50 ਲੱਖ ਰੁਪਏ ਦੀ ਹੈਰੋਇਨ ਸਮੇਤ ਤਸਕਰ ਗ੍ਰਿਫਤਾਰ

11/18/2019 8:13:01 PM

ਕਪੂਰਥਲਾ, (ਭੂਸ਼ਣ)— ਐੇੱਸ. ਟੀ. ਐੇੱਫ. ਕਪੂਰਥਲਾ ਦੀ ਟੀਮ ਨੇ ਨਾਕਾਬੰਦੀ ਦੌਰਾਨ ਡਿਪਲੋਮਾ ਹੋਲਡਰ ਇੰਜੀਨੀਅਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ 50 ਲੱਖ ਰੁਪਏ ਮੁੱਲ ਦੀ ਹੈਰੋਇਨ ਬਰਾਮਦ ਕੀਤੀ ਹੈ । ਗ੍ਰਿਫਤਾਰ ਮੁਲਜ਼ਮ ਖਿਲਾਫ ਥਾਣਾ ਕੋਤਵਾਲੀ 'ਚ ਮਾਮਲਾ ਦਰਜ ਕਰ ਲਿਆ ਹੈ । ਜਾਣਕਾਰੀ ਅਨੁਸਾਰ ਐੇੱਸ. ਟੀ. ਐੇੱਫ. ਲੁਧਿਆਣਾ ਤੇ ਜਲੰਧਰ ਜ਼ੋਨ ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਦੇ ਹੁੱਕਮਾਂ 'ਤੇ ਐੇੱਸ. ਟੀ. ਐੇੱਫ. ਇੰਚਾਰਜ ਕਪੂਰਥਲਾ ਸਲਵੈਸਟਰ ਮਸੀਹ ਨੇ ਪੁਲਿਸ ਟੀਮ ਦੇ ਨਾਲ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ ਜਿਸ ਦੌਰਾਨ ਪਿੰਡ ਬੂਟਾ ਨਜ਼ਦੀਕ ਜਦੋਂ ਇਕ ਤੇਜ਼ ਰਫਤਾਰ ਸਵੀਫਟ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਨੂੰ ਸੜਕ ਕਿਨਾਰੇ ਖੜੀ ਕਰਕੇ ਹਨ੍ਹੇਰੇ 'ਚ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਟੀਮ ਨੇ ਪਿੱਛਾ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ । ਜਦੋਂ ਮੁਲਜ਼ਮ ਤੋਂ ਉਸ ਦਾ ਨਾਮ ਤੇ ਪਤਾ ਪੁੱਛਿਆ ਗਿਆ ਤਾਂ ਉਸ ਨੇ ਹਰਵਿੰਦਰ ਸਿੰਘ ਉਰਫ ਇੰਦਰ ਪੁੱਤਰ ਹਰਦੇਵ ਸਿੰਘ ਵਾਸੀ ਨਿਊ ਵਿਜੈ ਨਗਰ ਅਮ੍ਰਿਤਸਰ ਦੱਸਿਆ । ਮੁਲਜ਼ਮ ਦੀ ਕਾਰ ਦੀ ਤਲਾਸ਼ੀ ਦੌਰਾਨ ਕਾਰ 'ਚੋਂ 105 ਗ੍ਰਾਮ ਹੈਰੋਇਨ ਬਰਾਮਦ ਹੋਈ । ਬਰਾਮਦ 105 ਗ੍ਰਾਮ ਹੈਰੋਇਨ ਦਾ ਅੰਤਰਾਸ਼ਟਰੀ ਬਾਜ਼ਾਰ 'ਚ ਮੁੱਲ ਕਰੀਬ 50 ਲੱਖ ਰੁਪਏ ਦੱਸਿਆ ਜਾ ਰਿਹਾ ਹੈ ।
ਪੁੱਛਗਿਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਉਹ ਠੇਕੇਦਾਰੀ ਦਾ ਕੰਮ ਕਰਦਾ ਹੈ ਤੇ ਉਸ ਨੇ ਡਰਾਫਟਮੈਨ 'ਚ ਡਿਪਲੋਮਾ ਕੀਤਾ ਹੋਇਆ ਹੈ ਅਤੇ ਸਰਕਾਰੀ ਵਿਭਾਗਾਂ ਵਿੱਚ ਠੇਕੇਦਾਰੀ ਕਰਦਾ ਹੈ । ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੂੰ ਕਿਸੇ ਦੋਸਤ ਨੇ ਹੈਰੋਇਨ ਦੀ ਧੰਧੇ 'ਚ ਹੋਣ ਵਾਲੇ ਮੋਟੇ ਲਾਭ ਦਾ ਝਾਂਸਾ ਦੇ ਕੇ ਇਸ ਧੰਧੇ 'ਚ ਧਕੇਲਿਆ ਸੀ । ਉਸ ਨੇ ਬਰਾਮਦ ਹੈਰੋਇਨ ਭਾਰਤ-ਪਾਕਿਸਤਾਨ ਬਾਰਡਰ ਦੇ ਨਜ਼ਦੀਕ ਪੈਂਦੇ ਇਕ ਪਿੰਡ 'ਚ ਕੰਮ ਕਰਨ ਵਾਲੇ ਸੈਲੂਨ ਮਾਲਕ ਤੋਂ ਲਈ ਸੀ ਜੋਂ ਲੰਬੇ ਸਮੇਂ ਤੋਂ ਹੈਰੋਇਨ ਵੇਚਣ ਦਾ ਧੰਧਾ ਕਰਦਾ ਸੀ ।ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸ ਨੇ ਬਰਾਮਦ ਹੈਰੋਇਨ ਜਲੰਧਰ ਨਾਲ ਸਬੰਧਤ ਇਕ ਵਿਅਕਤੀ ਨੂੰ ਸਪਲਾਈ ਕਰਨ ਲਈ ਸੀ ਜਿਸ ਨਾਲ ਉਸ ਨੇ ਡੀਲ ਕੀਤੀ ਹੋਈ ਸੀ ਤੇ ਉਸ ਨੇ ਬਰਾਮਦ ਹੈਰੋਇਨ ਮੋਟੀ ਰਕਮ ਲੈ ਕੇ ਵੇਚਣੀ ਸੀ । ਦੱਸਿਆ ਜਾਂਦਾ ਹੈ ਕਿ ਪੁੱਛਗਿਛ ਦੌਰਾਨ ਪੁਲਿਸ ਦੇ ਹੱਥ ਕਈ ਅਹਿਮ ਖੁਲਾਸੇ ਲੱਗੇ ਹਨ । ਜਿਸ ਦੇ ਆਧਾਰ 'ਤੇ ਆਉਣ ਵਾਲੇ ਦਿਨਾਂ 'ਚ ਕਈ ਹੋਰ ਗ੍ਰਿਫਤਾਰੀਆਂ ਹੋ ਸਕਦੀਆਂ ਹਨ । ਉਥੇ ਹੀ ਇਸ ਪੂਰੇ ਮਾਮਲੇ 'ਚ ਇਕ ਵੱਡੇ ਹੈਰੋਇਨ ਨੈਟਵਰਕ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ । ਜਿਸ ਨੂੰ ਲੈ ਕੇ ਮੁਲਜ਼ਮ ਤੋਂ ਪੁੱਛਗਿਛ ਜਾਰੀ ਹੈ । ਉਥੇ ਹੀ ਅਦਾਲਤ ਨੇ ਮੁਲਜ਼ਮ ਨੂੰ ਬੁੱਧਵਾਰ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ ।


KamalJeet Singh

Content Editor

Related News