ਜੀ. ਆਰ. ਪੀ. ਜਲੰਧਰ ਨੂੰ ਪਹਿਲੀ ਵਾਰ ਮਿਲਿਆ ਸਨਿਫਰ ਡੌਗ

02/03/2020 4:51:59 PM

ਜਲੰਧਰ (ਗੁਲਸ਼ਨ)— ਰੇਲਵੇ ਸਟੇਸ਼ਨਾਂ ਅਤੇ ਵੀ. ਵੀ. ਆਈ. ਪੀ. ਦੀ ਸੁਰੱਖਿਆ ਲਈ ਜਲੰਧਰ ਜੀ. ਆਰ. ਪੀ. ਨੂੰ ਵੀ ਸਨਿਫਰ ਡੌਗ ਮਿਲ ਗਿਆ ਹੈ। ਲੈਬਰਾ ਨਸਲ ਦੀ 11 ਮਹੀਨੇ ਦਾ ਕੈਰੀ ਬੰਬ, ਆਰ. ਡੀ. ਐਕਸ, ਕੋਡਕ ਵਾਇਰ ਅਤੇ ਹੋਰ ਵਿਸਫੋਟਕ ਪਦਾਰਥ ਲੱਭਣ 'ਚ ਕਾਫੀ ਸਮਰੱਥ ਹੈ। ਫਿਲੌਰ ਸਥਿਤ ਟ੍ਰੇਨਿੰਗ ਸੈਂਟਰ 'ਚ 6 ਮਹੀਨੇ ਦੀ ਟ੍ਰੇਨਿੰਗ ਤੋਂ ਬਾਅਦ ਕੈਰੀ ਦੀ ਜਲੰਧਰ ਜੀ. ਆਰ. ਪੀ. 'ਚ ਤਾਇਨਾਤੀ ਹੋਈ ਹੈ। ਇਸ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਹੈੱਡ ਕਾਂਸਟੇਬਲ ਕੇਵਲ ਸਿੰਘ ਅਤੇ ਕਾਂਸਟੇਬਲ ਗੁਰਦੇਵ ਸਿੰਘ ਨੂੰ ਸੌਂਪੀ ਗਈ ਹੈ। ਇਨ੍ਹਾਂ ਦੋਵਾਂ ਮੁਲਾਜ਼ਮਾਂ ਨੇ ਵੀ ਕੈਰੀ ਨਾਲ ਹੀ ਟ੍ਰੇਨਿੰਗ ਪੂਰੀ ਕੀਤੀ।

ਜ਼ਿਕਰਯੋਗ ਹੈ ਕਿ ਜੀ. ਆਰ. ਪੀ. ਲੁਧਿਆਣਾ, ਅੰਮ੍ਰਿਤਸਰ ਅਤੇ ਪਠਾਨਕੋਟ 'ਚ ਡੌਗ ਸਕੁਐਡ ਪਹਿਲਾਂ ਤੋਂ ਹੀ ਮੌਜੂਦ ਹੈ ਪਰ ਜਲੰਧਰ ਜੀ. ਆਰ. ਪੀ. ਨੂੰ ਪਹਿਲੀ ਵਾਰ ਡੌਗ ਸਕੁਐਡ ਮਿਲਿਆ ਹੈ। ਇਸ ਤੋਂ ਪਹਿਲਾਂ ਤਿਉਹਾਰਾਂ ਦੇ ਮੱਦੇਨਜ਼ਰ ਜਾਂ ਕਿਸੇ ਵਿਸ਼ੇਸ਼ ਚੈਕਿੰਗ ਦੌਰਾਨ ਪੀ. ਏ. ਪੀ. ਦੇ ਡੌਗ ਸਕੁਐਡ ਨਾਲ ਰੇਲਵੇ ਸਟੇਸ਼ਨ 'ਤੇ ਚੈਕਿੰਗ ਕੀਤੀ ਜਾਂਦੀ ਸੀ।
ਐੱਸ. ਐੱਚ. ਓ. ਧਰਮਿੰਦਰ ਕਲਿਆਣ ਨੇ ਦੱਸਿਆ ਕਿ ਡੌਗ ਸਕੁਐਡ ਮਿਲਣ ਤੋਂ ਬਾਅਦ ਸਟੇਸ਼ਨ 'ਤੇ ਰੋਜ਼ਾਨਾ ਦੋ ਵਾਰ ਸਰਚ ਮੁਹਿੰਮ ਚਲਾਈ ਜਾ ਰਹੀ ਹੈ।

ਸਰਕਾਰੀ ਡੌਗ ਨੂੰ ਡਿਪਟੀ ਰੈਂਕ ਦੀ ਮਿਲਦੀ ਹੈ ਸਹੂਲਤ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਰਕਾਰੀ ਡੌਗ ਨੂੰ ਡਿਪਟੀ ਰੈਂਕ ਦੀ ਸਹੂਲਤ ਮਿਲਦੀ ਹੈ, ਜਿਸ 'ਚ ਸਰਕਾਰੀ ਕੁਆਰਟਰ, ਗੱਡੀ ਤੋਂ ਇਲਾਵਾ ਦੂਜੇ ਸੂਬੇ 'ਚ ਜਾਣ ਲਈ ਟਰੇਨ 'ਚ ਫਸਟ ਏ. ਸੀ. 'ਚ ਟ੍ਰੈਵਲ ਕਰਨ ਦੀ ਵੀ ਸਹੂਲਤ ਮਿਲਦੀ ਹੈ। ਇਸ ਦੀ ਦੇਖ-ਰੇਖ ਲਈ ਤਾਇਨਾਤ ਦੋਵਾਂ ਮੁਲਾਜ਼ਮਾਂ 'ਚੋਂ ਇਕ ਮੁਲਾਜ਼ਮ 24 ਘੰਟੇ ਤਾਇਨਾਤ ਹੋਣਾ ਜ਼ਰੂਰੀ ਹੈ। ਸਰਕਾਰੀ ਡੌਗ ਦੀ ਟ੍ਰੇਨਿੰਗ ਅਤੇ ਪੂਰੇ ਕਾਗਜ਼-ਪੱਤਰ ਤਿਆਰ ਹੋਣ ਤੋਂ ਬਾਅਦ ਉਸ ਦੀ ਤਾਇਨਾਤੀ ਹੁੰਦੀ ਹੈ। ਪੁਲਸ ਹੈੱਡ ਕੁਆਰਟਰ ਕੋਲ ਉਸ ਦੀ ਪੂਰੀ ਹਿਸਟਰੀ ਹੁੰਦੀ ਹੈ, ਜਿਸ 'ਚ ਉਸ ਦੇ ਮਾਂ-ਬਾਪ ਸਮੇਤ ਹੋਰ ਜਾਣਕਾਰੀਆਂ ਵੀ ਹੁੰਦੀਆਂ ਹਨ। ਤਕਰੀਬਨ 8 ਸਾਲ ਤੋਂ ਬਾਅਦ ਸਰਕਾਰੀ ਡੌਗ ਦੀ ਰਿਟਾਇਰਮੈਂਟ ਵੀ ਹੁੰਦੀ ਹੈ।

PunjabKesari

5 ਮੈਂਬਰੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਡੌਗ ਦੀ ਚੋਣ
ਸੂਤਰਾਂ ਮੁਤਾਬਕ ਪੰਜਾਬ ਪੁਲਸ ਵੱਲੋਂ ਡੌਗ ਖਰੀਦਣ ਤੋਂ ਪਹਿਲਾਂ ਇਸ ਦੀ 5 ਮੈਂਬਰੀ ਕਮੇਟੀ ਵੱਲੋਂ ਚੋਣ ਕੀਤੀ ਜਾਂਦੀ ਹੈ, ਜਿਸ 'ਚ ਇਕ ਸਰਕਾਰੀ ਡਾਕਟਰ ਵੀ ਸ਼ਾਮਲ ਹੁੰਦਾ ਹੈ। ਮੁਕਾਬਲੇਬਾਜ਼ੀ 'ਚ ਜਿੱਤਣ ਵਾਲੇ ਡੌਗ ਨੂੰ ਖਰੀਦਣ ਦੀ ਪਹਿਲ ਕੀਤੀ ਜਾਂਦੀ ਹੈ। ਕਰੀਬ 1 ਮਹੀਨੇ ਦੇ ਪੱਪੀ ਨੂੰ ਪੁਲਸ ਵਲੋਂ ਖਰੀਦ ਲਿਆ ਜਾਂਦਾ ਹੈ, ਜਿਸ ਨੂੰ ਫਿਲੌਰ 'ਚ ਸਥਿਤ ਟ੍ਰੇਨਿੰਗ ਸੈਂਟਰ 'ਚ ਭੇਜ ਦਿੱਤਾ ਜਾਂਦਾ ਹੈ। ਉਸ ਦੀਆਂ ਅੱਖਾਂ ਖੁੱਲ੍ਹਣ ਤੋਂ ਬਾਅਦ ਹੀ ਉਸ ਦੇ ਕੇਅਰ ਟੇਕਰਾਂ ਦੀ ਵੀ ਪੋਸਟਿੰਗ ਕਰ ਦਿੱਤੀ ਜਾਂਦੀ ਹੈ। ਕਰੀਬ 3 ਮਹੀਨੇ ਤੱਕ ਉਸ ਨਾਲ ਖੇਡਣ-ਕੁੱਦਣ ਤੋਂ ਬਾਅਦ ਇਨ੍ਹਾਂ ਦੀ ਟ੍ਰੇਨਿੰਗ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ।

ਕੈਰੀ ਦੀ ਡਾਈਟ ਦਾ ਵੀ ਰੱਖਿਆ ਜਾਂਦਾ ਹੈ ਵਿਸ਼ੇਸ਼ ਧਿਆਨ
ਕੈਰੀ ਦੀ ਸੁਰੱਖਿਆ 'ਚ ਤਾਇਨਾਤ ਕਾਂਸਟੇਬਲ ਗੁਰਦੇਵ ਸਿੰਘ ਨੇ ਦੱਸਿਆ ਕਿ ਕੈਰੀ ਹੁਣ ਲਗਭਗ 11 ਮਹੀਨੇ ਦਾ ਹੈ। ਉਸ ਦੀ ਡਾਈਟ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਿਆ ਜਾਂਦਾ ਹੈ। ਉਸ ਨੂੰ ਸਵੇਰੇ 1 ਆਂਡਾ, 250 ਗ੍ਰਾਮ ਪੇਡੀਗ੍ਰੀ ਅਤੇ 250 ਗ੍ਰਾਮ ਦਹੀਂ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸ਼ਾਮ ਨੂੰ ਵੀ ਇਹ ਡਾਈਟ ਉਸ ਨੂੰ ਦਿੱਤੀ ਜਾਂਦੀ ਹੈ। ਉਸ ਨੂੰ ਐਕਟਿਵ ਰੱਖਣ ਲਈ ਰੋਜ਼ਾਨਾ ਨਹਿਲਾਉਣ ਦੇ ਨਾਲ ਸਵੇਰੇ-ਸ਼ਾਮ ਸੈਰ ਵੀ ਕਰਵਾਈ ਜਾਂਦੀ ਹੈ।

ਜੀ. ਆਰ. ਪੀ. ਥਾਣੇ ਕੋਲ ਮਿਲਿਆ ਕੁਆਰਟਰ
ਕੈਰੀ ਦੇ ਰਹਿਣ ਲਈ ਜੀ. ਆਰ. ਪੀ. ਦੇ ਥਾਣੇ ਕੋਲ ਹੀ ਇਕ ਕੁਆਰਟਰ ਅਲਾਟ ਕੀਤਾ ਗਿਆ ਹੈ, ਜਿਸ 'ਚ ਉਸ ਦੇ ਦੋਵੇਂ ਟ੍ਰੇਨਰ ਕੇਵਲ ਸਿੰਘ ਅਤੇ ਗੁਰਦੇਵ ਸਿੰਘ ਵੀ ਰਹਿੰਦੇ ਹਨ। ਗੁਰਦੇਵ ਸਿੰਘ ਨੇ ਦੱਸਿਆ ਕਿ ਸਰਦੀ ਦੇ ਮੌਸਮ ਕਾਰਨ ਉਸ ਲਈ ਕਮਰੇ 'ਚ ਬਿਸਤਰ ਅਤੇ ਕੰਬਲ ਆਦਿ ਦਾ ਪੂਰਾ ਪ੍ਰਬੰਧ ਹੈ। ਗਰਮੀ 'ਚ ਉਸ ਲਈ ਕੂਲਰ ਵੀ ਲਾਇਆ ਜਾਏਗਾ। ਉਸ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਸ ਲਈ ਇਕ ਬੱਚੇ ਦੀ ਤਰ੍ਹਾਂ ਉਸ ਦੀ ਪੂਰੀ ਵੈਕਸੀਨੇਸ਼ਨ (ਟੀਕਾਕਰਨ) ਕਰਵਾਈ ਜਾ ਰਹੀ ਹੈ।

ਆਰ. ਪੀ. ਐੱਫ. ਕੋਲ ਸੀ ਚੌਪਿਨ ਨਾਂ ਦਾ ਸਨਿਫਰ ਡੌਗ
ਇਸ ਤੋਂ ਪਹਿਲਾਂ ਜਲੰਧਰ ਆਰ. ਪੀ. ਐੱਫ. ਕੋਲ ਇਕ ਚੌਪਿਨ ਨਾਂ ਦਾ ਸਨਿਫਰ ਡੌਗ ਸੀ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਕਈ ਮੁੱਖ ਮੰਤਰੀਆਂ ਅਤੇ ਹੋਰ ਵੀ. ਵੀ. ਆਈ. ਪੀਜ਼ ਦੀ ਸੁਰੱਖਿਆ 'ਚ ਵੀ ਤਾਇਨਾਤ ਰਹਿ ਚੁੱਕਾ ਸੀ। ਰੇਲਵੇ ਕਲੱਬ ਦੇ ਕੋਲ ਸਥਿਤ ਆਰ. ਪੀ. ਐੱਫ. ਬੈਰਿਕ 'ਚ ਉਸ ਦੇ ਰਹਿਣ ਲਈ ਵੱਖ-ਵੱਖ ਥਾਂ ਬਣਾਈ ਗਈ ਸੀ। ਕੁਝ ਸਾਲ ਪਹਿਲਾਂ ਉਹ ਕਿਸੇ ਇੰਫੈਕਸ਼ਨ ਨਾਲ ਗ੍ਰਸਤ ਹੋ ਗਿਆ। ਕਾਫੀ ਇਲਾਜ ਕਰਵਾਉਣ ਤੋਂ ਬਾਅਦ ਉਹ ਠੀਕ ਨਹੀਂ ਹੋ ਸਕਿਆ ਅਤੇ ਉਹ ਅਲਵਿਦਾ ਕਹਿ ਗਿਆ, ਜਿਸ ਦੀ ਆਖਰੀ ਵਿਦਾਈ ਦੇ ਸਮੇਂ ਆਰ. ਪੀ. ਐੱਫ. ਸਟਾਫ ਵੱਲੋਂ ਉਸ ਨੂੰ ਨਮ ਅੱਖਾਂ ਨਾਲ ਸਲਾਮੀ ਦਿੱਤੀ ਗਈ ਸੀ। ਇਸ ਤੋਂ ਬਾਅਦ ਆਰ. ਪੀ. ਐੱਫ. ਨੂੰ ਵੀ ਦੂਜਾ ਸਨਿਫਰ ਡੌਗ ਨਹੀਂ ਮਿਲਿਆ।


shivani attri

Content Editor

Related News