ਆਲ ਇੰਡੀਆ ਮਜ਼ਦੂਰ ਦਲ ਦੀ ਅਗਵਾਈ ’ਚ ਸਰਕਾਰ ਤੇ ਵਣ ਵਿਭਾਗ ਖਿਲਾਫ ਕੀਤੀ ਨਾਅਰੇਬਾਜ਼ੀ

11/15/2018 1:51:20 AM

ਰੂਪਨਗਰ,  (ਵਿਜੇ)-  ਆਲ ਇੰਡੀਆ ਮਜ਼ਦੂਰ ਦਲ ਦੇ ਕੌਮੀ ਪ੍ਰਧਾਨ ਤੇ ਮੁਲਾਜ਼ਮ ਫਰੰਟ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਢੀਂਗੀ ਤੇ ਮੇਵਾ ਸਿੰਘ ਭੰਗਾਲਾ ਉਪ ਪ੍ਰਧਾਨ ਪੰਜਾਬ ਦੀ ਅਗਵਾਈ ’ਚ ਮੰਗਾਂ ਨੂੰ ਲੈ ਕੇ ਵਣ ਮੰਡਲ ਅਫਸਰ ਦੇ ਦਫਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸਮੂਹ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਅਤੇ ਵਣ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜਿਹਡ਼ੇ ਵਰਕਰ ਡਵੀਜ਼ਨ ਰੂਪਨਗਰ ਦੀਆਂ ਵੱਖ-ਵੱਖ ਰੇਜਾਂ ’ਚ ਕੰਮ ਕਰਦੇ ਹਨ ਉਨ੍ਹਾਂ  ਨੂੰ ਹਾਲੇ ਤੱਕ ਪਿਛਲੀਆਂ ਰਹਿੰਦੀਆਂ ਤਨਖਾਹਾਂ ਦੀ ਅਦਾਇਗੀ ਨਹੀ ਕੀਤੀ ਗਈ ਅਤੇ ਨਾ ਹੀ ਸਕਿਲਡ ਰੇਟ ਮੁਤਾਬਕ ਸੀਨੀਅਰਤਾ ਸੂਚੀ ਬਣਾਈ ਗਈ। ਉਨ੍ਹਾਂ ਕਿਹਾ ਕਿ ਕਿਰਤ ਕਾਨੂੰਨ ਲਾਗੂ ਨਹੀ ਕੀਤੇ ਜਾ ਰਹੇ। 
ਇਨ੍ਹਾਂ  ਚਿਤਾਵਨੀ ਦਿੰਦੇ ਕਿਹਾ ਕਿ ਲੇਬਰ ਕੋਰਟ ਰਾਹੀਂ ਰੱਖੇ ਵਰਕਰਾਂ ਦੀ ਛਾਂਟੀ ਬੰਦ ਨਾ ਕੀਤੀ ਗਈ ਤਾਂ ਜਥੇਬੰਦੀ 14 ਨਵੰਬਰ ਤੋਂ ਲਗਾਤਾਰ ਡੀ.ਐੱਫ.ਓ. ਰੂਪਨਗਰ ਦੇ ਦਫਤਰ ਦਾ ਘਿਰਾਓ ਕਰੇਗੀ ਜਦੋਂ ਕਿ ਮੰਗਾਂ ਦਾ ਹੱਲ ਨਾ ਹੋਣ ਤੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸ਼ੇਰ ਸਿੰਘ ਸਰਸਾ ਨੰਗਲ ਸਕੱਤਰ ਪੰਜਾਬ, ਪ੍ਰੇਮ ਕੁਮਾਰ ਮਹਿੰਦਲੀ ਸ੍ਰੀ ਅਨੰਦਪੁਰ ਸਾਹਿਬ, ਹਰਮੇਸ਼ ਕੁਮਾਰ ਪ੍ਰਧਾਨ ਨੂਰਪੁਰਬੇਦੀ, ਰਾਮ ਸਿੰਘ, ਕਰਮਜੀਤ ਸਿੰਘ ਪ੍ਰਧਾਨ ਸ੍ਰੀ ਚਮਕੌਰ ਸਾਹਿਬ, ਅਜਮੇਰ ਸਿੰਘ, ਰਾਮ ਚੰਦ, ਸੇਵਾ ਸਿੰਘ, ਸ਼ਾਮ ਸਿੰਘ ਮੁੱਖ ਰੂਪ ’ਚ  ਹਾਜ਼ਰ ਸਨ। 
 ਇਸ  ਦੌਰਾਨ  ਜਥੇਬੰਦੀ ਦੀ ਵਣ ਮੰਡਲ ਅਧਿਕਾਰੀ ਨਾਲ ਗੱਲਬਾਤ ਨਾ ਕਰਵਾਏ ਜਾਣ ਦੇ ਕਾਰਨ ਪ੍ਰਦਰਸ਼ਨਕਾਰੀਆਂ ਨੇ ਬਾਲਮੀਕਿ ਆਸ਼ਰਮ ਦੇ ਨੇਡ਼ੇ ਸਰਹੰਦ ਨਹਿਰ ਮਾਰਗ ’ਤੇ ਜਾਮ ਲਗਾ ਦਿੱਤਾ। ਸਥਿਤੀ ’ਤੇ ਕਾਬੂ ਪਾਉਣ ਲਈ ਸਿਟੀ ਪੁਲਸ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾਇਆ ਗਿਆ। ਜਿਸ ’ਤੇ ਸਦਰ ਪੁਲਸ ਦੇ ਪ੍ਰਭਾਰੀ ਰਾਜਪਾਲ ਵਲੋਂ ਵਣ ਮੰਡਲ ਅਫਸਰ ਨਾਲ ਜਥੇਬੰਦੀ ਦੀ ਮੀਟਿੰਗ ਸਬੰਧੀ ਦਿੱਤੇ ਭਰੋਸੇ ਤੋਂ ਬਾਅਦ ਜਾਮ ਚੁੱਕਿਆ ਗਿਆ।