ਇਨ੍ਹਾਂ ਬਸਤੀਆਂ ਦੀ ਸਾਲਾਂ ਪੁਰਾਣੀ ਸਮੱਸਿਆ ਨੂੰ ਹੱਲ ਕਰੇਗਾ ਸਟ੍ਰਾਮ ਸੀਵਰ ਪ੍ਰਾਜੈਕਟ

07/18/2020 4:18:42 PM

ਜਲੰਧਰ (ਖੁਰਾਣਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਮਾਰਟ ਸਿਟੀ ਮਿਸ਼ਨ ਵਿਚ ਜਲੰਧਰ ਦਾ ਨਾਂ ਸ਼ਾਮਲ ਹੋਇਆਂ ਕਈ ਸਾਲ ਹੋ ਗਏ ਹਨ ਪਰ ਹੁਣ ਜਾ ਕੇ ਸਮਾਰਟ ਸਿਟੀ ਦਾ ਪ੍ਰਾਜੈਕਟ ਜ਼ਮੀਨੀ ਪੱਧਰ 'ਤੇ ਹੋਣਾ ਸ਼ੁਰੂ ਹੋਇਆ ਹੈ। ਆਉਣ ਵਾਲੇ ਦਿਨਾਂ ਵਿਚ ਸਮਾਰਟ ਸਿਟੀ ਦਾ ਜੋ ਸਟ੍ਰਾਮ ਵਾਟਰ ਸੀਵਰ ਦਾ ਵੱਡਾ ਪ੍ਰਾਜੈਕਟ ਸ਼ਹਿਰ ਵਿਚ ਸ਼ੁਰੂ ਹੋਣ ਜਾ ਰਿਹਾ ਹੈ, ਉਹ ਜ਼ਿਆਦਾਤਰ ਵੈਸਟ ਵਿਧਾਨ ਸਭਾ ਇਲਾਕੇ ਦੀਆਂ ਕਾਲੋਨੀਆਂ ਨਾਲ ਸਬੰਧਤ ਹੈ। ਹਾਲ ਹੀ ਵਿਚ ਇਹ ਕਾਂਟ੍ਰੈਕਟ ਆਰ. ਜੇ. ਇੰਡਸਟਰੀ ਨੇ ਲਗਭਗ 20 ਕਰੋੜ ਵਿਚ ਲਿਆ ਹੈ ਅਤੇ ਇਸ ਕੰਮ ਦਾ ਵਰਕਆਰਡਰ ਵੀ ਕੰਪਨੀ ਨੂੰ ਜਾਰੀ ਕੀਤਾ ਜਾ ਚੁੱਕਾ ਹੈ, ਜਿਸ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਪ੍ਰਾਜੈਕਟ ਨਾਲ ਜੁੜੇ ਤਕਨੀਕੀ ਮਾਹਿਰਾਂ ਨੇ ਦੱਸਿਆ ਕਿ ਚਾਹੇ ਇਸ ਨੂੰ 120 ਫੁੱਟੀ ਰੋਡ ਸਟਾਰਮ ਵਾਟਰ ਪ੍ਰਾਜੈਕਟ ਦਾ ਨਾਂ ਦਿੱਤਾ ਗਿਆ ਹੈ ਪਰ ਇਸ ਪ੍ਰਾਜੈਕਟ ਦੇ ਤਹਿਤ ਬਸਤੀ ਦਾਨਿਸ਼ਮੰਦਾਂ, ਬਸਤੀ ਸ਼ੇਖ, ਬਸਤੀ ਨੌਂ ਦਾ ਇਕ ਵੱਡਾ ਏਰੀਆ ਕਵਰ ਕੀਤਾ ਜਾ ਰਿਹਾ ਹੈ, ਜਿਥੇ ਪਾਈਪਾਂ ਰਾਹੀਂ ਬਰਸਾਤੀ ਪਾਣੀ ਨੂੰ ਇਕ ਸਟੋਰੇਜ ਟੈਂਕ ਵਿਚ ਇਕੱਠਾ ਕੀਤਾ ਜਾਵੇਗਾ ਅਤੇ ਉਥੇ ਪੰਪਿੰਗ ਸਟੇਸ਼ਨ ਰਾਹੀਂ ਇਹ ਬਰਸਾਤੀ ਪਾਣੀ ਕਾਲਾ ਸੰਘਿਆਂ ਡ੍ਰੇਨ ਤੱਕ ਲਿਜਾਇਆ ਜਾਵੇਗਾ।

10 ਲੱਖ ਲੀਟਰ ਦੀ ਸਮਰੱਥਾ ਵਾਲਾ ਹੋਵੇਗਾ ਵਾਟਰ ਟੈਂਕ, 4 ਪੰਪ ਵੀ ਲੱਗਣਗੇ
ਇਸ ਪ੍ਰਾਜੈਕਟ ਨਾਲ ਜੁੜੇ ਤਕਨੀਕੀ ਮਾਹਿਰਾਂ ਮੁਤਾਬਕ ਇਸ ਪ੍ਰਾਜੈਕਟ ਦੀ ਮੁੱਖ ਵਿਸ਼ੇਸ਼ਤਾ ਸਥਾਨਕ 120 ਫੁੱਟੀ ਰੋਡ 'ਤੇ ਭਗਵਾਨ ਵਾਲਮੀਕਿ ਭਵਨ ਨੇੜੇ ਬਣਾਇਆ ਜਾਣ ਵਾਲਾ 10 ਲੱਖ ਲੀਟਰ ਦੀ ਸਮਰੱਥਾ ਵਾਲਾ ਵਿਸ਼ਾਲ ਟੈਂਕ ਹੈ ਜੋ ਆਰ. ਸੀ. ਸੀ. ਵਲੋਂ ਤਿਆਰ ਕੀਤਾ ਜਾਵੇਗਾ। ਜਿੱਥੇ 110 ਕਿਲੋਵਾਟ ਸਮਰੱਥਾ ਵਾਲੇ 4 ਪੰਪ ਲਾਏ ਜਾਣਗੇ, ਜਿਨ੍ਹਾਂ ਵਿਚੋਂ 3 ਪੰਪ ਇਕੋ ਵੇਲੇ ਕੰਮ ਕਰਨਗੇ,ਜਦਕਿ ਚੌਥੇ ਪੰਪ ਨੂੰ ਸਟੈਂਡ ਬਾਏ ਰੱਖਿਆ ਗਿਆ ਹੈ। ਪ੍ਰਾਜੈਕਟ ਦੇ ਤਹਿਤ ਵਰਤੀਆਂ ਜਾਣ ਵਾਲੀਆਂ ਪਾਈਪਾਂ ਦਾ ਸਾਈਜ ਵੀ ਕਾਫੀ ਵੱਡਾ ਭਾਵ 500 ਐੱਮ. ਐੱਮ. ਤੋਂ 1800 ਐੱਮ.ਐੱਮ. ਤੱਕ ਰੱਖਿਆ ਗਿਆ ਹੈ ਤਾਂ ਕਿ ਬਰਸਾਤੀ ਪਾਣੀ ਦੀ ਨਿਕਾਸੀ ਵਿਚ ਕੋਈ ਸਮੱਸਿਆ ਨਾ ਆ ਸਕੇ। ਜ਼ਿਕਰਯੋਗ ਹੈ ਕਿ ਸ਼ਹਿਰ ਦਾ ਬਸਤੀਆਤ ਇਲਾਕਾ ਪਿਛਲੇ ਕਈ ਦਹਾਕਿਆਂ ਤੋਂ ਬਰਸਾਤੀ ਪਾਣੀ ਦੀ ਸਮੱਸਿਆ ਨੂੰ ਝੱਲ ਰਿਹਾ ਹੈ ਅਤੇ ਨੈਚੁਰਲ ਸਲੈਬ ਕਾਰਣ ਕਾਫੀ ਪਾਣੀ 120 ਫੁੱਟੀ ਰੋਡ 'ਤੇ ਜਮ੍ਹਾ ਹੋ ਜਾਂਦਾ ਹੈ। ਨੇੜਲੀਆਂ ਕਈ ਕਾਲੋਨੀਆਂ ਵੀ ਬਰਸਾਤੀ ਪਾਣੀ ਵਿਚ ਡੁੱਬ ਜਾਂਦੀਆਂ ਹਨ ਪਰ ਹੁਣ ਇਸ ਪ੍ਰਾਜੈਕਟ ਆਉਣ ਤੋਂ ਬਾਅਦ ਸਾਰਾ ਬਰਸਾਤੀ ਪਾਣੀ ਪੰਪਿੰਗ ਸਟੇਸ਼ਨ ਰਾਹੀਂ ਕਾਲਾ ਸੰਘਿਆਂ ਡ੍ਰੇਨ ਵਿਚ ਸੁੱਟਿਆ ਜਾਵੇਗਾ। ਇਸ ਡ੍ਰੇਨ ਵਿਚ ਜਦੋਂ ਪਾਣੀ ਜਾਵੇਗਾ ਤਾਂ ਇਸ ਦੀ ਪਾਈਪ ਲਾਈਨ ਦਾ ਰੇਡੀਅਸ ਇਕ ਮੀਟਰ ਦੇ ਲਗਭਗ ਹੋਵੇਗਾ।

ਪਾਣੀ ਨੂੰ ਲਗਭਗ 3 ਕਿਲੋਮੀਟਰ ਡ੍ਰੇਨ ਤੱਕ ਲਿਜਾਇਆ ਜਾਵੇਗਾ
ਕੰਪਨੀ ਵੱਲੋਂ ਬਣਾਈ ਗਈ ਡਰਾਇੰਗ ਮੁਤਾਬਕ ਮੇਨ ਪੰਪਿੰਗ ਸਟੇਸ਼ਨ ਬਾਬੂ ਜਗਜੀਵਨ ਰਾਮ ਚੌਕ ਨੇੜੇ ਬਣੇਗਾ ਅਤੇ ਇਥੋਂ ਵੱਡੀਆਂ ਪਾਈਪਾਂ ਰਾਹੀਂ ਇਸ ਨੂੰ ਨਰੂਲਾ ਪੈਲੇਸ ਵਾਲੇ ਪਾਸੇ ਲਿਜਾਇਆ ਜਾਵੇਗਾ। ਐੱਮ. ਐੱਸ. ਫਾਰਮ ਨੂੰ ਜਾਂਦੀ ਰੋਡ 'ਤੇ ਮੋੜ ਦਿੱਤਾ ਜਾਵੇਗਾ। ਰਸਤੇ 'ਚ ਪੈਂਦੀ ਬਿਸਤ ਦੋਆਬ ਨਹਿਰ ਨੂੰ ਪਾਈਪਾਂ ਨਾਲ ਕਰਾਸ ਕਰਨ ਤੋਂ ਬਾਅਦ ਇਹ ਸਾਰਾ ਬਰਸਾਤੀ ਪਾਣੀ ਲੈਦਰ ਕੰਪਲੈਕਸ ਰੋਡ ਤੋਂ ਹੁੰਦਾ ਹੋਇਆ ਸਿੱਧਾ ਕਾਲਾ ਸੰਘਿਆਂ ਡ੍ਰੇਨ ਵਿਚ ਡਿੱਗੇਗਾ।

ਸੀਵਰੇਜ ਦੇ ਪਾਣੀ ਦੀ ਮਿਕਸਿੰਗ ਨਹੀਂ ਹੋਵੇਗੀ
20 ਕਰੋੜ ਦੇ ਇਸ ਸਟ੍ਰਾਮ ਵਾਟਰ ਸੀਵਰੇਜ ਪ੍ਰਾਜੈਕਟ ਨੂੰ ਵੈਸਟ ਖੇਤਰ ਦੇ ਵਿਧਾਇਕ ਸੁਸ਼ੀਲ ਰਿੰਕੂ ਨੇ ਤਿਆਰ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਕੰਪਨੀ ਅਧਿਕਾਰੀਆਂ ਨਾਲ ਉਨ੍ਹਾਂ ਦੀ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਸਬੰਧੀ ਪੂਰੀ ਗੱਲ ਹੋ ਚੁੱਕੀ ਹੈ ਅਤੇ ਜਲਦ ਹੀ ਇਸ ਪ੍ਰਾਜੈਕਟ ਤਹਿਤ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਤਹਿਤ ਸਿਰਫ ਬਰਸਾਤੀ ਅਤੇ ਸਾਫ ਪਾਣੀ ਨੂੰ ਹੀ ਵਾਟਰ ਟੈਂਕ ਤੱਕ ਲਿਜਾ ਕੇ ਉਸ ਨੂੰ ਪੰਪਿੰਗ ਸਟੇਸ਼ਨ ਰਾਹੀਂ ਕਾਲਾ ਸੰਘਿਆਂ ਡ੍ਰੇਨ ਵਿਚ ਸੁੱਟਿਆ ਜਾਵੇਗਾ। ਇਸ ਸਾਰੇ ਪ੍ਰਾਜੈਕਟ ਵਿਚ ਸੀਵਰੇਜ ਦੇ ਪਾਣੀ ਦੀ ਮਿਕਸਿੰਗ ਨਹੀਂ ਹੋਵੇਗੀ। ਇਸ ਲਈ ਵੱਖਰੇ ਤੌਰ 'ਤੇ ਰੋਡ, ਗਲੀਆਂ ਅਤੇ ਚੈਂਬਰ ਬਣਾਏ ਜਾਣਗੇ,ਜਿਨ੍ਹਾਂ ਦਾ ਸੀਵਰ ਲਾਈਨ ਨਾਲ ਕੋਈ ਕੁਨੈਕਸਨ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬਸਤੀਆਤ ਇਲਾਕਾ ਅਤੇ 120 ਫੁੱਟੀ ਰੋਡਇਲਾਕੇ ਤੋਂ ਇਲਾਵਾ ਦਰਜਨਾਂ ਹੋਰ ਕਾਲੋਨੀਆਂ ਨੂੰ ਇਸ ਪ੍ਰਾਜੈਕਟ ਦਾ ਜ਼ਿਆਦਾ ਲਾਭ ਪਹੁੰਚੇਗਾ।

shivani attri

This news is Content Editor shivani attri