ਧੰਨੋਵਾਲੀ ਫਾਟਕ ਅਤੇ ਰੇਲਵੇ ਟਰੈਕ ਦੇ ਵਿਚਕਾਰ ਬੈਠ ਕੇ ਔਰਤਾਂ ਨੇ ਭੰਡੀ ਦਿੱਲੀ ਸਰਕਾਰ

08/14/2019 1:18:06 AM

ਜਲੰਧਰ (ਮਹੇਸ਼)-ਦਲਿਤ ਸਮਾਜ ਵਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਦੌਰਾਨ ਧੰਨੋਵਾਲੀ ਰੇਲਵੇ ਫਾਟਕ 'ਤੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਅਤੇ ਔਰਤਾਂ ਨੇ ਟਰੈਕ ਵਿਚਕਾਰ ਬੈਠ ਕੇ ਕੇਂਦਰ ਦੀ ਮੋਦੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਕਿਹਾ ਕਿ ਦਲਿਤ ਸਮਾਜ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜੇ ਜਾਣ ਦੀ ਘਿਨੌਣੀ ਹਰਕਤ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰੇਗਾ ਅਤੇ ਇਨਸਾਫ ਮਿਲਣ ਤਕ ਆਪਣਾ ਸੰਘਰਸ਼ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਸ ਸੰਘਰਸ਼ ਨੂੰ ਹੋਰ ਤੇ ਤੇਜ਼ ਕੀਤਾ ਜਾਵੇਗਾ।

ਟਰੈਕ ਬੰਦ ਕੀਤੇ ਜਾਣ ਕਾਰਨ ਕੈਂਟ ਸਟੇਸ਼ਨ 'ਤੇ ਸਵੇਰੇ 10 ਵਜੇ ਪਹੁੰਚੀ ਅੰਮ੍ਰਿਤਸਰ ਐਕਸਪ੍ਰੈੱਸ (11057, 11058) ਟਰੇਨ ਸ਼ਾਮ 4.15 ਵਜੇ ਤਕ ਖੜ੍ਹੀ ਰਹੀ। ਇਸ ਨਾਲ ਕੈਂਟ ਸਟੇਸ਼ਨ 'ਤੇ ਆਉਣ ਵਾਲੀਆਂ ਹੋਰ ਟਰੇਨਾਂ ਵੀ ਪ੍ਰਭਾਵਿਤ ਹੋਈਆਂ। ਪ੍ਰਦਰਸ਼ਨ ਕਰ ਰਹੇ ਦਲਿਤ ਸਮਾਜ ਨੂੰ ਮੌਕੇ 'ਤੇ ਪਹੁੰਚੇ ਸੈਂਟਰਲ ਹਲਕੇ ਦੇ ਏ. ਸੀ. ਪੀ. ਹਰਸਿਮਰਤ ਸਿੰਘ ਛੇਤਰਾ ਅਤੇ ਜਲੰਧਰ ਕੈਂਟ ਦੇ ਏ. ਸੀ. ਪੀ. ਰਵਿੰਦਰ ਸਿੰਘ ਨੇ ਸ਼ਾਂਤ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਵੀ ਔਰਤਾਂ 4 ਵਜੇ ਤਕ ਟਰੈਕ 'ਤੇ ਬੈਠੀਆਂ ਰਹੀਆਂ। ਇਸ ਦੌਰਾਨ ਆਰ. ਪੀ. ਐੱਫ. ਜਲੰਧਰ ਕੈਂਟ ਦੇ ਮੁਖੀ ਇੰਸ. ਵਿਸ਼ਰਾਮ ਮੀਨਾ ਦੀ ਅਗਵਾਈ 'ਚ ਰੇਲਵੇ ਪੁਲਸ ਵਲੋਂ ਪੂਰੀ ਚੌਕਸੀ ਰੱਖੀ ਗਈ ਸੀ।

Karan Kumar

This news is Content Editor Karan Kumar