ਨੰਦਨਪੁਰ ਵਿਖੇ ਅੱਗ ਕਾਰਨ ਖ਼ਾਕ ਹੋਈਆਂ 10 ਝੁੱਗੀਆਂ

04/23/2019 5:53:15 PM

ਜਲੰਧਰ (ਮਾਹੀ)— ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਨੰਦਨਪੁਰ ਵਿਖੇ ਅੱਗ ਲੱਗ ਜਾਣ ਦੇ ਕਾਰਨ ਤਕਰੀਬਨ 10 ਝੁੱਗੀਆਂ ਸੜ ਕੇ ਸਵਾਹ ਹੋ ਗਈਆਂ। ਘਟਨਾ ਦੀ ਜਾਣਕਾਰੀ ਆਸ-ਪਾਸ ਦੇ ਲੋਕਾਂ ਨੇ ਫਾਇਰ ਬ੍ਰਿਗੇਡ ਅਤੇ ਥਾਣਾ ਮਕਸੂਦਾਂ ਦੀ ਪੁਲਸ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਥਾਣਾ ਮਕਸੂਦਾਂ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਬੜੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਏ. ਐੱਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਸ਼ਾਮ 4.30 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਨੰਦਨਪੁਰ ਵਿਖੇ ਝੁੱਗੀਆਂ ਨੂੰ ਅੱਗ ਲੱਗੀ ਹੈ, ਉਸ ਨੂੰ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਆ ਕੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਘਟਨਾ ਦੌਰਾਨ ਸਾਰੇ ਝੁੱਗੀਆਂ ਵਿਚ ਰਹਿਣ ਵਾਲੇ ਲੋਕ ਲਾਗਲੇ ਪਿੰਡ ਦੇ ਖੇਤਾਂ 'ਚ ਦਿਹਾੜੀ ਕਰ ਰਹੇ ਸਨ ਤੇ ਉਨ੍ਹਾਂ ਦੇ ਬੱਚੇ ਸਕੂਲ ਤੋਂ ਵਾਪਸ ਆ ਕੇ ਕੋਲ ਖੇਡ ਰਹੇ ਸਨ, ਜੋ ਅੱਗ ਲੱਗੀ ਦੇਖ ਕੇ ਡਰ ਦੇ ਮਾਰੇ ਦੂਰ ਭੱਜ ਗਏ। ਇਸ ਦੌਰਾਨ 10 ਝੁੱਗੀਆਂ 'ਚ ਪਿਆ ਸਾਮਾਨ ਅਤੇ ਝੁੱਗੀਆਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ, ਜਿਸ ਨਾਲ ਇਨ੍ਹਾਂ ਗਰੀਬ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ। ਰਾਹਤ ਭਰੀ ਗੱਲ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਜਿਨ੍ਹਾਂ ਲੋਕਾਂ ਦੀਆਂ ਝੁੱਗੀਆਂ ਸੜ ਕੇ ਸਵਾਹ ਹੋ ਗਈਆਂ, ਉਨ੍ਹਾਂ ਦੀ ਪਛਾਣ ਲਾਲੂ ਮਹਾਤੋ ਪੁੱਤਰ ਨਿਰਧਨ ਮਹਾਤੋ, ਸੰਜੇ ਕੁਮਾਰ ਪੁੱਤਰ ਐਪਲੂ ਮਹਾਤੋ, ਸੁਭਾਸ਼ ਕੁਮਾਰ ਪੁੱਤਰ ਲੋਧੂਮਾਡੂ, ਦਿਲਖੁਸ਼ ਕੁਮਾਰ ਪੁੱਤਰ ਚੇਦੇਸਰੀ, ਪਵਨ ਮਹਾਤੋ ਪੁੱਤਰ ਕਿਸ਼ਨਦੇਵ ਮਹਾਤੋ, ਵਿਕਾਸ ਮਹਾਤੋ, ਸੀਤੂ ਮਹਾਤੋ ਪੁੱਤਰ ਕ੍ਰਿਸ਼ਨ ਕੁਮਾਰ ਸਾਰੇ ਹਾਲ ਵਾਸੀ ਪਿੰਡ ਨੰਦਨਪੁਰ ਵਜੋਂ ਹੋਈ ਅਤੇ ਕਈ ਲੋਕਾਂ ਦੀ ਅਜੇ ਪਛਾਣ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲੱਗ ਨਹੀਂ ਸਕਿਆ। ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ 'ਤੇ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri