ਵਿਸ਼ਵ ਦਾਲ ਦਿਵਸ ਤੇ ਵਿਸ਼ੇਸ਼ ਜਾਗਰੂਕਤਾ ਕੈਂਪਾਂ ਦਾ ਆਯੋਜਨ, ਕਿਸਾਨਾਂ ਨੂੰ ਮੁਫਤ ਵੰਡੀਆ ਮਿਨੀਕਿੱਟਾਂ

02/10/2020 3:46:10 PM

ਜਲੰਧਰ—ਦਾਲਾਂ ਜਿਥੇ ਖੁਰਾਕ 'ਚ ਪ੍ਰੋਟੀਨ ਦਾ ਮੁੱਖ ਸੋਮਾ ਹਨ, ਉਥੇ ਦਾਲਾਂ ਦੀ ਖੇਤੀ ਕਰਨ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵੀ ਸੁਧਾਰ ਹੁੰਦਾ ਹੈ। ਇਸ ਗੱਲ ਦਾ ਪ੍ਰਗਟਾਵਾ ਡਾ. ਨਾਜਰ ਸਿੰਘ ਮੁੱਖ ਖੇਤੀਬਾੜੀ ਅਫਸਰ ਜਲੰਧਰ ਨੇ ਵਿਸ਼ਵ ਦਾਲ ਦਿਵਸ ਦੇ ਮੌਕੇ 'ਤੇ ਪਿੰਡ ਚਮਿਆਰਾ ਬਲਾਕ ਜਲੰਧਰ ਪੱਛਮੀ ਵਿਖੇ ਕਿਸਾਨਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਖੀ। ਡਾ. ਨਾਜਰ ਸਿੰਘ ਨੇ ਕਿਹਾ ਕਿ ਵਿਸ਼ਵ ਸਿਹਤ ਸੰਸਥਾਂ ਵੱਲੋਂ ਇੱਕ ਇਨਸਾਨ ਲਈ ਰੋਜ਼ਾਨਾ ਦਾਲਾ ਦਾ ਸੇਵਨ 80 ਗ੍ਰਾਮ ਪ੍ਰਤੀ ਦਿਨ ਕਰਨ ਲਈ ਕਿਹਾ ਹੈ, ਜਦਕਿ ਅਸੀ ਸਿਰਫ 35 ਗ੍ਰਾਮ ਹੀ ਪ੍ਰਤੀ ਦਿਨ ਦਾਲਾਂ ਦਾ ਸੇਵਨ ਕਰ ਰਹੇ ਹਾਂ, ਉਹਨਾ ਕਿਹਾ ਕਿ ਜਿਸ ਖੇਤ 'ਚ ਦਾਲਾਂ ਦੀ ਖੇਤੀ ਕੀਤੀ ਜਾਂਦੀ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ 'ਚ ਵੀ ਵਾਧਾ ਹੁੰਦਾ ਹੈ, ਡਾ. ਸਿੰਘ ਨੇ ਕਿਹਾ ਕਿ ਦਾਲਾ ਪ੍ਰਤੀ ਹੈਕਟੇਅਰ 40 ਕਿਲੋ ਨਾਇਟਰੋਜਨ ਤੱਤ ਜ਼ਮੀਨ 'ਚ ਫਿਕਸ ਕਰਨ ਦੀ ਸਮਰੱਥਾ ਰੱਖਦੀਆਂ ਹਨ। ਉਹਨਾ ਕਿਹਾ ਕਿ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਨ ਉਪਰੰਤ ਬੀਜੇ ਝੋਨੇ 'ਚ 35 ਕਿਲੋ ਯੂਰੀਆਂ ਖਾਦ ਘੱਟ ਪਾ ਕੇ ਖਾਦਾਂ ਤੇ ਆਉਂਦੇ ਖਰਚੇ 'ਚ ਬਚਤ ਕੀਤੀ ਜਾ ਸਕਦੀ ਹੈ।

ਵਿਸ਼ਵ ਦਾਲ ਦਿਵਸ ਦੇ ਮੌਕੇ 'ਤੇ ਜ਼ਿਲਾ ਭਰ ਦੇ ਸਮੂਹ ਬਲਾਕਾਂ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਕਿਸਾਨਾ ਨੂੰ ਦਾਲਾਂ ਦੀ ਕਾਸ਼ਤ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਰਕਬਾ ਦਾਲਾਂ ਹੇਠ ਲਿਆਦਾ ਜਾ ਸਕੇ। ਇਸ ਮੌਕੇ ਤੇ ਡਾ. ਨਾਜਰ ਸਿੰਘ ਨੇ ਮੌਕੇ ਤੇ ਆਏ ਕਿਸਾਨਾ ਨੂੰ ਦਾਲਾਂ ਦੀ ਖੇਤੀ ਪ੍ਰਤੀ ਉਤਸ਼ਾਹਿਤ ਕਰਦੇ ਹੋਏ ਮੂੰਗੀ ਦੀਆਂ ਮਿਨੀਕਿੱਟਾਂ ਮੁਫਤ ਵੰਡੀਆਂ ਗਈਆਂ। ਡਾ. ਨੇ ਦੱਸਿਆ ਕਿ 20 ਮਾਰਚ ਤੋਂ 10 ਅਪ੍ਰੈਲ ਤੱਕ ਗਰਮ ਰੁੱਤ ਦੀ ਮੂੰਗੀ ਦੀ ਬੀਜਾਈ ਕੀਤੀ ਜਾ ਸਕਦੀ ਹੈ। ਉਹਨਾ ਕਿਹਾ ਕਿ ਇਸ ਫਸਲ ਨੁੰ ਬਹੁਤ ਘੱਟ ਪਾਣੀ ਅਤੇ ਖਾਦਾਂ ਦੀ ਲੋੜ ਪੈਂਦੀ ਹੈ ਅਤੇ ਤਕਰੀਬਨ 60 ਦਿਨਾਂ ਬਾਅਦ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਉਪਰੰਤ ਝੋਨਾ ਜਾਂ ਮੱਕੀ ਦੀ ਕਾਸ਼ਤ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਇਸ ਤਰਾਂ ਨਾਲ ਇੱਕ ਵਾਧੂ ਫਸਲ ਮੌਜੂਦਾ ਚੱਲ ਰਹੇ ਫਸਲੀ ਚੱਕਰ 'ਚੋਂ ਲਈ ਜਾ ਸਕਦੀ ਹੈ। ਉਹਨਾ ਕਿਹਾ ਕਿ ਸਰਕਾਰ ਵੱਲੋਂ ਦਾਲਾ ਦੀਆਂ ਫਸਲਾਂ ਹੇਠ ਰਕਬਾ ਵਧਾਉਣ ਲਈ ਖੇਤੀ ਵਿਭਿੰਨਤਾ ਸਕੀਮ ਹੇਠ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਮੌਕੇ ਤੇ ਡਾ. ਨਰੇਸ਼ ਕੁਮਾਰ ਗੁਲਾਟੀ ਖੇਤੀਬਾੜੀ ਅਫਸਰ, ਡਾ. ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ, ਡਾ. ਸੁਰਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ. ਦਾਨਿਸ਼ ਕੁਮਾਰ ਖੇਤੀਬਾੜੀ ਵਿਕਾਸ ਅਫਸਰ  ਜਲੰਧਰ ਪੱਛਮੀ ਨੇ ਵੀ ਕਿਸਾਨਾ ਨੂੰ ਸੰਬੋਧਨ ਕੀਤਾ ।ਇਸ ਮੌਕੇ ਤੇ ਹਾਜਿਰ ਕਿਸਾਨਾ 'ਚ ਸ. ਹਰਜਿੰਦਰ ਸਿੰਘ ਅਤੇ ਸ. ਅਜੀਤ ਸਿੰਘ ਪਿੰਡ ਚਮਿਆਰਾ, ਜਰਨੈਲ ਸਿੰਘ ਪਿੰਡ ਸ਼ਹਿ ਝੰਗੀ ਅਤੇ ਸ. ਰਣਜੀਤ ਸਿੰਘ ਪਿੰਡ ਗਾਖਲ ਨੂੰ ਮੂੰਗੀ ਦੀਆਂ ਮਿਨੀਕਿੱਟਾਂ ਮੁਫਤ ਦਿੱਤੀਆਂ ਗਈਆਂ। ਸਹਿਕਾਰੀ ਸਭਾ ਪਿੰਡ ਚਮਿਆਰਾ ਦੇ ਸਕੱਤਰ ਸ਼੍ਰੀ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਿੰਡ 'ਚ ਮੂੰਗੀ ਦੀ ਕਾਸ਼ਤ ਲਈ ਵਿਭਾਗ ਵੱਲੋਂ ਕੀਤੇ ਗਏ ਉਪਰਾਲਿਆਂ ਦਾ ਫਾਇਦਾ ਜਰੂਰ ਹੋਵੇਗਾ ਅਤੇ ਉਹਨਾ ਦੱਸਿਆ ਕਿ ਉਪਜ ਦੀ ਮੰਡੀਕਾਰੀ 'ਚ ਵੀ ਸਹਿਕਾਰੀ ਸਭਾਵਾਂ ਆਪਣਾ ਯੋਗਦਾਨ ਪਾ ਸਕਦੀਆਂ ਹਨ।ਡਾ. ਅਰੁਣ ਕੋਹਲੀ ਨੇ ਆਏ ਹੋਏ ਕਿਸਾਨਾ ਦਾ ਧੰਨਵਾਦ ਕਰਦਿਆ ਆਖਿਆ ਕਿ ਸਰਕਾਰ ਵੱਲੋਂ ਕਿਸਾਨਾ ਰਾਂਹੀ ਬੀਜੇ ਜਾਣ ਵਾਲੇ ਪ੍ਰਦਰਸ਼ਨੀ ਪਲਾਟਾਂ ਦੀ ਜੀਓ ਟੈਗਿੰਗ ਕਰਨ ਲਈ ਕਿਹਾ ਗਿਆ ਹੈ, ਜਿਸ ਰਾਹੀਂ ਬੀਜੇ ਜਾ ਰਿਹੇ ਪਲਾਟ ਦਾ ਰਕਬਾ ਸਮੇਤ ਫੋਟੋ ਖੇਤੀਬਾੜੀ ਵਿਭਾਗ ਦੀ ਵੈਬਸਾਇਟ 'ਤੇ ਅਪਲੋਡ ਕੀਤੇ ਜਾਣੇ ਹਨ, ਡਾ. ਕੋਹਲੀ ਵੱਲੋਂ ਕਿਸਾਨਾ ਨੂੰ ਇਸ ਦੇ ਸਬੰਧ 'ਚ ਵੀ ਜਾਣਕਾਰੀ ਦਿੱਤੀ ਗਈ।
ਸੰਪਰਕ ਅਫਸਰ
ਖੇਤੀਬਾੜੀ ਵਿਭਾਗ ਜਲੰਧਰ।

Iqbalkaur

This news is Content Editor Iqbalkaur