ਜੈਕਾਰਿਆਂ ਦੀ ਗੂੰਜ ''ਚ ਕੱਢਿਆ ਗਿਆ ਨਗਰ ਕੀਰਤਨ

02/08/2020 2:53:13 PM

ਟਾਂਡਾ ਉੜਮੁੜ (ਮੋਮੀ, ਪੰਡਿਤ ਸ਼ਰਮਾ)— ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਦਿਹਾੜਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸੇ ਸਬੰਧ 'ਚ ਅੱਜ ਸ਼ਹਿਰਾਂ 'ਚ ਨਗਰ ਕੀਰਤਨ ਸਜਾਏ ਗਏ ਹਨ। ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਜਾਜਾ ਵਿਖੇ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਸਜਾਇਆ ਗਿਆ।

PunjabKesari

ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਦੀ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵੱਲੋਂ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਨਗਰ ਕੀਰਤਨ ਦੌਰਾਨ ਸਭ ਤੋਂ ਪਹਿਲਾਂ ਗੁਰੂ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਇਸ ਨਗਰ ਕੀਰਤਨ ਦੌਰਾਨ ਗੁਰੂ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਮਹਾਨ ਨਗਰ ਕੀਰਤਨ ਦਾ ਪਿੰਡ ਦੇ ਵੱਖ-ਵੱਖ ਚੌਕਾਂ 'ਚ ਪਹੁੰਚਣ 'ਤੇ ਸੇਵਾਦਾਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੰਗਤ ਦੀ ਸੇਵਾ ਲਈ ਲੰਗਰ ਲਗਾਏ ਗਏ।

PunjabKesari

ਮਹਾਨ ਨਗਰ ਕੀਰਤਨ ਸਮੁੱਚੇ ਪਿੰਡ ਦੀ ਪ੍ਰਕਰਮਾ ਕਰਨ ਉਪਰੰਤ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਇਆ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ 09 ਫਰਵਰੀ ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਏ ਜਾਣਗੇ। ਜਿਸ 'ਚ ਪ੍ਰਸਿੱਧ ਰਾਗੀ ਜਥੇ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇਸੇ ਤਰ੍ਹਾਂ ਹੀ ਪਿੰਡ ਸਹਿਬਾਜਪੁਰ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ਼ਰਧਾ ਸਤਿਕਾਰ ਅਤੇ ਉਤਸ਼ਾਹ ਨਾਲ ਸਜਾਇਆ ਗਿਆ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ 'ਚ ਆਰੰਭ ਹੋਏ ਇਸ ਨਗਰ ਕੀਰਤਨ ਦੌਰਾਨ ਰਾਗੀ ਸਿੰਘਾਂ ਅਤੇ ਗੁਰੂ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਮਹਾਨ ਨਗਰ ਕੀਰਤਨ ਪਿੰਡ ਦੇ ਵੱਖ ਵੱਖ ਪੜਾਵਾਂ ਤੋਂ ਹੁੰਦੇ ਹੋਏ ਵਾਪਸ ਗੁਰਦੁਆਰਾ ਸਾਹਿਬ ਵਿਖੇ ਆ ਕੇ ਸੰਪੰਨ ਹੋਇਆ। ਇਸ ਮੌਕੇ ਸਰਪੰਚ ਹਰਦੀਪ ਸਾਬੀ, ਮਨਿੰਦਰਜੀਤ ਸਿੰਘ ਮਨੀ, ਹਰਮੀਤ ਸਿੰਘ ਔਲਖ, ਨੰਬਰਦਾਰ ਕੁਲਬੀਰ ਸਿੰਘ ਆਦਿ ਸਮੇਤ ਹੋਰ ਸੰਗਤਾਂ ਵੀ ਹਾਜ਼ਰ ਸਨ।


shivani attri

Content Editor

Related News