ਪੁੱਤ ਨੇ ਜ਼ਮੀਨ ਖਾਤਰ ਕੁੱਟੇ ਮਾਪੇ, ਮਾਂ ਦੀ ਤੋੜੀ ਲੱਤ

03/18/2019 9:50:29 PM

ਰੂਪਨਗਰ,(ਸੱਜਣ ਸੈਣੀ): ਪਿੰਡ ਕੀੜੀ ਅਫਗਾਨਾ ਵਿਖੇ ਪੁੱਤਰ ਤੇ ਨੂੰਹ ਵੱਲੋਂ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਜ਼ਮੀਨ ਖਾਤਰ ਦਰਦਨਾਕ ਹਾਲਤ ਕਰ ਦਿੱਤੀ ਅਤੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ। ਪੀੜਤ ਬਜ਼ੁਰਗਾਂ ਨੂੰ ਪਿੰਡ ਵਾਸੀਆਂ ਨੇ ਖੇਤਾਂ 'ਚੋਂ ਚੁੱਕ ਕੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ। ਜਿਥੇ ਪੁੱਤ ਵਲੋਂ ਮਾਂ ਦੀ ਲੱਤ ਤੋੜ੍ਹੇ ਜਾਣ ਕਾਰਨ ਰੋਪੜ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ, ਉਥੇ ਹੀ ਲਹੂ-ਲੂਹਾਨ ਹਾਲਤ 'ਚ ਬਜ਼ੁਰਗ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਉਸ ਕੋਲ 3 ਏਕੜ ਜ਼ਮੀਨ ਸੀ ਅਤੇ ਤਿੰਨ ਹੀ ਪੁੱਤਰ ਹਨ ਪਰ ਇੱਕ ਪੁੱਤਰ ਬੇਅੰਤ ਸਿੰਘ ਤੇ ਉਸ ਦੀ ਪਤਨੀ ਰੇਖਾ ਜੋ ਕੁੱਝ ਸਮਾਂ ਪਹਿਲਾਂ ਉਸ ਕੋਲ ਰਹਿੰਦੇ ਸਨ।

ਉਨ੍ਹਾਂ ਸਾਡੇ 'ਤੇ ਦਬਾਅ ਪਾ ਕੇ ਡੇਢ ਏਕੜ ਜ਼ਮੀਨ ਵਿਕਾ ਦਿੱਤੀ ਤੇ ਹੋਰ ਜ਼ਮੀਨ ਵੇਚਣ ਅਤੇ ਬਾਕੀ ਰਹਿੰਦੀ ਜ਼ਮੀਨ ਆਪਣੇ ਨਾਂ ਕਰਾਉਣ ਲਈ ਉਨ੍ਹਾਂ 'ਤੇ ਦਬਾਅ ਪਾਉਂਦੇ ਰਹਿੰਦੇ ਸਨ। ਜਿਸ ਕਾਰਨ ਉਨ੍ਹਾਂ ਆਪਣੀ ਨੂੰਹ ਤੇ ਪੁੱਤਰ ਨੂੰ ਬੇਦਖਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਹ ਅਮ੍ਰਿਤਸਰ ਜਾ ਕੇ ਰਹਿਣ ਲੱਗ ਪਏ । ਤਿੰਨ ਚਾਰ ਦਿਨ ਪਹਿਲਾਂ ਉਹ ਮੁੜ ਪਿੰਡ ਆ ਗਏ ਅਤੇ ਉਨ੍ਹਾਂ 'ਤੇ ਦਬਾਅ ਬਣਾਉਣ ਲੱਗ ਪਏ ਕੇ ਸਾਡੇ ਹਿੱਸੇ ਦੀ ਜ਼ਮੀਨ ਸਾਡੀ ਕੁੜੀ (ਉਨ੍ਹਾਂ ਦੀ ਪੋਤਰੀ) ਦੇ ਨਾਂ ਲਗਾ ਦੇਵੋ। ਜਦ ਉਨ੍ਹਾਂ ਵੱਲੋਂ ਨਾ ਕੀਤੀ ਗਈ ਤਾਂ ਉਨ੍ਹਾਂ ਦੇ  ਪੁੱਤਰ ਤੇ ਨੂੰਹ ਨੇ ਉਸ ਦੀ ਪਤਨੀ ਬਲਜੀਤ ਕੌਰ ਨੂੰ ਤਰੰਗਲੀ (ਤੂੜੀ ਚੁੱਕਣ ਵਾਲਾ ਸੰਦ) ਨਾਲ ਭਜਾ ਭਜਾ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਉਸ ਦੀ ਪਤਨੀ ਦੀਆਂ ਅੱਖਾਂ 'ਚ ਸਰਫ ਪਾ ਕੇ ਉਸ ਦੀ ਅਜਿਹੀ ਕੁੱਟ ਮਾਰ ਕੀਤੀ ਕਿ ਉਸ ਦੀ ਇੱਕ ਲੱਤ ਕਈ ਥਾਵਾਂ ਤੋਂ ਟੁੱਟ ਗਈ, ਜਦਕਿ ਉਸ ਦੇ ਸਿਰ ਅਤੇ ਸਰੀਰ 'ਤੇ ਕਈ ਥਾਵਾਂ 'ਤੇ ਸੱਟਾਂ ਵੱਜੀਆਂ ਹਨ। ਇਸ ਸਬੰਧੀ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਬਜ਼ੁਰਗਾਂ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਸਬੰਧੀ ਜੋ ਵੀ ਕਾਰਵਾਈ ਬਣਦੀ ਹੋਈ ਉਹ ਅਮਲ 'ਚ ਲਿਆਂਦੀ ਜਾਵੇਗੀ।

Deepak Kumar

This news is Content Editor Deepak Kumar