ ਸੀ ਕਿ ਉਸਦਾ ਕੰਮ ਸ਼ਿਕਾਇਤਾਂ ਦੇ ਆਧਾਰ ’ਤੇ ਕਾਰਵਾਈ ਕਰਨਾ ਨਹੀਂ ਹੈ ਅਤੇ ਉਸ ਨੂੰ ਜਿਹੜਾ ਕੰਮ ਪਹਿਲਾਂ ਤੋਂ ਮਿਲਿਆ ਹੋਇਆ ਹੈ, ਉਹ ਉਸੇ ਮੁਤਾਬਕ ਹੀ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਥਰਡ ਪਾਰਟੀ ਏਜੰਸੀ ਨੇ ਹਰ ਕੰਮ ਦਾ ਮੁਆਇਨਾ 2 ਵਾਰ ਕਰਨਾ ਹੈ ਅਤੇ ਠੇਕੇਦਾਰ ਵੱਲੋਂ ਭਰੇ ਗਏ ਟੈਸਟਾਂ ਦਾ 10 ਫ਼ੀਸਦੀ ਮਿਲਾਨ ਇਸ ਏਜੰਸੀ ਨੇ ਕਰਨਾ ਹੈ। ਥਰਡ ਪਾਰਟੀ ਏਜੰਸੀ ਦੀ ਟੀਮ ਨੇ ਸ਼ੁੱਕਰਵਾਰ ਮੌਕੇ ’ਤੇ ਜਾ ਕੇ ਰੁਟੀਨ ਦੀ ਚੈਕਿੰਗ ਵੀ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਘਪਲੇ ਦੀ ਅਸਲੀ ਜਾਂਚ ਚੰਡੀਗੜ੍ਹ ਤੋਂ ਆਈ ਵਿਜੀਲੈਂਸ ਜਾਂ ਥਰਡ ਪਾਰਟੀ ਦੀ ਟੀਮ ਹੀ ਕਰੇਗੀ।

ਇਹ ਵੀ ਪੜ੍ਹੋ: ਅਸ਼ਵਨੀ ਸ਼ਰਮਾ ਨੇ ‘ਆਪ’ ’ਤੇ ਕੱਸੇ ਤੰਜ, ਕਿਹਾ-ਗਾਰੰਟੀਆਂ ਤੋਂ ਭੱਜਣ ਲਈ ਲੱਭ ਰਹੇ ਨੇ ਰਸਤੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri