ਅਾਜ਼ਾਦੀ ਵਾਲੇ ਦਿਨ ਸ਼ਹੀਦਾਂ ਦੀਆਂ ਨਿਸ਼ਾਨੀਆਂ ਕੈਦ ’ਚ !

08/17/2018 1:52:02 AM

ਬੰਗਾ (ਭਟੋਆ)-15 ਅਗਸਤ 1947 ਨੂੰ  ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਡਾ ਦੇਸ਼ ਅਾਜ਼ਾਦ ਹੋਇਆ। ਪਰ ਇਸ ਦਿਨ  ਸਰਕਾਰੀ ਛੁੱਟੀ ਕਾਰਨ ਖਟਕਡ਼ ਕਲਾਂ ਦਾ ਮਿਊਜ਼ੀਅਮ ਬੰਦ ਹੋਣ ਕਾਰਨ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਲੋਕਾਂ ਨੇ ਸਰਕਾਰ ਨੂੰ ਸਵਾਲ ਕਰਦਿਅਾਂ ਮੰਗ ਕੀਤੀ ਕਿ ਅਾਜ਼ਾਦੀ ਵਾਲੇ ਦਿਨ ਮਹਾਨ ਸ਼ਹੀਦਾਂ ਦੀਅਾਂ ਦੁਰਲੱਭ ਨਿਸ਼ਾਨੀਅਾਂ ਕੈਦ ’ਚ ਕਿਉਂ? ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਾਜ਼ਾਦੀ ਵਾਲੇ ਦਿਨ ਖਟਕਡ਼ ਕਲਾਂ ਮਿਊਜ਼ੀਅਮ ਨੂੰ ਖੁੱਲ੍ਹਾ ਰੱਖਣ ਦਾ ਪ੍ਰਬੰਧ ਕਰਾਏ। ਵਰਨਣਯੋਗ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕਡ਼ ਕਲਾਂ, ਜਿੱਥੇ ਸ਼ਹੀਦ ਭਗਤ ਸਿੰਘ ਸਮੇਤ ਦੇਸ਼ ਦੇ ਮਹਾਨ ਸ਼ਹੀਦਾਂ ਦੀ ਯਾਦ ’ਚ ਇਕ ਵਿਸ਼ਾਲ ਮਿਊਜ਼ੀਅਮ ਬਣਾਇਆ ਗਿਆ ਹੈ। ਉਸ ਵਿਚ ਇਨ੍ਹਾਂ ਸ਼ਹੀਦਾਂ ਦੀਆਂ ਅਸਲੀ ਅਤੇ ਅਮੁੱਲ ਯਾਦਗਾਰੀ ਨਿਸ਼ਾਨੀਆਂ ਰੱਖੀਅਾਂ ਗਈਅਾਂ ਹਨ। ਜਿਨ੍ਹਾਂ ਨੂੰ ਦੇਖਣ ਲਈ ਦੇਸ਼-ਵਿਦੇਸ਼ ਤੋਂ ਲੋਕ, ਉਝ ਤਾਂ ਆਮ ਦਿਨਾਂ ’ਚ ਵੀ ਪੂਰਾ ਸਾਲ ਪਹੁੰਚਦੇ ਹਨ। ਪਰ 26 ਜਨਵਰੀ, 23 ਮਾਰਚ, 15 ਅਗਸਤ ਅਤੇ 28 ਸਤੰਬਰ  ਨੂੰ  ਲੋਕ ਭਾਰੀ  ਗਿਣਤੀ ’ਚ ਸ਼ਹੀਦਾਂ ਨੂੰ ਨਮਨ ਕਰਨ ਅਤੇ ਆਪਣੇ ਬੱਚਿਆਂ ਨੂੰ ਸ਼ਹੀਦਾਂ ਦੀਆਂ ਨਿਸ਼ਾਨੀਆਂ ਦਿਖਾਉਣ ਲਈ ਆਉਂਦੇ ਹਨ। ਪਰ 15 ਅਗਸਤ ਅਾਜ਼ਾਦੀ ਵਾਲੇ ਦਿਨ ਖਟਕਡ਼ ਕਲਾਂ ਦਾ ਮਿਊਜ਼ੀਅਮ ਬੰਦ ਦੇਖ ਕੇ ਲੋਕਾਂ ਚ ਭਾਰੀ ਨਿਰਾਸ਼ਾ ਦੇਖਣ ਨੂੰ ਮਿਲੀ। ਜਗਰਾਓਂ ਤੋਂ ਆਏ ਜਸ਼ਨਦੀਪ ਸਿੰਘ, ਤਰਨਤਾਰਨ ਤੋਂ ਸੁਖਵਿੰਦਰ ਸਿੰਘ, ਮਾਛੀਵਾਡ਼ੇ ਤੋਂ ਆਪਣੇ ਪਰਿਵਾਰ ਸਮੇਤ ਆਏ ਦਲਜੀਤ ਸਿੰਘ ਨੇ ਕਿਹਾ ਕਿ ਸ਼ਹੀਦਾਂ ਦੀਆਂ ਨਿਸ਼ਾਨੀਆਂ ਨੂੰ ਖਾਸਕਰ ਅਾਜ਼ਾਦੀ ਵਾਲੇ ਦਿਨ ਆਮ ਲੋਕਾਂ ਦੀਅਾਂ ਨਜ਼ਰਾਂ ਤੋਂ ਦੂਰ ਰੱਖਣਾ ਕੈਦ ’ਚ ਰੱਖਣ ਦੇ ਬਰਾਬਰ ਹੈ।