6ਵਾਂ ਸਪਾਰਕ ਕਰੀਅਰ ਗਾਈਡੈਂਸ ਮੇਲਾ ਹੋਇਆ ਸੰਪੰਨ

12/21/2019 12:51:07 PM

ਜਲੰਧਰ (ਜਤਿੰਦਰ ਚੋਪੜਾ)— ਜ਼ਿਲਾ ਪ੍ਰਸ਼ਾਸਨ ਵੱਲੋਂ ਨੌਜਵਾਨਾਂ ਨੂੰ ਕਰੀਅਰ ਗਾਈਡੈਂਸ ਦੇਣ ਲਈ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਆਯੋਜਿਤ 2 ਦਿਨਾ ਸਪਾਰਕ ਕਰੀਅਰ ਗਾਈਡੈਂਸ ਮੇਲਾ ਸਫਲਤਾ ਦੀਆਂ ਉਚਾਈਆਂ ਛੂੰਹਦਾ ਸੰਪੰਨ ਹੋ ਗਿਆ। ਮੇਲੇ ਦੇ ਆਖਰੀ ਦਿਨ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਵਿਧਾਇਕ ਜੂਨੀਅਰ ਅਵਤਾਰ ਹੈਨਰੀ ਅਤੇ ਵਿਧਾਇਕ ਸੁਸ਼ੀਲ ਰਿੰਕੂ ਉਚੇਚੇ ਤੌਰ 'ਤੇ ਸ਼ਾਮਲ ਹੋਏ ਅਤੇ ਉਨ੍ਹਾਂ ਨੌਜਵਾਨਾਂ ਦਾ ਮਾਰਗ ਦਰਸ਼ਨ ਕੀਤਾ। 2 ਦਿਨ ਤੱਕ ਚੱਲੇ ਮੇਲੇ 'ਚ 34000 ਤੋਂ ਵੱਧ ਵਿਦਿਆਰਥੀ ਸ਼ਾਮਲ ਹੋਏ।

ਬੀਤੇ ਦਿਨ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਕੱਥਕ, ਗਿੱਧਾ, ਭੰਗੜਾ, ਰਾਜਸਥਾਨੀ ਡਾਂਸ ਅਤੇ ਹੋਰ ਪ੍ਰੋਗਰਾਮ ਪੇਸ਼ ਕਰ ਕੇ ਹਾਜ਼ਰੀਨ ਦਾ ਮਨ ਮੋਹ ਲਿਆ। ਵਿਧਾਇਕ ਹੈਨਰੀ ਅਤੇ ਵਿਧਾਇਕ ਰਿੰਕੂ ਨੇ ਆਪਣੇ ਸੰਬੋਧਨ 'ਚ ਦੇਸ਼ ਦੇ ਪੜ੍ਹੇ-ਲਿਖੇ ਨੌਜਵਾਨਾਂ ਵੱਲੋਂ ਵਿਦੇਸ਼ਾਂ 'ਚ ਸੈਟਲ ਹੋਣ ਦੇ ਵਧਦੇ ਰੁਝਾਨ 'ਤੇ ਚਿੰਤਾ ਪ੍ਰਗਟ ਕਰਦੇ ਕਿਹਾ ਕਿ ਮੌਜੂਦਾ ਹਾਲਾਤ 'ਚ ਜ਼ਿਲਾ ਪ੍ਰਸ਼ਾਸਨ ਦੇ ਅਜਿਹੇ ਵਿਲੱਖਣ ਉਪਰਾਲੇ ਜਿੱਥੇ ਇਕ ਪਾਸੇ ਨੌਜਵਾਨਾਂ ਲਈ ਤਰੱਕੀ ਦਾ ਰਾਹ ਖੋਲ੍ਹਣਗੇ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ-ਘਰ ਰੋਜ਼ਗਾਰ ਦੇ ਸੁਪਨੇ ਨੂੰ ਪੂਰਾ ਕਰਨਗੇ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਵਲੋਂ ਸਪਾਰਕ ਮੇਲੇ ਦੇ ਸਫਲ ਆਯੋਜਨ ਦੇ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਵੀ ਕੀਤੀ। ਵਿਧਾਇਕ ਹੈਨਰੀ ਅਤੇ ਵਿਧਾਇਕ ਰਿੰਕੂ ਨੇ ਕਿਹਾ ਕਿ ਨੌਜਵਾਨਾਂ ਦੇ ਭਵਿੱਖ ਨੂੰ ਸਹੀ ਸੇਧ ਦੇਣ 'ਚ ਉਨ੍ਹਾਂ ਦੀ ਮਦਦ ਕਰਨਾ ਆਪਣੇ-ਆਪ 'ਚ ਇਕ ਅਹਿਮ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ ਸੇਧ ਦੇਣੀ ਬਹੁਤ ਜ਼ਰੂਰੀ ਹੈ।

PunjabKesari
ਇਸ ਤੋਂ ਪਹਿਲਾਂ ਮੁੱਖ ਮਹਿਮਾਨਾਂ ਦਾ ਸਵਾਗਤ ਕਰਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਮੇਲੇ ਦਾ ਮਨੋਰਥ ਪੇਂਡੂ ਇਲਾਕਿਆਂ ਦੇ ਨੌਜਵਾਨਾਂ ਦੀ ਸਹੀ ਰਹਿਨੁਮਾਈ ਕਰਨਾ ਹੈ, ਜਿਸ ਨਾਲ ਉਹ ਆਪਣਾ ਭਵਿੱਖ ਸੰਵਾਰ ਸਕਣ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮੇਲਾ ਆਉਣ ਵਾਲੇ ਦਿਨਾਂ 'ਚ ਨੌਜਵਾਨਾਂ ਨੂੰ ਸੂਬੇ ਅਤੇ ਦੇਸ਼ ਦੇ ਸਮਾਜਿਕ ਅਤੇ ਆਰਥਿਕ ਵਿਕਾਸ 'ਚ ਬਰਾਬਰ ਭਾਈਵਾਲ ਬਣਾਉਣ 'ਚ ਅਹਿਮ ਰੋਲ ਅਦਾ ਕਰੇਗਾ। ਵਰਿੰਦਰ ਸ਼ਰਮਾ ਨੇ ਕਿਹਾ ਕਿ ਇਹ ਮੇਲਾ ਨੌਜਵਾਨਾਂ ਨੂੰ ਕਰੀਅਰ ਦੇ ਵਧੀਆ ਮੌਕੇ ਉਪਲਬਧ ਕਰਵਾਉਣ ਦੇ ਨਾਲ ਉਨ੍ਹਾਂ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ 'ਤੇ ਵੀ ਕੇਂਦਰਿਤ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਿਸੰਘ ਭੁੱਲਰ ਨੇ ਵਿਦਿਆਰਥੀਆਂ ਨੂੰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਲਗਾਤਾਰ ਕੋਸ਼ਿਸ਼ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਵਿਧਾਇਕਾਂ, ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੇ ਇਸ ਆਯੋਜਨ ਨੂੰ ਵਧੀਆ ਢੰਗ ਨਾਲ ਪੂਰਾ ਕਰਨ 'ਚ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਉਨ੍ਹਾਂ ਸਮਾਗਮ ਦੇ ਸਪਾਂਸਰ ਅਤੇ ਹੋਰਨਾਂ ਨੂੰ ਵੀ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਤ ਕੀਤਾ। ਏ. ਡੀ. ਸੀ. ਜਸਬੀਰ ਸਿੰਘ, ਐੱਸ. ਡੀ. ਐੱਮ. ਰਾਹੁਲ ਸਿੰਧੂ, ਸੰਜੀਵ ਸ਼ਰਮਾ, ਵਿਨੀਤ ਕੁਮਾਰ ਅਤੇ ਡਾ. ਜੈਇੰਦਰ ਸਿੰਘ, ਸਹਾਇਕ ਕਮਿਸ਼ਨਰ ਡਾ. ਸ਼ਾਇਰੀ ਮਲਹੋਤਰਾ, ਜ਼ਿਲਾ ਸਿੱਖਿਆ ਅਧਿਕਾਰੀ ਹਰਿੰਦਰਪਾਲ ਿਸੰਘ, ਉਪ ਜ਼ਿਲਾ ਸਿੱਖਿਆ ਅਧਿਕਾਰੀ ਗੁਰਪ੍ਰੀਤ ਕੌਰ ਅਤੇ ਅਨਿਲ ਅਵਸਥੀ, ਸਿਵਲ ਸਰਜਨ ਡਾ. ਗੁਰਿੰਦਰ ਕੌਰ ਚਾਵਲਾ, ਜ਼ਿਲਾ ਗਾਈਡੈਂਸ ਕੌਂਸਲਰ ਸੁਰਜੀਤ ਲਾਲ, ਲੈਫ. ਕਰਨਲ (ਰਿਟ.) ਮਨਮੋਹਨ ਸਿੰਘ, ਜਗਦੀਸ਼ ਕੁਮਾਰ, ਡੀ. ਪੀ. ਆਰ. ਓ. ਮਨਵਿੰਦਰ ਸਿੰਘ ਆਦਿ ਮੌਜੂਦ ਸਨ।

ਸਿਵਲ ਸੇਵਾਵਾਂ ਲਈ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਬੇਹੱਦ ਮੁਸ਼ਕਲ : ਰਾਹੁਲ ਸਿੰਧੂ
ਐੱਸ. ਡੀ. ਐੱਮ.-2 ਅਤੇ ਆਈ. ਏ. ਐੱਸ. ਰਾਹੁਲ ਸਿੰਧੂ ਨੇ ਕਿਹਾ ਕਿ ਅਜਿਹੇ ਸਪਾਰਕ ਮੇਲੇ ਲਾਉਣ ਦਾ ਮਕਸਦ ਤਾਂ ਹੀ ਪੂਰਾ ਹੋ ਸਕਦਾ ਹੈ ਜਦੋਂ ਆਉਣ ਵਾਲੇ ਸਾਲਾਂ 'ਚ ਜ਼ਿਲੇ ਦੇ ਘੱਟ ਤੋਂ ਘੱਟ 15 ਵਿਦਿਆਰਥੀ ਸਿਵਲ ਸੇਵਾਵਾਂ ਦੀ ਅਹਿਮ ਪ੍ਰੀਖਿਆ ਪਾਸ ਕਰ ਲੈਣ। ਉਨ੍ਹਾਂ ਕਿਹਾ ਕਿ ਸਿਵਲ ਸੇਵਾਵਾਂ ਲਈ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਬੇਹੱਦ ਮੁਸ਼ਕਲ ਹੈ ਅਤੇ ਇਸ ਦੌਰਾਨ ਵਿਦਿਆਰਥੀ ਦੇ ਆਮ ਗਿਆਨ, ਯੋਗਤਾ ਅਤੇ ਸਰਵਪੱਖੀ ਵਿਕਾਸ ਦੀ ਜਾਂਚ ਕੀਤੀ ਜਾਂਦੀ ਹੈ।

 

ਸਿਵਲ ਸੇਵਾਵਾਂ ਦੀ ਪ੍ਰੀਖਿਆ ਨੂੰ ਮਿਹਨਤ ਅਤੇ ਲਗਨ ਨਾਲ ਹੀ ਪਾਸ ਕੀਤਾ ਜਾ ਸਕਦੈ : ਡਾ. ਜੈਇੰਦਰ ਸਿੰਘ
ਐੱਸ. ਡੀ. ਐੱਮ. ਡਾ. ਜੈਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸਮਾਜ ਦੀ ਸੇਵਾ ਲਈ ਸਿਵਲ ਸੇਵਾਵਾਂ ਨਾਲ ਸਬੰਧਤ ਪ੍ਰੀਖਿਆ ਨੂੰ ਸਖਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਹੀ ਪਾਸ ਕੀਤਾ ਜਾ ਸਕਦਾ ਹੈ। ਸਫਲਤਾ ਹਾਸਲ ਕਰਨ ਲਈ ਮਿਹਨਤ ਹੀ ਇਕੋ-ਇਕ ਰਸਤਾ ਹੈ। ਉਨ੍ਹਾਂ ਕਿਹਾ ਕਿ ਮੇਲੇ ਲਾਉਣਾ ਸਮੇਂ ਦੀ ਲੋੜ ਹੈ, ਜਿਸ 'ਚ ਵਿਦਿਆਰਥੀ ਵੱਖ-ਵੱਖ ਮਾਹਿਰਾਂ ਕੋਲੋਂ ਸਹੀ ਗਾਈਡੈਂਸ ਲੈ ਕੇ ਆਪਣੀ ਰੁਚੀ ਅਨੁਸਾਰ ਪ੍ਰੋਫੈਸ਼ਨਲ ਅਤੇ ਹਾਇਰ ਐਜੂਕੇਸ਼ਨ ਦੀ ਚੋਣ ਕਰ ਸਕਦਾ ਹੈ।

ਸਹੀ ਪ੍ਰਕਿਰਿਆ, ਲਿਖਤੀ ਤੇ ਸਰੀਰਕ ਟੈਸਟ ਨਾਲ ਪੁਲਸ ਸੇਵਾਵਾਂ 'ਚ ਉੱਚ ਅਹੁਦਾ ਹਾਸਲ ਕਰੋ : ਦਲਜਿੰਦਰ ਸਿੰਘ
ਐੱਸ. ਐੱਸ. ਪੀ. ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਸਮਾਜ ਅਤੇ ਦੇਸ਼ ਦੀ ਸੇਵਾ ਲਈ ਪੁਲਸ ਫੋਰਸ 'ਚ ਭਰਤੀ ਹੋਣ। ਦਲਜਿੰਦਰ ਸਿੰਘ ਢਿੱਲੋਂ ਨੇ ਪੰਜਾਬ ਪੁਲਸ 'ਚ ਸਿਪਾਹੀ, ਸਬ-ਇੰਸਪੈਕਟਰ, ਇੰਸਪੈਕਟਰ, ਡੀ. ਐੱਸ. ਪੀ. ਅਤੇ ਹੋਰ ਉੱਚ ਅਹੁਦਿਆਂ 'ਤੇ ਭਰਤੀ ਨਾਲ ਸਬੰਧਤ ਸਹੀ ਪ੍ਰਕਿਰਿਆ, ਲਿਖਤੀ ਅਤੇ ਸਰੀਰਕ ਟੈਸਟ ਬਾਰੇ ਵਿਸਤਾਰ ਨਾਲ ਦੱਸਿਆ

ਨੌਜਵਾਨ ਭਾਰਤੀ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ : ਮਨਮੋਹਨ ਸਿੰਘ ਰੰਧਾਵਾ
ਬੀ. ਐੱਸ. ਐੱਫ. ਦੇ ਸੈਕਿੰਡ ਇਨ ਕਮਾਂਡ ਮਨਮੋਹਨ ਿਸੰਘ ਰੰਧਾਵਾ ਨੇ ਨੌਜਵਾਨਾਂ ਨੂੰ ਭਾਰਤੀ ਫੌਜ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਨੂੰ ਬੀ. ਐੱਸ. ਐੱਫ. 'ਚ ਸਿਪਾਹੀ, ਹੈੱਡ ਸਿਪਾਹੀ, ਸਬ-ਇੰਸਪੈਕਟਰ, ਸਹਾਇਕ ਕਮਾਂਡਰ ਆਦਿ ਅਹੁਦਿਆਂ 'ਤੇ ਭਰਤੀ ਹੋਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਿਦੱਤੀ।

ਐੱਨ. ਡੀ. ਏ. ਜ਼ਰੀਏ ਭਾਰਤੀ ਹਵਾਈ ਫੌਜ, ਕੰਬਾਈਂਡ ਡਿਫੈਂਸ ਸਰਵਿਸ 'ਚ ਹੋ ਸਕਦੀ ਹੈ ਭਰਤੀ : ਅਲੀਸ਼ਾ ਟੰਡਨ
ਫਲਾਈਟ ਲੈਫਟੀਨੈਂਟ ਅਲੀਸ਼ਾ ਟੰਡਨ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਫੌਜਾਂ ਦੀ ਵਰਦੀ ਨੂੰ ਪਾਉਣਾ ਸਾਰਿਆਂ ਲਈ ਸਨਮਾਨ ਵਾਲੀ ਗੱਲ ਹੈ ਪਰ ਇਹ ਆਪਣੇ ਆਪ 'ਚ ਬਹੁਤ ਵੱਡੀ ਜ਼ਿੰਮੇਵਾਰੀ ਵੀ ਲੈ ਕੇ ਆਉਂਦੀ ਹੈ। ਅਲੀਸ਼ਾ ਨੇ ਵਿਦਿਆਰਥੀਆਂ ਨੂੰ ਐੱਨ. ਡੀ. ਏ. ਜ਼ਰੀਏ ਭਾਰਤੀ ਹਵਾਈ ਫੌਜ, ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ, ਕੰਬਾਈਂਡ ਟੈਸਟ ਸਰਵਿਸ ਭਰਤੀ ਹੋਣ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੜਕੀਆਂ ਵੀ ਆਪਣੀ ਰੁਚੀ ਅਨੁਸਾਰ ਹਰ ਖੇਤਰ 'ਚ ਕਾਮਯਾਬੀ ਦੀਆਂ ਬੁਲੰਦੀਆਂ ਛੂਹ ਸਕਦੀਆਂ ਹਨ।

ਹੁਨਰ ਆਧਾਰਿਤ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਰੋਜ਼ਗਾਰ ਹਾਸਲ ਕਰ ਸਕਦੇ ਹਨ : ਸੁਰਜੀਤ ਲਾਲ
ਜ਼ਿਲਾ ਗਾਈਡੈਂਸ ਕੌਂਸਲਰ ਸੁਰਜੀਤ ਲਾਲ ਨੇ ਕਿਹਾ ਕਿ ਹੁਨਰ ਆਧਾਰਿਤ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਰੋਜ਼ਗਾਰ ਹਾਸਲ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਰੂਡਸੈੱਟ ਅਤੇ ਮਲਟੀਪਰਪਜ਼ ਸਕਿੱਲ ਡਿਵੈੱਲਪਮੈਂਟ ਸੈਂਟਰ ਅਤੇ ਹੋਰ ਵਿਭਾਗਾਂ ਵਲੋਂ ਮੋਬਾਇਲ ਦੀ ਰਿਪੇਅਰ, ਡ੍ਰੈੱਸ ਡਿਜ਼ਾਈਨਿੰਗ, ਏ. ਸੀ. ਰਿਪੇਅਰ, ਬਿਊਟੀ ਪਾਰਲਰ, ਹਾਰਡਵੇਅਰ ਨੈੱਟਵਰਕਿੰਗ, ਰਬੜ ਮਿੱਲ ਆਪ੍ਰ੍ਰੇਟਰ, ਇਲੈਕਟ੍ਰੀਸ਼ੀਅਨ ਸਮੇਤ ਹੋਰ ਅਨੇਕਾਂ ਵਿਸ਼ਿਆਂ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ।


shivani attri

Content Editor

Related News